ਅੰਮ੍ਰਿਤਸਰ, (ਦਲਜੀਤ)- ਮੈਡੀਕਲ ਕਾਲਜ ਦੇ ਇਕ ਸੀਨੀਅਰ ਡਾਕਟਰ ਵੱਲੋਂ ਐੱਮ. ਡੀ. ਦੀ ਪਡ਼੍ਹਾਈ ਕਰਨ ਵਾਲੇ ਵਿਦਿਆਰਥੀਆਂ ਨੂੰ ਰਿਲੀਵਿੰਗ ਲੈਟਰ ਦੇਣ ਸਬੰਧੀ ਮੋਟੇ ਪੈਸੇ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਨੇ ਉਕਤ ਖੁਲਾਸਾ ਕਰਦਿਅਾਂ ਕਾਲਜ ਦੇ ਇਕ ਸੀਨੀਅਰ ਪ੍ਰੋਫੈਸਰ ’ਤੇ ਪਡ਼੍ਹਾਈ ਦੌਰਾਨ ਵੱਖ-ਵੱਖ ਪਡ਼ਾਵਾਂ ਤਹਿਤ ਪੈਸਿਆਂ ਤੋਂ ਇਲਾਵਾ ਦੀਵਾਲੀ ’ਤੇ ਮਨਚਾਹੇ ਗਿਫਟ ਲੈਣ ਸਬੰਧੀ ਗੰਭੀਰ ਦੋਸ਼ ਲਾਏ ਹਨ। ਉਹ ਇਸ ਸਬੰਧੀ ਸਿਹਤ ਵਿਭਾਗ ਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਨੂੰ ਵੀ ਸ਼ਿਕਾਇਤ ਕਰਨ ਜਾ ਰਹੇ ਹਨ।
ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਅਤੇ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਡਾ. ਗਗਨਦੀਪ ਸਿੰਘ ਸ਼ੇਰਗਿੱਲ ਨੇ ਕਿਹਾ ਕਿ ਮੈਡੀਕਲ ਕਾਲਜ ਵਿਚ ਇਕ ਸੀਨੀਅਰ ਪ੍ਰੋਫੈਸਰ ਐੱਮ. ਡੀ. ਦੀ ਪਡ਼੍ਹਾਈ ਕਰਨ ਵਾਲੇ ਡਾਕਟਰਾਂ ਦਾ ਸ਼ੋਸ਼ਣ ਕਰ ਰਿਹਾ ਹੈ। ਥੀਸਿਜ਼ ਜਮ੍ਹਾ ਕਰਵਾਉਣ, ਪਲਾਨ ਜਮ੍ਹਾ ਕਰਵਾਉਣ, ਨੰਬਰ ਲਾਉਣ ਲਈ ਪੈਸੇ ਲੈਣ ਤੋਂ ਇਲਾਵਾ ਦੀਵਾਲੀ ’ਤੇ ਉਕਤ ਪ੍ਰੋਫੈਸਰ ਮਨਚਾਹੇ ਗਿਫਟ ਮੰਗਵਾਉਣ ਲਈ ਵਿਦਿਆਰਥੀਆਂ ’ਤੇ ਦਬਾਅ ਬਣਾਉਂਦਾ ਹੈ, ਜਦੋਂ ਕੋਈ ਵਿਦਿਆਰਥੀ ਪ੍ਰੋਫੈਸਰ ਦੀ ਵੰਗਾਰ ਝੱਲਣ ਤੋਂ ਮਨ੍ਹਾ ਕਰਦਾ ਹੈ ਤਾਂ ਪ੍ਰੋਫੈਸਰ ਕਿਤੇ ਨਾ ਕਿਤੇ ਕੋਈ ਗਲਤੀ ਕੱਢ ਕੇ ਵਿਦਿਆਰਥੀ ਨੂੰ ਪ੍ਰੇਸ਼ਾਨ ਕਰਦਾ ਹੈ। ਮੈਡੀਕਲ ਕਾਲਜ ’ਚ ਪਡ਼ਾਈ ਕਰਨ ਵਾਲੇ ਤਕਰੀਬਨ ਸਾਰੇ ਹੀ ਵਿਦਿਆਰਥੀ ਉਕਤ ਪ੍ਰੋਫੈਸਰ ਤੋਂ ਕਾਫੀ ਦੁਖੀ ਹਨ।
ਡਾ. ਸ਼ੇਰਗਿੱਲ ਨੇ ਕਿਹਾ ਕਿ ਉਸ ਨੇ ਆਪਣੀ ਪਡ਼੍ਹਾਈ ਦੌਰਾਨ ਡਾਕਟਰ ਦੇ ਇਹ ਸਾਰੇ ਤਸੀਹੇ ਝੱਲੇ ਹਨ। ਹੁਣ ਐੱਮ. ਡੀ. ਦੀ ਪਡ਼੍ਹਾਈ ਮੈਡੀਕਲ ਕਾਲਜ ਵਿਚ ਉਸ ਦੀ ਮੁਕੰਮਲ ਹੋ ਗਈ ਅਤੇ ਪਿਛਲੀ ਦਿਨੀਂ ਉਹ ਰਿਲੀਵਿੰਗ ਲੈਟਰ ਲੈਣ ਸਬੰਧੀ ਸਪੈਸ਼ਲ ਕਾਲਜ ਆਏ ਸਨ ਪਰ ਉਕਤ ਪ੍ਰੋਫੈਸਰ ਨੇ ਸਪੱਸ਼ਟ ਕਹਿ ਦਿੱਤਾ ਕਿ ਜਦੋੋਂ ਤੱਕ ਉਸ ਨੂੰ ਪੈਸੇ ਨਹੀਂ ਦਿੰਦੇ ਉਦੋਂ ਤੱਕ ਰਿਲੀਵਿੰਗ ਲੈਟਰ ਨਹੀਂ ਮਿਲੇਗਾ। ਡਾ. ਸ਼ੇਰਗਿੱਲ ਨੇ ਕਿਹਾ ਕਿ ਮਾਪੇ ਬਡ਼ੀ ਮਿਹਨਤ ਨਾਲ ਆਪਣੇ ਬੱਚਿਅਾਂ ਨੂੰ ਐੱਮ. ਡੀ. ਪਡ਼੍ਹਾਈ ਕਰਵਾਉਂਦੇ ਹਨ ਪਰ ਉਕਤ ਪ੍ਰੋਫੈਸਰ ਵਰਗੇ ਲੋਕ ਡਾਕਟਰੀ ਪੇਸ਼ੇ ਨੂੰ ਬਦਨਾਮ ਕਰ ਕੇ ਮਾਪਿਆਂ ਦੇ ਨਾਲ-ਨਾਲ ਵਿਦਿਆਰਥੀਆਂ ਦਾ ਆਰਥਿਕ ਸ਼ੋਸ਼ਣ ਤੋਂ ਇਲਾਵਾ ਮਾਨਸਿਕ ਸ਼ੋਸ਼ਣ ਵੀ ਕਰਦੇ ਰਹਿੰਦੇ ਹਨ। ਉਹ ਜਲਦ ਹੀ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਸਿਹਤ ਵਿਭਾਗ ਤੇ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਦੇ ਡਾਇਰੈਕਟਰ ਨੂੰ ਵੀ ਕਰਨਗੇ।
ਕੀ ਕਹਿਣਾ ਹੈ ਸਬੰਧਤ ਪ੍ਰੋਫੈਸਰ ਦਾ : ਇਸ ਸਬੰਧੀ ਜਦੋਂ ਉਕਤ ਪ੍ਰੋਫੈਸਰ ਨਾਲ ਫੋਨ ’ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਡਾ. ਗਗਨਦੀਪ ਸਿੰਘ ਸ਼ੇਰਗਿੱਲ ਮੈਡੀਕਲ ਕਾਲਜ ਦੇ ਆਫੀਸ਼ੀਅਲ ਦਸਤਾਵੇਜ਼ ਜਮ੍ਹਾ ਨਹੀਂ ਕਰਵਾ ਰਹੇ, ਜਿਸ ਕਰ ਕੇ ਉਨ੍ਹਾਂ ਨੂੰ ਰਿਲੀਵਿੰਗ ਲੈਟਰ ਨਹੀਂ ਦਿੱਤਾ ਜਾ ਰਿਹਾ। ਡਾ. ਸ਼ੇਰਗਿੱਲ ਨੇ ਉਨ੍ਹਾਂ ਨੂੰ ਡੀ. ਆਰ. ਐੱਮ. ਈ. ਤੋਂ ਵੀ ਇਸ ਸਬੰਧੀ ਫੋਨ ਕਰਵਾਇਆ ਹੈ। ਕਾਲਜ ਦੇ ਇਕ ਸਾਬਕਾ ਪ੍ਰੋਫੈਸਰ ਦੀ ਸ਼ਹਿ ’ਤੇ ਉਹ ਉਨ੍ਹਾਂ ’ਤੇ ਝੂਠੇ ਦੋਸ਼ ਲਾ ਰਿਹਾ ਹੈ। ਉਨ੍ਹਾਂ ਕਦੇ ਵੀ ਕਿਸੇ ਕੋਲੋਂ ਨਾ ਤਾਂ ਪੈਸੇ ਮੰਗੇ ਹਨ ਤੇ ਨਾ ਹੀ ਕਿਸੇ ਗਿਫਟ ਦੀ ਮੰਗ ਕੀਤੀ ਹੈ।
ਗੁਰੂ ਨਾਨਕ ਦੇਵ ਹਸਪਤਾਲ ’ਚ ਬਾਇਓਵੇਸਟ ਨਿਯਮਾਂ ਦੀਆਂ ਉਡੀਅਾਂ ਧੱਜੀਆਂ
NEXT STORY