ਖੰਨਾ (ਜ. ਬ.) : 4 ਸਤੰਬਰ ਨੂੰ ਹਿੰਦੀ ਫਿਲਮ ਸਪੈਸ਼ਲ 26 ਸਟਾਈਲ ’ਚ 25 ਲੱਖ ਰੁਪਏ ਦੀ ਡਕੈਤੀ ਦੇ ਮਾਮਲੇ ’ਚ ਪੁਲਸ ਨੇ ਇਕ ਹੋਰ ਕਥਿਤ ਮੁਲਜ਼ਮ ਗੁਰਚਰਨ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਪਮਾਲੀ ਥਾਣਾ ਜੋਧਾਂ ਜ਼ਿਲ੍ਹਾ ਲੁਧਿਆਣਾ ਨੂੰ ਗ੍ਰਿਫ਼ਤਾਰ ਕੀਤਾ ਹੈ। ਨਕਲੀ ਇਨਕਮ ਟੈਕਸ ਅਫ਼ਸਰ ਬਣ ਕੇ ਲੁੱਟ ਕਰਨ ਦੇ ਮਾਮਲੇ ’ਚ ਕਥਿਤ ਮੁਲਜ਼ਮ ਮੁੱਖ ਸਰਗਣਾ ਹੈ। ਪੁਲਸ ਨੇ ਕਥਿਤ ਦੋਸ਼ੀ ਨੂੰ ਉਸ ਸਮੇਂ ਕਾਬੂ ਕਰ ਲਿਆ ਜਦੋਂ ਉਹ ਬੀਜਾ ਚੌਕ ਨੇੜੇ ਕਿਤੇ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕਥਿਤ ਨੂੰ ਮੰਗਲਵਾਰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਉਸ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ। ਰਿਮਾਂਡ ਦੌਰਾਨ ਕਥਿਤ ਮੁਲਜ਼ਮ ਪਾਸੋਂ ਅਹਿਮ ਸੁਰਾਗ ਮਿਲਣ ਦੀ ਉਮੀਦ ਹੈ।
ਇਸ ਦੇ ਨਾਲ ਹੀ ਇਕ ਹੋਰ ਗੱਲ ਵੀ ਸਾਹਮਣੇ ਆਈ ਹੈ ਕਿ ਕਥਿਤ ਮੁਲਜ਼ਮ ਆਪਣੇ-ਆਪ ਨੂੰ ਸਾਬਕਾ ਵਿਧਾਇਕ ਦਾ ਪੀ. ਏ. ਦੱਸਦਾ ਸੀ। ਉਹ ਹੁਣ ਤੱਕ ਕਈ ਲੋਕਾਂ ਨਾਲ ਠੱਗੀ ਵੀ ਮਾਰ ਚੁੱਕਾ ਹੈ। ਇਸ ਮਾਮਲੇ ’ਚ ਗਵਾਹ ਸੰਤੋਖ ਸਿੰਘ ਬੈਨੀਪਾਲ ਨੇ ਦੱਸਿਆ ਕਿ ਪੁਲਸ ਨੇ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਬਾਕੀਆਂ ਦੀ ਭਾਲ ਜਾਰੀ ਹੈ। ਕੁਝ ਦਿਨ ਪਹਿਲਾਂ ਇਸ ਮਾਮਲੇ ’ਚ ਸੁਖਮਿੰਦਰ ਸਿੰਘ ਉਰਫ਼ ਮਾਨ ਪੁੱਤਰ ਹਰਬੰਸ ਸਿੰਘ ਵਾਸੀ ਰਾੜਾ ਸਾਹਿਬ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਹਰਸਿਮਰਤ ਬਾਦਲ ਨੇ ਬਰਨਾਲਾ ਬਾਈਪਾਸ ਫਲਾਈਓਵਰ ਦਾ ਕੰਮ ਪੂਰਾ ਕਰਨ ਲਈ ਗਡਕਰੀ ਨੂੰ ਕੀਤੀ ਇਹ ਅਪੀਲ
ਕਥਿਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਸੀ। ਇਸ ਰਿਮਾਂਡ ਦੌਰਾਨ ਕਥਿਤ ਮੁਲਜ਼ਮ ਸੁਖਮਿੰਦਰ ਸਿੰਘ ਦੇ ਘਰੋਂ 1 ਲੱਖ ਰੁਪਏ ਬਰਾਮਦ ਕੀਤੇ ਗਏ ਸਨ। ਇਸ ਤੋਂ ਇਲਾਵਾ ਵਾਰਦਾਤ ’ਚ ਵਰਤੀ ਗਈ ਗੱਡੀ ਵੀ ਪੁਲਸ ਨੇ ਬਰਾਮਦ ਕਰ ਲਈ ਸੀ। ਇਸ ਤੋਂ ਪਹਿਲਾਂ ਕਥਿਤ ਮੁਲਜ਼ਮਾਂ ਨੂੰ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਝਟਕਾ ਦਿੱਤਾ ਗਿਆ ਸੀ। ਵਰਨਣਯੋਗ ਹੈ ਕਿ ਪਿੰਡ ਰੋਹਣੋ ਖੁਰਦ ਦੇ ਕਿਸਾਨ ਸੱਜਣ ਸਿੰਘ ਦੇ ਘਰੋਂ 25 ਲੱਖ ਰੁਪਏ ਦੀ ਲੁੱਟ 4 ਸਤੰਬਰ ਨੂੰ ਕੀਤੀ ਗਈ ਸੀ।
ਗੁਰਚਰਨ ਖ਼ਿਲਾਫ਼ ਦਰਜ ਨੇ ਧੋਖਾਧੜੀ ਦੇ ਕਈ ਮੁਕੱਦਮੇ
ਕਥਿਤ ਮੁਲਜ਼ਮ ਗੁਰਚਰਨ ਸਿੰਘ ਬਹੁਤ ਹੀ ਸ਼ਾਤਿਰ ਕਿਸਮ ਦਾ ਅਪਰਾਧੀ ਹੈ। ਸਾਬਕਾ ਵਿਧਾਇਕ ਜਿਸ ਦਾ ਉਹ ਆਪਣੇ-ਆਪ ਨੂੰ ਪੀ. ਏ. ਕਹਿੰਦਾ ਹੈ, ਦੇ ਕਾਰਜਕਾਲ ਦੌਰਾਨ ਉਸ ਨੇ ਕਈ ਲੋਕਾਂ ਨਾਲ ਠੱਗੀ ਮਾਰੀ। ਗੁਰਚਰਨ ਖ਼ਿਲਾਫ਼ ਥਾਣਾ ਜੋਧਾਂ ਵਿੱਚ ਧੋਖਾਧੜੀ ਦੇ 2 ਕੇਸ ਦਰਜ ਹਨ। ਥਾਣਾ ਸਦਰ ਲੁਧਿਆਣਾ ਵਿੱਚ ਵੀ ਮੁਕੱਦਮਾ ਦਰਜ ਹੈ। ਦੋਰਾਹਾ ਥਾਣਾ ਵਿਖੇ ਪੁਲਸ 'ਚ ਭਰਤੀ ਕਰਾਉਣ ਦੇ ਨਾਂ 'ਤੇ ਠੱਗੀ ਮਾਰਨ ਦਾ ਮਾਮਲਾ ਵੀ ਦਰਜ ਹੈ। ਹੁਣ ਲੁੱਟ-ਖੋਹ ਦੇ ਪੰਜਵੇਂ ਮਾਮਲੇ ’ਚ ਪੁਲਸ ਨੇ ਕਥਿਤ ਮੁਲਜ਼ਮ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ : ਠੰਡ 'ਚ ਵੀ ਗਰਮਾਇਆ ਹੋਇਐ ਸ਼ਰਾਬ ਫੈਕਟਰੀ ਦਾ ਮਾਮਲਾ, ਕਿਸਾਨਾਂ ਵੱਲੋਂ 6 ਜਨਵਰੀ ਨੂੰ ਵੱਡਾ ਇਕੱਠ ਕਰਨ ਦਾ ਐਲਾਨ
ਰਿਮਾਂਡ ਦੌਰਾਨ ਮਿਲਣਗੇ ਅਹਿਮ ਸੁਰਾਗ : ਡੀ. ਐੱਸ. ਪੀ.
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਖੰਨਾ ਵਿਲੀਅਮ ਜੈਜ਼ੀ ਨੇ ਦੱਸਿਆ ਕਿ ਪੁਲਸ ਟੀਮ ਕਥਿਤ ਦੋਸ਼ੀਆਂ ਦਾ ਪਿੱਛਾ ਕਰ ਰਹੀ ਹੈ, ਜਿਸ ਦੇ ਸਿੱਟੇ ਵਜੋਂ ਹੁਣ ਤੱਕ 7 ਕਥਿਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਲੱਖਾਂ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਹੁਣ ਮੁੱਖ ਸਰਗਣਾ ਗੁਰਚਰਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਿਸ ਦਾ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਗੁਰਪਤਵੰਤ ਪੰਨੂ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਦਿੱਤਾ ਵੱਡਾ ਬਿਆਨ
NEXT STORY