ਬਰਨਾਲਾ (ਪੁਨੀਤ ਮਾਨ) : ਬੀਤੇ ਦਿਨੀਂ ਲੇਹ ਲੱਦਾਖ ਦੇ ਸਿਆਚਿਨ ਗਲੇਸ਼ੀਅਰ ਤੋਂ ਬਰਫ ਦੇ ਤੋਦੇ ਡਿੱਗਣ ਕਾਰਨ 21 ਪੰਜਾਬ ਰੈਜੀਮੈਂਟ ਵੈਬਰੂ ਦੇ ਸ਼ਹੀਦ ਹੋਏ ਦੋ ਫੌਜੀ ਜਵਾਨਾਂ ’ਚੋਂ ਇਕ ਸ਼ਹੀਦ ਜਵਾਨ ਅਮਰਦੀਪ ਸਿੰਘ ਦੀ ਮ੍ਰਿਤਕ ਦੇਹ ਅੱਜ ਉਨ੍ਹਾਂ ਦੀ ਰੈਜੀਮੈਂਟ ਦੇ ਸਾਥੀ ਪਿੰਡ ਕਰਮਗੜ੍ਹ ਲੈ ਕੇ ਪਹੁੰਚੇ। ਮ੍ਰਿਤਕ ਦੇਹ ਦੇ ਪਿੰਡ ਪਹੁੰਚਣ ’ਤੇ ਹਰ ਅੱਖ ਨਮ ਸੀ ਤੇ ਪਿੰਡ ’ਚ ਮਾਹੌਲ ਗ਼ਮਗੀਨ ਸੀ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਸੀ।
ਸ਼ਹੀਦ ਫੌਜੀ ਜਵਾਨ ਅਮਰਦੀਪ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਭੂਆ ਦੇ ਮੁੰਡੇ ਨੇ ਦਿੱਤੀ। ਜ਼ਿਕਰਯੋਗ ਹੈ ਕਿ ਅਮਰਦੀਪ ਸਿੰਘ ਆਪਣੀ ਭੂਆ ਕੋਲ ਹੀ ਰਹਿੰਦੇ ਸਨ।
ਇਸ ਮੌਕੇ ਬਰਨਾਲਾ ਦੇ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ, ਸਿਵਲ ਡਿਫੈਂਸ ਦੇ ਚੰਡੀਗੜ੍ਹ ਤੋਂ ਡਿਪਟੀ ਡਾਇਰੈਕਟਰ ਕਰਨਲ ਜਰਨੈਲ ਸਿੰਘ, ਸ਼ਹੀਦ ਫੌਜੀ ਦੇ ਸਾਥੀ ਭਾਰਤੀ ਫੌਜ ਤੋਂ ਇਲਾਵਾ ਵੱਡੀ ਗਿਣਤੀ ’ਚ ਪਹੁੰਚੇ ਲੋਕਾਂ ਨੇ ਸ਼ਹੀਦ ਅਮਰਦੀਪ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਡਿਪਟੀ ਕਮਿਸ਼ਨਰ ਨੇ ਪੰਜਾਬ ਸਰਕਾਰ ਵੱਲੋਂ ਫੌਜੀ ਜਵਾਨ ਅਮਰਦੀਪ ਸਿੰਘ ਦੀ ਸ਼ਹਾਦਤ ’ਤੇ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਫੌਜੀ ਦੀ ਭੈਣ ਨੂੰ ਸਰਕਾਰੀ ਨੌਕਰੀ, ਪਰਿਵਾਰ ਨੂੰ 50 ਲੱਖ ਐਕਸਗ੍ਰੇਸ਼ੀਆ ਮੁਆਵਜ਼ਾ ਰਾਸ਼ੀ ਤੋਂ ਇਲਾਵਾ ਪਿੰਡ ਦੇ ਸਕੂਲ ਦਾ ਨਾਂ ਸ਼ਹੀਦ ਅਮਰਦੀਪ ਦੇ ਨਾਂ ’ਤੇ ਕਰਨ ਦਾ ਐਲਾਨ ਕੀਤਾ।
ਇਸ ਮੌਕੇ ਗੁਰਜਿੰਦਰ ਸਿੰਘ ਸਿੱਧੂ ਪ੍ਰਧਾਨ ਸਾਬਕਾ ਸੈਨਿਕ ਵਿੰਗ, ਗੁਰਤੇਜ ਸਿੰਘ ਸਾਬਕਾ ਸੈਨਿਕ ਵਿੰਗ ਆਗੂ ਅਤੇ ਪਿੰਡ ਵਾਸੀਆਂ ਨੇ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਦੇ ਮੱਦੇਨਜ਼ਰ ਸਰਕਾਰ ਨੂੰ ਮੁਆਵਜ਼ਾ ਰਾਸ਼ੀ ਇਕ ਕਰੋੜ ਰੁਪਿਆ ਦੇਣ ਦੀ ਮੰਗ ਕੀਤੀ।
ਜਲੰਧਰ ਜ਼ਿਲ੍ਹੇ 'ਚ ਕੋਰੋਨਾ ਦਾ ਕਹਿਰ ਜਾਰੀ, 8 ਪੀੜਤਾਂ ਨੇ ਤੋੜਿਆ ਦਮ ਤੇ 550 ਦੇ ਕਰੀਬ ਮਿਲੇ ਨਵੇਂ ਮਾਮਲੇ
NEXT STORY