ਚੰਡੀਗੜ੍ਹ, (ਸ਼ਰਮਾ)— ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਸੋਮਵਾਰ ਅਨਾਜ ਭਵਨ ਚੰਡੀਗੜ੍ਹ ਵਿਖੇ ਸੂਬੇ ਦੀਆਂ ਵੱਖ-ਵੱਖ ਡਿਪੂ ਹੋਲਡਰ ਯੂਨੀਅਨਾਂ ਦੇ ਮੁਖੀਆਂ ਨਾਲ ਕਪੂਰਥਲਾ ਅਤੇ ਅੰਮ੍ਰਿਤਸਰ ਦੇ ਕੱਥੂਨੰਗਲ ਅਧੀਨ ਆਉਂਦੇ ਪਿੰਡ ਰਾਮਦੀਵਾਲੀ ਹਿੰਦੂਆ 'ਚ ਵਾਪਰੀਆਂ ਘਟਨਾਵਾਂ ਤੋਂ ਬਾਅਦ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਆਸ਼ੂ ਨੇ ਡਿਪੂ ਹੋਲਡਰਾਂ ਦੀਆਂ ਮੁਸ਼ਕਿਲਾਂ ਨੂੰ ਸੁਣਦਿਆਂ ਇਨ੍ਹਾਂ ਨੂੰ ਜਲਦੀ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਆਸ਼ੂ ਨੇ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਡਿਪੂ ਹੋਲਡਰਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਸਕੀਮ ਅਧੀਨ ਏ. ਏ. ਵਾਈ. ਅਤੇ ਪੀ.ਐੱਚ.ਐੱਚ. ਕੈਟਾਗਿਰੀ ਨੂੰ 5 ਕਿੱਲੋ ਪ੍ਰਤੀ ਜੀਅ ਕਣਕ ਅਤੇ ਇਕ ਪਰਿਵਾਰ ਨੂੰ ਇਕ ਕਿੱਲੋ ਦਾਲ ਦੀ ਵੰਡ 3 ਮਹੀਨਿਆਂ ਲਈ ਇਕੱਠੇ ਤੌਰ 'ਤੇ ਕੀਤੇ ਜਾਣ ਸਬੰਧੀ ਜਾਣਕਾਰੀ ਵੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਵੀ ਡਿਪੂ ਹੋਲਡਰਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਰਾਜ ਦੇ ਸਮੂਹ ਐੱਸ.ਐੱਸ.ਪੀਜ਼/ ਪੁਲਸ ਕਮਿਸ਼ਨਰਜ਼ ਨੂੰ ਵੀ ਪੱਤਰ ਭੇਜਿਆ ਜਾ ਰਿਹਾ ਹੈ ਕਿ ਜੇ ਉਨ੍ਹਾਂ ਨੂੰ ਵੀ ਅਨਾਜ ਦੀ ਵੰਡ ਮੌਕੇ ਕੋਈ ਗੜਬੜੀ ਹੋਣ ਦੀ ਸੂਚਨਾ ਮਿਲੇ ਤਾਂ ਉਹ ਪੁਖਤਾ ਸੁਰੱਖਿਆ ਪ੍ਰਭੰਧ ਕਰਨ।
ਇਸ ਮੌਕੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਸ਼ਿੰਦਾ ਲੁਧਿਆਣਾ ਨੇ ਆਸ਼ੂ ਨੂੰ ਕੋਵਿਡ-19 ਮਹਾਮਾਰੀ ਦੌਰਾਨ ਗਰੀਬ ਲੋਕਾਂ ਨੂੰ ਕਣਕ ਵੰਡਣ 'ਚ ਆ ਰਹੀਆਂ ਦਿੱਕਤਾਂ ਬਾਰੇ ਜਾਣੂੰ ਕਰਵਾਉਂਦਿਆਂ ਇਨ੍ਹਾਂ ਨੂੰ ਜਲਦੀ ਹੱਲ ਕਰਨ ਦੀ ਮੰਗ ਕੀਤੀ। ਇਸ ਮੌਕੇ ਮੰਤਰੀ ਨੇ ਡਿਪੂ ਹੋਲਡਰਾਂ ਦਾ ਬੀਮਾ ਕਰਵਾਉਣ ਦੇ ਮਾਮਲੇ ਸਬੰਧੀ ਕਿਹਾ ਕਿ ਇਹ ਮਾਮਲਾ ਭਾਰਤ ਸਰਕਾਰ ਕੋਲ ਪੁਰਜ਼ੋਰ ਤਰੀਕੇ ਨਾਲ ਉਠਾਇਆ ਜਾਵੇਗਾ ਅਤੇ ਇਸ ਸਬੰਧੀ ਤਜਵੀਜ਼ ਤਿਆਰ ਕੀਤੀ ਜਾ ਰਹੀ ਹੈ।
ਡਾ. ਮਨਮੋਹਨ ਸਿੰਘ ਦੀ ਸਿਹਤਯਾਬੀ ਲਈ ਸ੍ਰੀ ਭੈਣੀ ਸਾਹਿਬ ਵਿਖੇ ਆਖੰਡ ਪਾਠ ਆਰੰਭ
NEXT STORY