ਮਾਨਸਾ (ਜੱਸਲ) : ਅਕਾਲੀ-ਭਾਜਪਾ ਗੱਠਜੋੜ 'ਚ ਆਈਆਂ ਤਰੇੜਾਂ ਨੂੰ ਲੈ ਕੇ ਅਕਾਲੀ ਦਲ ਬਾਦਲ ਦਾ ਪੰਜਾਬ ਅੰਦਰ ਵੀ ਭਵਿੱਖ ਧੁੰਦਲਾ ਦਿਖਾਈ ਦੇਣ ਲੱਗਾ ਹੈ। ਇਸ ਗੱਠਜੋੜ ਦੇ ਟੁੱਟਣ ਦੀਆਂ ਪਹਿਲਾਂ ਤੋਂ ਹੀ ਅੰਦਰਖਾਤੇ ਕੰਨਸੋਆਂ ਮਿਲ ਰਹੀਆਂ ਸਨ ਪਰ ਦਿੱਲੀ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਬਾਦਲ ਦੀ ਭਾਈਵਾਲ ਭਾਜਪਾ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਉਨ੍ਹਾਂ ਦੀ ਅਕਾਲੀ ਦਲ ਬਾਦਲ ਨਾਲ ਦਾਲ ਨਹੀਂ ਗਲ਼ੇਗੀ। ਭਾਜਪਾ ਦੀ ਸੀਨੀਅਰ ਲੀਡਰਸ਼ਿਪ ਵੀ ਦੇਸ਼ ਦੇ ਹੋਰਨਾਂ ਰਾਜਾਂ ਵਾਂਗ ਪੰਜਾਬ 'ਚ ਆਪਣਾ ਸਿੱਕਾ ਚਲਾਉਣ ਲਈ ਤਿਆਰ ਹੈ।
ਹੁਣ ਅਕਾਲੀ ਦਲ ਬਾਦਲ ਲਈ ਇਹ ਵੱਡੀ ਚੁਣੌਤੀ ਖੜ੍ਹੀ ਹੋ ਗਈ ਹੈ ਕਿ ਉਹ ਆਪਣੀ ਸਾਖ ਨੂੰ ਮਜ਼ਬੂਤ ਕਰਨ ਲਈ ਕੇਂਦਰ 'ਚ ਭਾਈਵਾਲੀ ਕਾਇਮ ਰੱਖਣ ਲਈ ਕਿਸ ਵੱਡੀ ਪਾਰਟੀ ਨਾਲ ਹੱਥ ਮਿਲਾਏਗਾ? ਇਸ ਵੇਲੇ ਅਕਾਲੀ ਦਲ ਬਾਦਲ ਆਪਣੀ ਹੀ ਪਾਰਟੀ ਦੇ ਵੱਡੇ ਟਕਸਾਲੀ ਆਗੂਆਂ ਦੇ ਪਾਰਟੀ ਤੋਂ ਜੁਦਾ ਹੋਣ ਦਾ ਦਰਦ ਹੰਢਾ ਰਿਹਾ ਹੈ। ਇਸ ਸਥਿਤੀ 'ਚ ਅਕਾਲੀ ਦਲ ਬਾਦਲ ਦੀ ਸੀਨੀਅਰ ਲੀਡਰਸ਼ਿਪ ਖਾਮੋਸ਼ ਦਿਖਾਈ ਦੇ ਰਹੀ ਹੈ। ਕੋਈ ਵੇਲਾ ਸੀ ਕਿ ਪਾਰਟੀ ਦੀ ਮਜ਼ਬੂਤੀ ਲਈ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਆਪਣੀ ਸਿਆਸੀ ਕਲਾ ਨਾਲ ਰੁੱਸੇ ਅਕਾਲੀ ਆਗੂਆਂ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਮਿਲਦੇ ਸਨ ਪਰ ਇਹ ਕੰਮ ਪਹਿਲਾਂ ਹੀ ਪਾਰਟੀ ਨੂੰ ਛੱਡ ਗਏ ਟਕਸਾਲੀ ਆਗੂਆਂ ਨੇ ਸ਼ੁਰੂ ਕਰ ਦਿੱਤਾ ਹੈ। ਹੁਣ ਪਾਰਟੀ ਦੇ ਸੀਨੀਅਰ ਆਗੂ ਅਤੇ ਵਰਕਰ ਇਹ ਦੇਖ ਰਹੇ ਹਨ ਕਿ ਆਖਿਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਇਸ ਦਾ ਬਦਲ ਕੀ ਲੱਭਣਗੇ?
ਹਜ਼ਮ ਨਹੀਂ ਹੋ ਰਹੀ ਬਾਦਲ ਦਲ ਵਲੋਂ ਭਾਜਪਾ ਨਾਲ ਸਾਂਝ ਤੋੜਨ ਦੀ ਦਲੀਲ : ਦਲ ਖਾਲਸਾ
NEXT STORY