ਭਵਾਨੀਗੜ੍ਹ (ਵਿਕਾਸ) : ਬੀਤੇ ਦਿਨ ਇਕ ਵਿਆਹੁਤਾ ਦੀ ਹੋਈ ਮੌਤ ਦੇ ਮਾਮਲੇ ’ਚ ਪੁਲਸ ਨੇ ਖ਼ੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਹੇਠ ਮਾਮਲਾ ਦਰਜ ਕਰਕੇ ਵਿਆਹੁਤਾ ਦੇ ਪਤੀ, ਸੱਸ ਤੇ ਸਹੁਰੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਮਾਲਵਿੰਦਰ ਸਿੰਘ ਪੁੱਤਰ ਹਰਦਮ ਸਿੰਘ ਵਾਸੀ ਦਾਬਾ (ਕੈਥਲ) ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਲੜਕੀ ਹਰਪ੍ਰੀਤ ਕੌਰ (28) ਦਾ ਵਿਆਹ 3 ਸਾਲ ਪਹਿਲਾਂ ਭਵਾਨੀਗੜ੍ਹ ਦੇ ਅਮਨਿੰਦਰ ਸਿੰਘ ਪੁੱਤਰ ਬਲਜਿੰਦਰ ਸਿੰਘ ਨਾਲ ਹੋਇਆ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਵਿਆਹ ਤੋਂ 6 ਮਹੀਨੇ ਬਾਅਦ ਹੀ ਹਰਪ੍ਰੀਤ ਦਾ ਸਹੁਰਾ ਪਰਿਵਾਰ ਉਸਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਲੱਗ ਪਿਆ ਕਿ ਤੂ ਫਰਿੱਜ, ਐੱਲ.ਈ.ਡੀ. ਆਦਿ ਨਹੀਂ ਲੈ ਕੇ ਆਈ ਤਾਂ ਉਸਨੇ ਹਰਪ੍ਰੀਤ ਦੇ ਸਹੁਰਾ ਪਰਿਵਾਰ ਨੂੰ ਘਰ ਜਾ ਕੇ ਇਕ ਲੱਖ ਰੁਪਏ ਦਿੱਤੇ ਕਿ ਤੁਸੀਂ ਆਪਣੀ ਮਰਜ਼ੀ ਨਾਲ ਸਮਾਨ ਖਰੀਦ ਲੈਣਾ। ਮਾਲਵਿੰਦਰ ਮੁਤਾਬਕ ਬੱਚਾ ਹੋਣ ’ਤੇ ਸਾਡੇ ਵੱਲੋਂ ਬੱਚੇ ਨੂੰ 35 ਹਜ਼ਾਰ ਰੁਪਏ ਦੀ ਕੀਮਤ ਦਾ ਸੋਨੇ ਦਾ ਕੜਾ ਤੇ ਹਰਪ੍ਰੀਤ ਨੂੰ ਸੋਨੇ ਦੀ ਚੇਨ ਸਹੁਰਾ ਪਰਿਵਾਰ ਦੇ ਦਬਾਅ ਦੇ ਚੱਲਦਿਆਂ ਪਾਏ ਗਏ।
ਸ਼ਿਕਾਇਤਕਰਤਾ ਮਾਲਵਿੰਦਰ ਸਿੰਘ ਅਨੁਸਾਰ ਹਰਪ੍ਰੀਤ ਕੌਰ ਦੀ ਸੱਸ ਵੱਲੋਂ ਉਨ੍ਹਾਂ ਕੋਲੋਂ 10 ਲੱਖ ਰੁਪਏ ਦੀ ਮੰਗ ਕੀਤੀ ਗਈ ਤੇ ਘਟਨਾ ਤੋਂ ਇਕ ਦਿਨ ਪਹਿਲਾਂ ਹਰਪ੍ਰੀਤ ਨੇ ਉਸਨੂੰ ਤੰਗ-ਪ੍ਰੇਸ਼ਾਨ ਕਰਨ ਸਬੰਧੀ ਫੋਨ ’ਤੇ ਦੱਸਿਆ ਸੀ ਤੇ ਇਸ ਤੋਂ ਅਗਲੇ ਦਿਨ ਹਰਪ੍ਰੀਤ ਦੇ ਮਾਮੇ ਸਹੁਰੇ ਨੇ ਉਨ੍ਹਾਂ ਨੂੰ ਫੋਨ ਕਰ ਕੇ ਭਵਾਨੀਗੜ੍ਹ ਆਉਣ ਬਾਰੇ ਕਿਹਾ ਪਰ ਕੋਈ ਕਾਰਨ ਨਹੀਂ ਦੱਸਿਆ ਜਿਸ ’ਤੇ ਉਨ੍ਹਾਂ ਇੱਥੇ ਪਹੁੰਚ ਕੇ ਦੇਖਿਆ ਕਿ ਘਰ ’ਚ ਕੋਈ ਨਹੀਂ ਸੀ ਤੇ ਹਰਪ੍ਰੀਤ ਕੌਰ ਚੁਬਾਰੇ ’ਚ ਬੈੱਡ ’ਤੇ ਪਈ ਸੀ ਜਿਸਦੀ ਮੌਤ ਹੋ ਚੁੱਕੀ ਸੀ।
ਉੱਧਰ, ਪੁਲਸ ਨੇ ਵਿਆਹੁਤਾ ਦੇ ਪਿਤਾ ਦੇ ਬਿਆਨਾਂ ’ਤੇ ਕਾਰਵਾਈ ਕਰਦਿਆਂ ਹਰਪ੍ਰੀਤ ਕੌਰ ਦੇ ਪਤੀ ਅਮਨਿੰਦਰ ਸਿੰਘ, ਸਹੁਰਾ ਬਲਜਿੰਦਰ ਸਿੰਘ ਤੇ ਸੱਸ ਮਨਦੀਪ ਕੌਰ ਸਾਰੇ ਵਾਸੀ ਭਵਾਨੀਗੜ੍ਹ ਖ਼ਿਲਾਫ ਥਾਣਾ ਭਵਾਨੀਗੜ੍ਹ ਵਿਖੇ ਮੁਕੱਦਮਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸੋਮਵਾਰ ਬਾਅਦ ਦੁਪਹਿਰ ਥਾਣਾ ਭਵਾਨੀਗੜ੍ਹ ਦੇ ਇੰਚਾਰਜ ਇੰਸਪੈਕਟਰ ਅਜੇ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪੁਲਸ ਵੱਲੋਂ ਮਾਮਲੇ ’ਚ ਨਾਮਜ਼ਦ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਕੈਨੇਡਾ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ, ਜਾਣੋ ਕਿਉਂ ਸਰਕਾਰੀ ਕਾਲਜ ਛੱਡ ਪ੍ਰਾਈਵੇਟ ਵੱਲ ਤੁਰੇ ਸਟੂਡੈਂਟ
NEXT STORY