ਜਲੰਧਰ (ਖੁਰਾਣਾ)— ਭਗਵਾਨ ਵਾਲਮੀਕਿ ਚੌਕ (ਜੋਤੀ ਚੌਕ) ਨੇੜੇ ਸ਼ਹਿਰ ਦੀ ਸਭ ਤੋਂ ਪ੍ਰਾਈਮ ਲੋਕੇਸ਼ਨ 'ਤੇ ਸਥਿਤ ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਕੀਤੇ ਜਾ ਰਹੇ ਸਥਾਈ ਅਤੇ ਅਸਥਾਈ ਕਬਜ਼ਿਆਂ ਕਾਰਨ ਜਿੱਥੇ ਓਲਡ ਜੀ. ਟੀ. ਰੋਡ 'ਤੇ ਟ੍ਰੈਫਿਕ ਦੀ ਗੰਭੀਰ ਸਮੱਸਿਆ ਪੈਦਾ ਹੁੰਦੀ ਜਾ ਰਹੀ ਹੈ, ਉਥੇ ਹੀ ਇਹ ਕਬਜ਼ੇ ਪ੍ਰਸ਼ਾਸਨ ਲਈ ਵੀ ਚਿੰਤਾ ਦਾ ਸਬੱਬ ਬਣਦੇ ਜਾ ਰਹੇ ਹਨ। ਹੁਣ ਨਗਰ ਨਿਗਮ ਪ੍ਰਸ਼ਾਸਨ ਨੇ ਇਸ ਸਥਾਨ ਦਾ ਕਬਜ਼ਾ ਲੈਣ, ਇਥੇ ਕੋਈ ਪ੍ਰਾਜੈਕਟ ਡਿਵੈਲਪ ਕਰਨ ਜਾਂ ਮਲਟੀਸਟੋਰੀ ਪਾਰਕਿੰਗ ਆਦਿ ਬਣਾਉਣ 'ਤੇ ਵਿਚਾਰਾਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਤਹਿਤ ਵਿਧਾਇਕ ਰਾਜਿੰਦਰ ਬੇਰੀ, ਮੇਅਰ ਜਗਦੀਸ਼ ਰਾਜ ਰਾਜਾ ਅਤੇ ਨਿਗਮ ਕਮਿਸ਼ਨਰ ਡਾ. ਬਸੰਤ ਗਰਗ ਨੇ ਸੁਦਾਮਾ ਮਾਰਕੀਟ ਦਾ ਦੌਰਾ ਕੀਤਾ ਅਤੇ ਐੱਸ. ਟੀ. ਪੀ. ਪਰਮਪਾਲ ਸਿੰਘ ਨੂੰ ਪੂਰੀ ਮਾਰਕੀਟ ਦੀ ਨਿਸ਼ਾਨਦੇਹੀ ਕਰਨ ਤੇ ਦੋ ਦਿਨਾਂ ਅੰਦਰ ਰਿਪੋਰਟ ਸੌਂਪਣ ਦੇ ਹੁਕਮ ਦਿੱਤੇ। ਇਸ ਦੌਰੇ ਦੌਰਾਨ ਕਾਂਗਰਸੀ ਕੌਂਸਲਰ ਸ਼ੈਰੀ ਚੱਢਾ, ਤਹਿਬਾਜ਼ਾਰੀ ਸੁਪਰਡੈਂਟ ਮਨਦੀਪ ਸਿੰਘ ਮਿੱਠੂ ਤੇ ਨਿਗਮ ਦੇ ਹੋਰ ਅਧਿਕਾਰੀ ਵੀ ਸ਼ਾਮਲ ਸਨ।
ਵਿਧਾਇਕ, ਮੇਅਰ ਅਤੇ ਕਮਿਸ਼ਨਰ ਪੁਲਸ ਡਿਵੀਜ਼ਨ ਨੰ. 4 ਨਾਲ ਲੱਗਦੇ ਮਾਰਗ ਤੋਂ ਸੁਦਾਮਾ ਮਾਰਕੀਟ 'ਚ ਦਾਖਲ ਹੋਏ ਅਤੇ ਪਿੱਛੇ ਸਬਜ਼ੀ ਮੰਡੀ ਤੋਂ ਹੁੰਦੇ ਹੋਏ ਕੱਪੜਾ ਮਾਰਕੀਟ, ਫਰੂਟ ਮਾਰਕੀਟ ਅਤੇ ਓਲਡ ਜੀ. ਟੀ. ਰੋਡ 'ਤੇ ਸਥਿਤ ਦੁਕਾਨਾਂ ਨੂੰ ਦੇਖਿਆ। ਮਾਰਕੀਟ ਦੀ ਨਿਸ਼ਾਨਦੇਹੀ ਦੀ ਸੂਚਨਾ ਮਿਲਦਿਆਂ ਹੀ ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ 'ਚ ਹੜਕੰਪ ਮਚ ਗਿਆ ਅਤੇ ਪ੍ਰਧਾਨ ਆਦਿ ਇਕੱਠੇ ਹੋ ਗਏ ਪਰ ਮੌਕੇ 'ਤੇ ਨਾ ਤਾਂ ਕੋਈ ਗੱਲ ਹੋਈ ਤੇ ਨਾ ਹੀ ਕੋਈ ਵਿਰੋਧ।
ਪੱਕੀਆਂ ਦੁਕਾਨਾਂ ਬਣੀਆਂ, ਅਜੇ ਵੀ ਪਾਏ ਜਾ ਰਹੇ ਲੈਂਟਰ
ਸੁਦਾਮਾ ਮਾਰਕੀਟ ਉਂਝ ਤਾਂ ਕਬਜ਼ੇ ਵਾਲੀ ਜਗ੍ਹਾ 'ਤੇ ਸਥਿਤ ਹੈ ਪਰ ਕੁਝ ਮਹੀਨੇ ਪਹਿਲਾਂ ਇਥੇ ਨਾਜਾਇਜ਼ ਤੌਰ 'ਤੇ ਦੁਕਾਨਾਂ ਦਾ ਫੈਸਲਾ ਕੀਤਾ ਗਿਆ, ਜਿਨ੍ਹਾਂ ਨੂੰ ਲੱਖਾਂ ਰੁਪਏ 'ਚ ਵੇਚੇ ਜਾਣ ਦੀ ਵੀ ਚਰਚਾ ਹੈ। ਇਸ ਦੇ ਇਲਾਵਾ ਜੋ ਬੈਲਟ ਓਲਡ ਜੀ. ਟੀ. ਰੋਡ ਦੇ ਨੇੜੇ ਪੈਂਦੀ ਹੈ, ਉਥੇ ਵੀ ਹੁਣ ਦੁਕਾਨਦਾਰਾਂ ਨੇ ਲੈਂਟਰ ਪਾ ਕੇ ਪੱਕੇ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਮਾਰਕੀਟ ਦੇ ਫੁੱਟਪਾਥ 'ਤੇ ਕਬਜ਼ੇ ਦਾ ਮਾਮਲਾ ਪੰਜਾਬ ਐਂਡ ਹਰਿਆਣਾ ਹਾਈਕੋਰਟ 'ਚ ਵੀ ਚਲਿਆ ਸੀ। ਪਟੀਸ਼ਨ ਦੇ ਆਧਾਰ 'ਤੇ ਹਾਈਕੋਰਟ ਨੇ ਸੁਦਾਮਾ ਮਾਰਕੀਟ ਦੇ ਕਬਜ਼ਿਆਂ ਨੂੰ ਤੋੜਨ ਦੇ ਹੁਕਮ ਦਿੱਤੇ ਸਨ। ਜਿਸ ਦੇ ਆਧਾਰ 'ਤੇ ਜਦੋਂ ਨਿਗਮ ਨੇ ਕਾਰਵਾਈ ਸ਼ੁਰੂ ਕੀਤੀ, ਉਦੋਂ ਉਸ ਸਮੇਂ ਦੇ ਵਿਧਾਇਕ ਮਨੋਰੰਜਨ ਕਾਲੀਆ ਦੁਕਾਨਦਾਰਾਂ ਦੇ ਬਚਾਅ 'ਚ ਆ ਗਏ ਤੇ ਉਨ੍ਹਾਂ ਨੇ ਸੜਕ 'ਤੇ ਹੀ ਧਰਨਾ ਲਗਾ ਦਿੱਤਾ ਸੀ। ਬਾਅਦ 'ਚ ਸੁਦਾਮਾ ਮਾਰਕੀਟ ਦੇ ਦੁਕਾਨਦਾਰਾਂ ਨੇ ਫੱੁੱਟਪਾਥ ਨੂੰ ਹੀ ਖਤਮ ਕਰਕੇ ਕਈ-ਕਈ ਫੁੱਟ ਅੱਗੇ ਤੱਕ ਅਸਥਾਈ ਕਬਜ਼ੇ ਕਰ ਲਏ। ਇਨ੍ਹੀਂ ਦਿਨੀਂ ਮਾਰਕੀਟ ਦੇ 20 ਫੁੱਟ ਅੱਗੇ ਤੱਕ ਆ ਕੇ ਉਥੇ ਫੋਲਡਿੰਗ ਬੈੱਡ ਵਿਛਾ ਦਿੱਤੇ ਜਾਂਦੇ ਹਨ, ਜਿਸ ਕਾਰਨ ਇਥੇ ਹਮੇਸ਼ਾ ਟ੍ਰੈਫਿਕ ਜਾਮ ਲੱਗਾ ਰਹਿੰਦਾ ਹੈ। ਅੱਜ ਵੀ ਨਿਗਮ ਟੀਮ ਆਉਣ ਦੀ ਸੂਚਨਾ ਮਿਲਣ 'ਤੇ ਦੁਕਾਨਦਾਰਾਂ ਨੇ ਕੁਝ ਮਿੰਟਾਂ ਲਈ ਕਬਜ਼ੇ ਹਟਾ ਦਿੱਤੇ ਅਤੇ ਵਿਧਾਇਕ ਅਤੇ ਮੇਅਰ ਦੇ ਜਾਂਦਿਆਂ ਹੀ ਦੁਬਾਰਾ ਸੜਕ 'ਤੇ ਕਬਜ਼ੇ ਕਰ ਲਏ।
ਨਿਗਮ ਦੇ ਨਾਂ ਟਰਾਂਸਫਰ ਹੈ 18 ਕਨਾਲ 17 ਮਰਲੇ ਜਗ੍ਹਾ
ਸੁਦਾਮਾ ਮਾਰਕੀਟ, ਜਿਸ ਦੀ ਬੀਤੇ ਦਿਨ ਨਿਸ਼ਾਨਦੇਹੀ ਦੇ ਹੁਕਮ ਜਾਰੀ ਕੀਤੇ ਗਏ ਉਹ ਸੈਂਟਰਲ ਗਵਰਨਮੈਂਟ ਤੇ ਵਕਫ ਬੋਰਡ ਦੀ ਜ਼ਮੀਨ 'ਤੇ ਸਥਿਤ ਹੈ। ਨਿਸ਼ਾਨਦੇਹੀ ਦੇ ਬਾਅਦ ਹੀ ਪੂਰੀ ਸਥਿਤੀ ਕਲੀਅਰ ਹੋਵੇਗੀ। ਨਿਗਮ ਸੂਤਰਾਂ ਅਨੁਸਾਰ ਸੈਂਟਰਲ ਗਵਰਨਮੈਂਟ ਦੀ 18 ਕਨਾਲ 17 ਮਰਲੇ ਜਗ੍ਹਾ ਨਗਰ ਨਿਗਮ ਦੇ ਨਾਂ ਟਰਾਂਸਫਰ ਹੋ ਚੁੱਕੀ ਹੈ। ਨਿਗਮ ਪਹਿਲਾਂ ਆਪਣੀ ਜਗ੍ਹਾ ਦਾ ਕਬਜ਼ਾ ਲੈਣ ਦਾ ਇੱਛੁਕ ਹੈ ਅਤੇ ਉਸ ਦੇ ਬਾਅਦ ਕਿਸੇ ਪ੍ਰਾਜੈਕਟ ਆਦਿ 'ਤੇ ਵਿਚਾਰ ਕੀਤਾ ਜਾਵੇਗਾ।
ਬੀਤੇ ਕੁਝ ਦਿਨਾਂ ਤੋਂ ਕਿਸਾਨ ਦੀ ਲਾਸ਼ ਰੱਖ ਕੇ ਦਿੱਤਾ ਜਾ ਰਿਹਾ ਸੀ ਧਰਨਾ, ਹੋਇਆ ਸਸਕਾਰ
NEXT STORY