ਜਾਡਲਾ, (ਜਸਵਿੰਦਰ)- ਇਥੋਂ ਨੇੜਲੇ ਪਿੰਡ ਸੋਇਤਾ ਲਾਗੇ ਬੀਤੀ ਰਾਤ ਦੋ ਨਕਾਬਪੋਸ਼ ਲੁਟੇਰਿਆਂ ਇਕ ਵਿਅਕਤੀ 'ਤੇ ਚਾਕੂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਾਣਕਾਰੀ ਅਨੁਸਾਰ ਸਰਬਜੀਤ ਪੁੱਤਰ ਰਾਮ ਸਰੂਪ ਵਾਸੀ ਨਾਈ ਮਜਾਰਾ ਬੀਤੀ ਰਾਤ 8.30 ਵਜੇ ਰਾਹੋਂ ਤੋਂ ਆਪਣੇ ਪਿੰਡ ਨਾਈ ਮਜਾਰਾ ਆ ਰਿਹਾ ਸੀ। ਜਦੋਂ ਉਹ ਸੋਇਤਾ ਭੱਠੇ ਤੋਂ ਪਿੰਡ ਸਹਾਬਪੁਰ ਵੱਲ ਮੁੜਿਆ ਤਾਂ ਰਸਤੇ 'ਚ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ 'ਤੇ ਖੜ੍ਹੇ ਸਨ। ਜਦੋਂ ਉਹ ਥੋੜ੍ਹਾ ਅੱਗੇ ਆਇਆ ਤਾਂ ਉਕਤ ਵਿਅਕਤੀਆਂ ਨੇ ਉਸ ਨੂੰ ਘੇਰ ਲਿਆ। ਸਰਬਜੀਤ ਨੇ ਦੱਸਿਆ ਕਿ ਲੁਟੇਰੇ ਉਸ ਨੂੰ ਘੇਰ ਕੇ ਇਹ ਕਹਿਣ ਲੱਗੇ ਕਿ ਜੋ ਵੀ ਤੇਰੇ ਕੋਲ ਹੈ, ਸਾਨੂੰ ਦੇ ਦਿਓ। ਉਸ ਵੱਲੋਂ ਅਣਪਛਾਤੇ ਵਿਅਕਤੀਆਂ ਨੂੰ ਆਪਣਾ ਪਰਸ ਜਿਸ 'ਚ ਜ਼ਰੂਰੀ ਕਾਗਜ਼ਾਤ ਅਤੇ ਦੋ ਹਜ਼ਾਰ ਰੁਪਏ ਨਕਦੀ ਸੀ, ਦੇ ਦਿੱਤਾ ਗਿਆ। ਜਦੋਂ ਲੁਟੇਰਿਆਂ ਨੇ ਉਸ ਦਾ ਮੋਟਰਸਾਈਕਲ ਅਤੇ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਸ ਵੱਲੋਂ ਰੌਲਾ ਪਾਇਆ ਗਿਆ। ਰੌਲਾ ਪਾਉਣ ਸਮੇਂ ਲੁਟੇਰੇ ਉਸ 'ਤੇ ਚਾਕੂ ਨਾਲ ਹਮਲਾ ਕਰ ਕੇ ਫਰਾਰ ਹੋ ਗਏ। ਉਸ ਨੇ ਦੱਸਿਆ ਕਿ ਲੁਟੇਰਿਆਂ ਨੇ ਉਸ ਦੀ ਬਾਂਹ 'ਤੇ ਚਾਕੂ ਮਾਰੇ ਹਨ। ਸਰਬਜੀਤ ਨੇ ਕਿਹਾ ਕਿ ਜ਼ਖਮੀ ਹਾਲਤ 'ਚ ਉਹ ਬੜੀ ਮੁਸ਼ਕਲ ਨਾਲ ਆਪਣੇ ਪਿੰਡ ਪਹੁੰਚਿਆ। ਪਿੰਡ ਵਾਸੀਆਂ ਵੱਲੋਂ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ।
ਮੰਗਾਂ ਪੂਰੀਆਂ ਨਾ ਹੋਣ ਕਾਰਨ ਪੰਜਾਬ ਸਟੇਟ ਕਰਮਚਾਰੀ ਦਲ 'ਚ ਰੋਸ
NEXT STORY