ਅੰਮ੍ਰਿਤਸਰ, (ਅਰੁਣ)- ਥਾਣਾ ਛੇਹਰਟਾ ਅਧੀਨ ਆਉਂਦੇ ਖੇਤਰ ਹਰਗੋਬਿੰਦਪੁਰਾ ਵਿਖੇ ਇਕ ਕੋਠੀ ‘ਚ ਚੱਲ ਰਹੀ ਨਿੱਜੀ ਕਰਜ਼ਾ ਕੰਪਨੀ ’ਚ ਦਾਖਲ ਹੋਏ 4 ਅਣਪਛਾਤੇ ਨਕਾਬਪੋਸ਼ ਲੁਟੇਰਿਆਂ ਵੱਲੋਂ ਕੰਪਨੀ ਦੇ ਮੁਲਾਜ਼ਮਾਂ ਨੂੰ ਡਰਾ-ਧਮਕਾ ਕੇ ਲੱਖਾਂ ਰੁਪਏ ਦੀ ਨਕਦੀ ਲੁੱਟ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਦੀ ਪੁਸ਼ਟੀ ਕਰਦਿਆਂ ਥਾਣਾ ਛੇਹਰਟਾ ਦੇ ਮੁਖੀ ਇੰਸਪੈਕਟਰ ਹਰੀਸ਼ ਬਹਿਲ ਨੇ ਦੱਸਿਆ ਕਿ ਗਲੀ ਮਾਤਾ ਕੀਰਤਨ ਵਾਲੀ ਹਰਗੋਬਿੰਦਪੁਰਾ ’ਚ ਇਕ ਕੋਠੀ ’ਚ ਸੈਟਿਨ ਕ੍ਰੈਡਿਟ ਕੇਅਰ ਨੈੱਟਵਰਕਿੰਗ ਲਿਮਟਿਡ ਕੰਪਨੀ ਵੱਖ-ਵੱਖ ਪਿੰਡਾਂ ’ਚ ਜਾ ਕੇ ਲੋਕਾਂ ਨੂੰ ਕਰਜ਼ਾ ਮੁਹੱਈਆ ਕਰਵਾਉਂਦੀ ਹੈ ਅਤੇ ਇਸ ਕਰਜ਼ੇ ਦੀ ਵਾਪਸੀ ਲਈ ਕਿਸ਼ਤਾਂ ਦੀ ਉਗਰਾਹੀ ਕਰਦੀ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਕੰਪਨੀ ਦੇ ਕੈਸ਼ੀਅਰ ਸ਼ਸ਼ੀ ਕੁਮਾਰ ਨੇ ਦੱਸਿਆ ਕਿ ਅੱਜ ਕੋਠੀ ਅੰਦਰ ਦਾਖਲ ਹੋਏ 4 ਨਕਾਬਪੋਸ਼ ਲੁਟੇਰੇ ਜੋ ਉਨ੍ਹਾਂ ਨਾਲ ਮਾਰ-ਕੁਟਾਈ ਕਰਨ ਮਗਰੋਂ ਇਕ ਤਿਜੌਰੀ ਜਿਸ ਵਿਚ 3 ਲੱਖ 40 ਹਜ਼ਾਰ 600 ਰੁਪਏ ਦੀ ਨਕਦੀ ਸੀ, ਨੂੰ ਨਾਲ ਲੈ ਗਏ।ੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਦਾ ਹਵਾਲਾ ਦਿੰਦਿਆਂ ਥਾਣਾ ਛੇਹਰਟਾ ਦੇ ਮੁਖੀ ਹਰੀਸ਼ ਬਹਿਲ ਨੇ ਦੱਸਿਆ ਕਿ ਹਾਲਾਂਕਿ ਘਟਨਾ ਵਾਲੀ ਜਗ੍ਹਾ ਨੇੜੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਲੱਗਾ ਪਰ ਕਾਲੋਨੀ ਦੇ ਬਾਹਰ ਨਿਕਲਣ ਵਾਲੇ ਸਾਰੇ ਰਸਤਿਆਂ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਪੁਲਸ ਬਾਰੀਕੀ ਨਾਲ ਖੰਗਾਲ ਰਹੀ ਹੈ।
ਕੰਪਨੀ ਦੇ ਮੁਲਾਜ਼ਮ ਹਰੇਕ ਪਿੰਡ ‘ਚ ਜਾ ਕੇ 20 ਤੋਂ 25 ਅੌਰਤਾਂ ਦਾ ਇਕ ਗਰੁੱਪ ਬਣਾ ਲੈਂਦੇ ਸਨ ਅਤੇ ਗਰੁੱਪ ਦੇ ਇਹ ਮੈਂਬਰ ਇਕ ਦੂਸਰੇ ਦੀ ਗਵਾਹੀ ਪਾਉਣ ਮਗਰੋਂ 20 ਤੋਂ 25 ਹਜ਼ਾਰ ਦਾ ਕਰਜ਼ਾ ਵਸੂਲ ਲੈਂਦੇ ਸਨ। ਕੰਪਨੀ ਦੇ ਮੁਲਾਜ਼ਮ ਬਾਅਦ ‘ਚ ਕੁਲੈਕਸ਼ਨ ਕਰ ਕੇ ਕਿਸ਼ਤਾਂ ਵਸੂਲਦੇ ਸਨ।
ਕੰਪਨੀ ਮੁਲਾਜ਼ਮਾਂ ਵੱਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ਮੁਤਾਬਕ ਇਨ੍ਹਾਂ ਲੁਟੇਰਿਆਂ ਦਾ ਹੁਲੀਆ ਜੋ ਕਿ ਮੂੰਹ ਢਕੀ ਤੇ ਨਿੱਕਰਾਂ ਪਾਏ ਜਾਣ ਬਾਰੇ ਦੱਸਿਆ ਗਿਆ ਹੈ, ਜਦਕਿ ਲੁਟੇਰੇ ਕਿਸੇ ਵੀ ਚਾਰ-ਪਹੀਆ ਵਾਹਨ ‘ਚ ਸਵਾਰ ਹੋ ਕੇ ਨਹੀਂ ਆਏ ਸਨ, ਦੋਪਹੀਆ ਵਾਹਨ ‘ਤੇ ਇੰਨੀ ਭਾਰੀ ਤਿਜੌਰੀ ਨੂੰ ਲੈ ਕੇ ਜਾਣਾ ਕੋਈ ਅਾਸਾਨ ਕੰਮ ਨਹੀਂ ਹੈ।
ਹੁਣ ਤੱਕ ਦੀ ਜਾਂਚ ‘ਚ ਨਹੀਂ ਲੱਗਾ ਕੋਈ ਸੁਰਾਗ : ਪੁਲਸ ਸੂਤਰਾਂ ਮੁਤਾਬਕ ਪੁਲਸ ਵੱਲੋਂ ਕੀਤੀ ਗਈ ਹੁਣ ਤੱਕ ਦੀ ਜਾਂਚ ‘ਚ ਇਨ੍ਹਾਂ ਲੁਟੇਰਿਆਂ ਦੀ ਕਿਸੇ ਤਰ੍ਹਾਂ ਦੀ ਕੋਈ ਹਲ-ਚਲ ਦਾ ਕੋਈ ਸੁਰਾਗ ਪੁਲਸ ਦੇ ਹੱਥ ਨਹੀਂ ਲੱਗ ਸਕਿਆ।
ਮੌਕੇ ’ਤੇ ਪੁੱਜੇ ਪੁਲਸ ਦੇ ਉੱਚ ਅਧਿਕਾਰੀ : ਘਟਨਾ ਦੀ ਸੂਚਨਾ ਮਿਲਦਿਅਾਂ ਹੀ ਏ. ਡੀ. ਸੀ. ਪੀ.-2 ਲਖਬੀਰ ਸਿੰਘ, ਏ. ਸੀ. ਪੀ. ਵਿਸ਼ਾਲਜੀਤ ਸਿੰਘ ਤੇ ਥਾਣਾ ਛੇਹਰਟਾ ਮੁਖੀ ਹਰੀਸ਼ ਬਹਿਲ ਘਟਨਾ ਵਾਲੀ ਜਗ੍ਹਾ ‘ਤੇ ਪੁੱਜ ਗਏ।
ਨਸ਼ਾ ਕਰਨ ਵਾਲੇ ਸਿਆਸੀ ਆਗੂ ਨਹੀਂ ਬਣ ਸਕਣਗੇ ਸਰਪੰਚ ਤੇ ਪੰਚ
NEXT STORY