ਮਾਨਸਾ, (ਜੱਸਲ)- ਜ਼ਿਲਾ ਮਾਨਸਾ ਦੀ ਸਬ-ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਝੰਡਾ ਕਲਾਂ ’ਚ ਪਤੀ-ਪਤਨੀ ਕੋਰੋਨਾ ਪਾਜ਼ੀਟਿਵ ਆਉਣ ਕਰ ਕੇ ਕੋਰੋਨਾ ਮੁਕਤ ਮਾਨਸਾ ਮੁੜ ਕੋਰੋਨਾ ਪੀੜਤ ਜ਼ਿਲਾ ਬਣ ਗਿਆ ਹੈ। ਜਿਸ ਕਾਰਣ ਇਸ ਜ਼ਿਲੇ ਦੇ ਲੋਕਾਂ ਦੇ ਮਨਾਂ ’ਚ ਹੜਕੰਪ ਮਚ ਗਿਆ ਹੈ। ਇਨ੍ਹਾਂ ਮਰੀਜ਼ਾਂ ਨੂੰ ਸਿਵਲ ਹਸਪਤਾਲ ਮਾਨਸਾ ’ਚ ਇਲਾਜ ਲਈ ਲਿਆਂਦਾ ਗਿਆ ਹੈ।
ਪਿੰਡ ਝੰਡਾ ਕਲਾਂ ਕੀਤਾ ਪੂਰੀ ਤਰ੍ਹਾਂ ਸੀਲ
ਪੁਲਸ ਵਲੋਂ ਪਿੰਡ ਝੰਡਾ ਕਲਾਂ ਨੂੰ ਪੁਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਕੋਰੋਨਾ ਟੈਸਟਿੰਗ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਪਿੰਡ ਝੰਡਾ ਕਲਾਂ ਦੇ ਇਕ ਪਰਿਵਾਰ ’ਚੋਂ ਪਤੀ-ਪਤਨੀ ਜਿੰਨ੍ਹਾਂ ’ਚ ਪ੍ਰੀਤਮ ਸਿੰਘ (29) ਪੁੱਤਰ ਸੁਰਜੀਤ ਸਿੰਘ ਅਤੇ ਉਸ ਦੀ ਪਤਨੀ ਮਿਨਾਕਸ਼ੀ (27) ਸ਼ਾਮਲ ਹਨ। ਉਹ ਪਿਛਲੇ ਸਮੇਂ ਤੋਂ ਦਿੱਲੀ ਹੀ ਰਹਿ ਰਹੇ ਸਨ। ਜੋ 1 ਜੂਨ ਨੂੰ ਦਿੱਲੀ ਤੋਂ ਪਿੰਡ ਆਏ ਸਨ ਤੇ ਉਨ੍ਹਾਂ ਨੂੰ ਆਪਣੇ ਹੀ ਘਰ ’ਚ ਇਕਾਂਤਵਾਸ ਕੀਤਾ ਹੋਇਆ ਸੀ। ਹੁਣ ਬੜੀ ਤੇਜ਼ੀ ਨਾਲ ਸਿਹਤ ਵਿਭਾਗ ਦੀਆ ਟੀਮਾਂ ਇਨ੍ਹਾਂ ਮਰੀਜ਼ਾਂ ਦੇ ਸੰਪਰਕ ’ਚ ਆਉਣ ਵਾਲੇ ਵਿਅਕਤੀਆਂ ਦੀ ਭਾਲ ਕਰਨ ’ਚ ਜੁੱਟ ਗਈਆਂ ਹਨ । ਡਾ. ਰਾਏ ਨੇ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਹੁਣ ਤੱਕ ਕੁੱਲ 3417 ਵਿਅਕਤੀਆਂ ਦੇ ਸੈਂਪਲ ਲਏ ਗਏ ਹਨ, ਜਿੰਨ੍ਹਾਂ ’ਚ 35 ਵਿਅਕਤੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਅਤੇ ਇਨ੍ਹਾਂ ’ਚੋਂ 33 ਮਰੀਜ਼ ਨੈਗੇਟਿਵ ਆਉਣ ’ਤੇ ਉਨ੍ਹਾਂ ਨੂੰ ਸਿਵਲ ਹਸਪਤਾਲ ਮਾਨਸਾ ’ਚੋਂ ਛੁੱਟੀ ਦੇ ਦਿੱਤੀ ਗਈ ਹੈ, ਜਦਕਿ 2 ਕੋਰੋਨਾ ਪਾਜ਼ੀਟੀਵ ਮਰੀਜ਼ ਜ਼ੇਰੇ ਇਲਾਜ ਹਨ।
ਸਿਹਤ ਵਿਭਾਗ ਨੇ ਇਕ ਦਿਨ ’ਚ 310 ਮਰੀਜ਼ਾਂ ਦੀ ਕੀਤੀ ਸੈਂਪਲਿੰਗ
ਪੰਜਾਬ ਸਰਕਾਰ ਵਲੋਂ ਕੋਵਿਡ-19 ਨਾਲ ਨਜਿੱਠਣ ਦੇ ਮੱਦੇਨਜ਼ਰ ਮਿਸ਼ਨ ਫਤਿਹ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਤਹਿਤ ਸਿਹਤ ਵਿਭਾਗ ਦੀਆਂ ਟੀਮਾਂ ਵਲੋਂ ਸ਼ੱਕੀ ਮਰੀਜ਼ਾਂ ਦੀ ਤਲਾਸ਼, ਇਕਾਂਤਵਾਸ ਅਤੇ ਸ਼ੱਕੀ ਮਰੀਜ਼ਾਂ ਦੀ ਜਾਂਚ ਲਈ ਲਗਾਤਾਰ ਟੈਸਟਿੰਗ ਕੀਤੀ ਜਾ ਰਹੀ ਹੈ। ਕੋਵਿਡ-19 ਖਿਲਾਫ ਜੰਗ ’ਚ ਮੁਹਰਲੀਆਂ ਕਤਾਰਾਂ ’ਚ ਕੰਮ ਕਰ ਰਹੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਿਹਤ ਕਰਮਚਾਰੀਆਂ, ਆਸ਼ਾ ਸਟਾਫ਼, ਏ. ਐੱਨ. ਐੱਮ., ਸਫਾਈ ਸੇਵਕਾਂ, ਕੈਦੀਆਂ ਆਦਿ ਦੀ ਰੋਜ਼ਾਨਾ ਰਿਕਾਰਡ ਸੈਂਪਲਿੰਗ ਕੀਤੀ ਜਾ ਰਹੀ ਹੈ। ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੀ ਸੈਂਪਲਿੰਗ ਟੀਮ ਦੇ ਜ਼ਿਲਾ ਇੰਚਾਰਜ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਡਾ. ਅਰਸ਼ਦੀਪ ਸਿੰਘ ਅਤੇ ਡਾ. ਵਿਸ਼ਵਜੀਤ ਸਿੰਘ ਦੀਆਂ ਟੀਮਾਂ ਨੇ ਵਿਸ਼ੇਸ਼ ਤੌਰ ’ਤੇ ਮਾਨਸਾ ਜ਼ਿਲੇ ਅੰਦਰ ਪਿੰਡਾਂ ਅਤੇ ਸ਼ਹਿਰਾਂ ’ਚ ਜਾ ਕੇ ਰਿਕਾਰਡ ਸੈਂਪਲਿੰਗ ਕਰ ਰਹੀ ਹੈ। ਅੱਜ ਸਿਹਤ ਵਿਭਾਗ ਦੀਆਂ ਟੀਮਾਂ ਨੇ ਇਕਾਂਤਵਾਸ ਕੀਤੇ ਵਿਅਕਤੀਆਂਂ, ਆਸ਼ਾ ਵਰਕਰ, ਆਂਗਣਵਾੜੀ ਵਰਕਰ, ਗਰਭਵਤੀ ਔਰਤਾਂ, ਮੈਡੀਕਲ ਪ੍ਰੈਕਟੀਸ਼ਨਰਾਂ, ਹੇਅਰ ਕਟਿੰਗ ਵਾਲੇ, ਦੋਧੀ, ਦੁਕਾਨਦਾਰ ਅਤੇ ਸਬਜ਼ੀ ਵਿਕਰੇਤਾਵਾਂ ਸਮੇਤ 310 ਦੇ ਕਰੀਬ ਵਿਅਕਤੀਆਂ ਦੇ ਨਮੂਨੇ ਇਕੱਤਰ ਕਰ ਕੇ ਟੈਸਟ ਲਈ ਭੇਜੇ ਗਏ।
ਕੋਵਿਡ-19 ਦਾ ਕਹਿਰ ਜਾਰੀ, 4 ਗਰਭਵਤੀ ਔਰਤਾਂ ਸਮੇਤ 16 ਮਰੀਜ਼ ਪਾਜ਼ੇਟਿਵ
NEXT STORY