ਕਪੂਰਥਲਾ/ਕਾਲਾ ਸੰਘਿਆਂ, (ਮਹਾਜਨ, ਨਿੱਝਰ)- ਆਪਣੇ ਪਤੀ ਅਤੇ ਨਨਾਣਾਂ ਵੱਲੋਂ ਘੱਟ ਦਾਜ ਲਿਆਉਣ ਸਬੰਧੀ ਤੰਗ ਪ੍ਰੇਸ਼ਾਨ ਅਤੇ ਆਪਣੇ ਪਤੀ ਦੇ ਕਿਸੇ ਦੂਜੀ ਔਰਤ ਨਾਲ ਸਬੰਧਾਂ ਕਾਰਨ ਦੁਖੀ ਇਕ ਵਿਆਹੁਤਾ ਨੇ ਫਾਹ ਲਾ ਕੇ ਆਤਮਹੱਤਿਆ ਕਰ ਲਈ। ਥਾਣਾ ਸਦਰ ਕਪੂਰਥਲਾ ਦੀ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੀ ਸ਼ਿਕਾਇਤ 'ਤੇ ਮੁਲਜ਼ਮ ਪਤੀ ਅਤੇ ਉਸ ਦੀਆਂ ਦੋ ਭੈਣਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਸਤਨਾਮ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਲਿੱਧੜਾਂ, ਥਾਣਾ ਮਕਸੂਦਾਂ ਨੇ ਥਾਣਾ ਸਦਰ ਕਪੂਰਥਲਾ ਪੁਲਸ ਨੂੰ ਆਪਣੀ ਸ਼ਿਕਾਇਤ 'ਚ ਦੱਸਿਆ ਕਿ ਉਹ ਆਰਮੀ ਵਿਭਾਗ 'ਚ ਲੇਬਰ ਦਾ ਕੰਮ ਕਰਦਾ ਹੈ ਤੇ ਉਸ ਦੇ 6 ਬੱਚੇ ਹਨ, ਜਿਨ੍ਹਾਂ 'ਚ 5 ਲੜਕੀਆਂ ਤੇ ਇਕ ਲੜਕਾ ਹੈ। ਉਸ ਦੇ ਸਾਰੇ ਬੱਚੇ ਵਿਆਹੇ ਹੋਏ ਹਨ ਤੇ ਲੜਕੀਆਂ 'ਚੋਂ ਇਕ ਲੜਕੀ ਜਿਸ ਦਾ ਨਾਂ ਰਾਜਵਿੰਦਰ ਕੌਰ ਹੈ, ਦਾ ਕਰੀਬ 9 ਸਾਲ ਪਹਿਲਾਂ ਜਗਜੀਤ ਸਿੰਘ ਪੁੱਤਰ ਸਾਈਂ ਦਾਸ ਵਾਸੀ ਆਲਮਗੀਰ, ਕਾਲਾ ਸੰਘਿਆਂ ਨਾਲ ਵਿਆਹ ਹੋਇਆ ਸੀ ਜਿਸ ਦਾ ਸਹੁਰਾ ਪਰਿਵਾਰ ਜਿਸ 'ਚ ਉਸ ਦਾ ਜਵਾਈ ਜਗਜੀਤ ਸਿੰਘ ਅਤੇ ਉਸ ਦੀਆਂ 2 ਭੈਣਾਂ ਰਾਜਵੀਰ ਉਰਫ ਰਾਜੀ ਪਤਨੀ ਮੰਗਤ ਰਾਮ ਵਾਸੀ ਲੋਹੀਆਂ, ਜਲੰਧਰ ਅਤੇ ਹਰਪ੍ਰੀਤ ਕੌਰ ਉਰਫ ਹੈਪੀ, ਜਿਸ ਦਾ ਅਜੇ ਵਿਆਹ ਨਹੀਂ ਹੋਇਆ ਹੈ, ਉਸ ਦੀ ਬੇਟੀ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਅਤੇ ਅਕਸਰ ਘੱਟ ਦਾਜ ਲਿਆਉਣ ਦੇ ਮਿਹਣੇ ਮਾਰਦੇ ਹੋਏ ਮਾਨਸਿਕ ਤੌਰ 'ਤੇ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਸਨ, ਜਿਸ ਕਾਰਨ ਬੇਟੀ ਰਾਜਵਿੰਦਰ ਕੌਰ ਪ੍ਰੇਸ਼ਾਨ ਹੋ ਕੇ ਪੇਕੇ ਆ ਜਾਂਦੀ।
ਉਸ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਰਾਜਵਿੰਦਰ ਕੌਰ ਨੇ ਉਸ ਨੂੰ ਦੱਸਿਆ ਕਿ ਮੇਰੇ ਪਤੀ ਜਗਜੀਤ ਸਿੰਘ ਦੇ ਕਿਸੇ ਹੋਰ ਔਰਤ ਨਾਲ ਸਬੰਧ ਹਨ, ਜੋ ਕਿ ਅਕਸਰ ਉਸੇ ਔਰਤ ਦੇ ਚੱਕਰ 'ਚ ਕਈ-ਕਈ ਦਿਨ ਘਰ ਨਹੀਂ ਆਉਂਦਾ ਤੇ ਨਾ ਹੀ ਕੋਈ ਖਰਚਾ ਦਿੰਦਾ ਹੈ, ਜਦ ਵੀ ਉਹ ਆਪਣੇ ਪਤੀ ਕੋਲੋਂ ਖਰਚਾ ਮੰਗਦੀ ਹੈ ਤਾਂ ਉਹ ਮੇਰੇ ਨਾਲ ਕੁੱਟ-ਮਾਰ ਕਰਦਾ ਹੈ ਤੇ ਦਾਜ ਘੱਟ ਲਿਆਉਣ ਦੇ ਤਾਹਨੇ ਮਾਰਦਾ ਹੈ, ਜਿਸ 'ਚ ਉਸ ਦੀਆਂ ਭੈਣਾਂ ਵੀ ਸਾਥ ਦਿੰਦੀਆਂ ਸਨ। 9 ਜੂਨ ਨੂੰ ਉਸ ਦੀ ਨਨਾਣ ਰਾਜਵੀਰ ਕੌਰ ਉਰਫ ਰਾਜੀ ਨੇ ਫੋਨ ਕਰ ਕੇ ਦੱਸਿਆ ਕਿ ਤੁਹਾਡੀ ਬੇਟੀ ਰਾਜਵਿੰਦਰ ਕੌਰ ਬੀਮਾਰ ਹੈ ਜਿਸ ਨੂੰ ਅਸੀਂ ਕਾਲਾ ਸੰਘਿਆਂ ਹਸਪਤਾਲ 'ਚ ਲੈ ਕੇ ਜਾ ਰਹੇ ਹਾਂ। ਇਸ ਦੌਰਾਨ ਕੁਝ ਸਮੇਂ ਬਾਅਦ ਫੋਨ ਕਰ ਕੇ ਪੁੱਛਿਆ ਤਾਂ ਰਾਜਵੀਰ ਕੌਰ ਨੇ ਦੱਸਿਆ ਕਿ ਰਾਜਵਿੰਦਰ ਕੌਰ ਦੀ ਹਾਲਤ ਗੰਭੀਰ ਹੈ ਤੇ ਅਸੀਂ ਉਸ ਨੂੰ ਸਿਵਲ ਹਸਪਤਾਲ ਜਲੰਧਰ ਲੈ ਕੇ ਜਾ ਰਹੇ ਹਾਂ। ਜਦੋਂ ਅਸੀਂ ਸਿਵਲ ਹਸਪਤਾਲ ਜਲੰਧਰ ਪਹੁੰਚੇ ਤਾਂ ਦੇਖਿਆ ਕਿ ਰਾਜਵਿੰਦਰ ਕੌਰ ਦੇ ਗਲੇ 'ਤੇ ਨਿਸ਼ਾਨ ਸਨ, ਉਸ ਦੀ ਹਾਲਤ ਬਹੁਤ ਨਾਜ਼ੁਕ ਹੋਣ ਕਾਰਨ ਮੰਗਲਵਾਰ ਤੱਕ ਬੇਹੋਸ਼ ਹੀ ਰਹੀ, ਮੰਗਲਵਾਰ ਨੂੰ ਉਸ ਦੀ ਡਾਕਟਰੀ ਇਲਾਜ ਦੌਰਾਨ ਮੌਤ ਹੋ ਗਈ।
ਪਤੀ ਅਤੇ ਨਨਾਣਾਂ ਖਿਲਾਫ ਮਾਮਲਾ ਦਰਜ
ਥਾਣਾ ਸਦਰ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਗੁਰਦਿਆਲ ਸਿੰਘ ਨੇ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਤਿੰਨਾਂ ਮੁਲਜ਼ਮਾਂ ਜਗਜੀਤ ਸਿੰਘ ਪੁੱਤਰ ਸਾਈਂ ਦਾਸ, ਹਰਪ੍ਰੀਤ ਕੌਰ ਹੈਪੀ ਪੁੱਤਰੀ ਸਾਈਂ ਦਾਸ ਅਤੇ ਰਾਜਵੀਰ ਕੌਰ ਪਤਨੀ ਮੰਗਤ ਰਾਮ ਵਾਸੀ ਲੋਹੀਆਂ ਖਾਸ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਫਤਿਹਵੀਰ ਮਾਮਲੇ 'ਚ ਸਰਕਾਰ ਖਿਲਾਫ ਹਾਈਕੋਰਟ 'ਚ ਰਿੱਟ ਦਾਇਰ
NEXT STORY