ਚੰਡੀਗੜ੍ਹ (ਸੁਸ਼ੀਲ) : ਸੀ. ਬੀ. ਆਈ. ਨੇ ਰਿਸ਼ਵਤ ਲੈਣ ਦੇ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਰੋਪੜ ਰੇਂਜ ਦੇ ਮੁਅੱਤਲ ਡੀ. ਆਈ. ਜੀ. ਹਰਚਰਨ ਸਿੰਘ ਭੁੱਲਰ ਦਾ ਸੈਕਟਰ-9 ਸਥਿਤ ਐੱਚ. ਡੀ. ਐੱਫ. ਸੀ. ਬੈਂਕ ’ਚ ਮੌਜੂਦ ਲਾਕਰ ਖੋਲ੍ਹਿਆ। ਸੀ. ਬੀ. ਆਈ. ਨੂੰ ਲਾਕਰ ’ਚੋਂ 50 ਗ੍ਰਾਮ ਸੋਨੇ ਦੇ ਗਹਿਣੇ ਤੇ ਪ੍ਰਾਪਰਟੀ ਦੇ ਕਾਗ਼ਜ਼ਾਤ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਉਸ ਦੇ ਚਾਰ ਹੋਰ ਬੈਂਕਾਂ ’ਚ ਲਾਕਰ ਹਨ। ਛੇਤੀ ਹੀ ਸੀ. ਬੀ. ਆਈ. ਇਨ੍ਹਾਂ ਲਾਕਰਾਂ ਨੂੰ ਖੋਲ੍ਹ ਕੇ ਜਾਂਚ ਕਰੇਗੀ। ਸੀ. ਬੀ. ਆਈ. ਨੂੰ ਉਮੀਦ ਹੈ ਕਿ ਬਾਕੀ ਬਚੇ ਲਾਕਰਾਂ ’ਚੋਂ ਸੋਨੇ ਦੇ ਹੋਰ ਗਹਿਣੇ ਮਿਲ ਸਕਦੇ ਹਨ। ਦੂਜੇ ਪਾਸੇ ਸੀ. ਬੀ. ਆਈ. ਕੋਲ ਜ਼ਬਤ ਭੁੱਲਰ ਦੀ ਡਾਇਰੀ ’ਚ ਕਈ ਵਿਚੋਲੀਆਂ ਅਤੇ ਅਫ਼ਸਰਾਂ ਦੇ ਨਾਵਾਂ ਦਾ ਜ਼ਿਕਰ ਹੈ। ਸੀ. ਬੀ. ਆਈ. ਡਾਇਰੀ ’ਚ ਮਿਲੇ ਨਾਵਾਂ ਦੀ ਜਾਂਚ ਕਰਨ ’ਚ ਲੱਗੀ ਹੈ। ਸੀ. ਬੀ. ਆਈ. ਛੇਤੀ ਹੀ ਪੰਜਾਬ ਦੇ ਕਈ ਅਫ਼ਸਰਾਂ ’ਤੇ ਸ਼ਿਕੰਜਾ ਕੱਸ ਸਕਦੀ ਹੈ। ਸੀ. ਬੀ. ਆਈ. ਦੀਆਂ ਟੀਮਾਂ ਭ੍ਰਿਸ਼ਟ ਅਫ਼ਸਰਾਂ ’ਤੇ ਨਜ਼ਰ ਰੱਖ ਰਹੀਆਂ ਹਨ ਤਾਂ ਕਿ ਉਨ੍ਹਾਂ ਨੂੰ ਵੀ ਸਲਾਖ਼ਾਂ ਪਿੱਛੇ ਭੇਜ ਸਕੇ।
ਇਹ ਵੀ ਪੜ੍ਹੋ : ਅੱਜ ਰਹੇਗੀ ਸਰਕਾਰੀ ਛੁੱਟੀ, ਸਕੂਲ-ਕਾਲਜ ਤੇ ਦਫ਼ਤਰ ਰਹਿਣਗੇ ਬੰਦ
ਹਾਕੀ ਦਾ ਖਿਡਾਰੀ ਰਹਿ ਚੁੱਕਿਆ ਵਿਚੋਲੀਆ ਕ੍ਰਿਸਨੂੰ
ਹਰਚਰਨ ਸਿੰਘ ਭੁੱਲਰ ਲਈ ਵਿਚੋਲੀਏ ਦੀ ਭੂਮਿਕਾ ਨਿਭਾਉਣ ਵਾਲਾ ਕ੍ਰਿਸਨੂੰ ਹਾਕੀ ਦਾ ਕੌਮੀ ਖਿਡਾਰੀ ਰਹਿ ਚੁੱਕਿਆ ਹੈ। ਤਿੰਨ ਸਾਲ ਪਹਿਲਾਂ ਉਸ ਨੇ ਖੇਡਣਾ ਬੰਦ ਕਰ ਦਿੱਤਾ ਸੀ। ਉਹ ਕੌਮੀ ਖੇਡਾਂ ’ਚ ਚੰਡੀਗੜ੍ਹ ਦੀ ਹਾਕੀ ਟੀਮ ਵੱਲੋਂ ਖੇਡ ਚੁੱਕਿਆ ਹੈ। ਉਸ ਦੇ ਪੰਜਾਬ ਦੇ ਕਈ ਨੇਤਾਵਾਂ ਤੇ ਪੁਲਸ ਅਫ਼ਸਰਾਂ ਨਾਲ ਸਬੰਧ ਹਨ। ਫੇਸਬੁੱਕ ’ਤੇ ਕਈ ਨੇਤਾਵਾਂ ਨਾਲ ਉਸ ਦੀਆਂ ਤਸਵੀਰਾਂ ਮੌਜੂਦ ਹਨ। ਇਹ ਤਸਵੀਰਾਂ ਦਿਖਾ ਕੇ ਹੀ ਉਸ ਨੇ ਪੰਜਾਬ ਪੁਲਸ ਦੇ ਅਫ਼ਸਰਾਂ ’ਚ ਆਪਣਾ ਦਬਦਬਾ ਬਣਾਇਆ ਸੀ। ਜਾਂਚ ’ਚ ਸਾਹਮਣੇ ਆਇਆ ਕਿ ਉਸ ਨੇ ਖਿਡਾਰੀ ਹੁੰਦਿਆਂ ਹੀ ਅਧਿਕਾਰੀਆਂ ਨਾਲ ਨੇੜਤਾ ਬਣਾਈ ਸੀ। ਉਹ ਕਿਸੇ ਨਾ ਕਿਸੇ ਬਹਾਨੇ ਪਾਰਟੀ ’ਚ ਮੌਜੂਦ ਪੁਲਸ ਅਧਿਕਾਰੀਆਂ ਨਾਲ ਤਾਲਮੇਲ ਕਰਦਾ ਸੀ। ਇਸ ਤੋਂ ਬਾਅਦ ਗ਼ਲਤ ਕੰਮ ਕਰਨ ਵਾਲੇ ਲੋਕਾਂ ਦੀ ਜਾਣਕਾਰੀ ਉਹ ਪਲਸ ਅਧਿਕਾਰੀਆਂ ਨੂੰ ਦਿੰਦਾ ਸੀ। ਇਸੇ ਦਾ ਫ਼ਾਇਦਾ ਉਠਾਉਂਦਿਆਂ ਉਹ ਗ਼ਲਤ ਕੰਮ ਕਰਨ ਵਾਲਿਆਂ ਨੂੰ ਬੁਲਾ ਕੇ ਮਾਮਲਾ ਦਰਜ ਕਰਨ ਦੀ ਧਮਕੀ ਦਿੰਦਾ ਸੀ। ਇਸੇ ਦੌਰਾਨ ਉਹ ਵਿਚੋਲੇ ਵਜੋਂ ਕੰਮ ਕਰ ਕੇ ‘ਸੈਟਿੰਗ’ ਕਰਵਾਉਂਦਾ ਸੀ।
ਇਹ ਵੀ ਪੜ੍ਹੋ : ਤਿਉਹਾਰ ਵਾਲੇ ਦਿਨ ਪੰਜਾਬ 'ਚ ਗੋਲੀਆਂ ਦੀ ਤਾੜ-ਤਾੜ! ਪਟਾਕੇ ਵੇਚਦੇ ਨੌਜਵਾਨ 'ਤੇ...
ਸੀ. ਬੀ. ਆਈ. ਦੁਬਾਰਾ ਲਵੇਗੀ ਭੁੱਲਰ ਦਾ ਰਿਮਾਂਡ
ਅੱਠ ਲੱਖ ਰਿਸ਼ਵਤ ਮਾਮਲੇ ’ਚ ਇਕ ਤੋਂ ਬਾਅਦ ਇਕ ਪਰਤਾਂ ਖੁੱਲ੍ਹਣ ਲੱਗੀਆਂ ਹਨ। ਇਸੇ ਕਾਰਨ ਸੀ. ਬੀ. ਆਈ. ਜਲਦੀ ਹੀ ਭੁੱਲਰ ਦਾ ਦੁਬਾਰਾ ਤੋਂ ਪੁਲਸ ਰਿਮਾਂਡ ਹਾਸਲ ਕਰੇਗੀ ਤਾਂ ਜੋ ਸੀ. ਬੀ. ਆਈ. ਉਸ ਨਾਲ ਸ਼ਾਮਲ ਭ੍ਰਿਸ਼ਟ ਅਧਿਕਾਰੀਆਂ ਬਾਰੇ ਪੁੱਛਗਿੱਛ ਕਰ ਸਕੇ। ਸੀ. ਬੀ. ਆਈ. ਨੂੰ ਭ੍ਰਿਸ਼ਟ ਅਧਿਕਾਰੀਆਂ ਬਾਰੇ ਕਈ ਅਹਿਮ ਜਾਣਕਾਰੀਆਂ ਮਿਲ ਚੁੱਕੀਆਂ ਹਨ। ਸੀ. ਬੀ. ਆਈ. ਜਲਦੀ ਹੀ ਮਾਮਲੇ ਵਿਚ ਸ਼ਾਮਲ ਪੁਲਸ ਅਧਿਕਾਰੀਆਂ ਨੂੰ ਸੰਮਨ ਦੇ ਕੇ ਪੁੱਛਗਿੱਛ ਲਈ ਦਫ਼ਤਰ ਬੁਲਾਵੇਗੀ।
ਹੁਣ ਤੱਕ ਹੋਈ ਇਹ ਬਰਾਮਦਗੀ
ਸੀ. ਬੀ. ਆਈ. ਨੇ ਭੁੱਲਰ ਦੀ ਸੈਕਟਰ-40 ਸਥਿਤ ਕੋਠੀ ਤੋਂ ਸਾਢੇ ਸੱਤ ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਢਾਈ ਕਿੱਲੋ ਸੋਨੇ ਦੇ ਗਹਿਣੇ, ਲਗਜ਼ਰੀ 26 ਘੜੀਆਂ, 50 ਤੋਂ ਵੱਧ ਦਸਤਾਵੇਜ਼, ਲਾਕਰ ਦੀਆਂ ਚਾਬੀਆਂ, ਬੈਂਕ ਖਾਤੇ, ਸਮਰਾਲਾ ਫਾਰਮ ਹਾਊਸ ਅੰਦਰੋਂ ਪੰਜ ਲੱਖ 70 ਹਜਾਰ ਨਕਦ, 17 ਕਾਰਤੂਸ ਤੇ ਸ਼ਰਾਬ ਦੀਆਂ 108 ਬੋਤਲਾਂ ਬਰਾਮਦ ਹੋਈਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨ ਖ਼ਿਲਾਫ਼ ਮਾਮਲਾ ਦਰਜ
NEXT STORY