ਮੋਹਾਲੀ, (ਕੁਲਦੀਪ)- ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੇ ਚੰਡੀਗਡ਼੍ਹ ਹੋਮਗਾਰਡ ਦੇ ਇਕ ਹੋਰ ਜਵਾਨ ਤੇ ਪੀ. ਜੀ. ਆਈ. ਚੰਡੀਗਡ਼੍ਹ ਦੀ ਐਮਰਜੈਂਸੀ ਦੇ ਨਜ਼ਦੀਕ ਸਥਿਤ ਮੈਡੀਕਲ ਸਟੋਰ ਦੇ ਕਰਿੰਦੇ ਨੂੰ 60 ਗਰਾਮ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਜੇ ਕੁਮਾਰ ਸ਼ਰਮਾ ਤੇ ਨਵੀ ਸੂਦ ਵਜੋਂ ਹੋਈ। ਦੋਵਾਂ ਖਿਲਾਫ ਐੱਸ. ਟੀ. ਐੱਫ. ਪੁਲਸ ਸਟੇਸ਼ਨ ਫੇਜ਼-4 ਵਿਚ ਕੇਸ ਦਰਜ ਕਰ ਲਿਆ ਗਿਆ ਹੈ। ਅੱਜ ਉਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ, ਜਿਸ ਦੌਰਾਨ ਦੋਵਾਂ ਨੂੰ ਇਕ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
ਐੱਸ. ਟੀ. ਐੱਫ. ਦੇ ਐੱਸ. ਪੀ. ਰਾਜਿੰਦਰ ਸਿੰਘ ਸੋਹਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੇਜ਼-6 ਸਥਿਤ ਦਾਰਾ ਸਟੂਡੀਓ ਚੌਕ ਦੇ ਨਜ਼ਦੀਕ ਨਾਕਾਬੰਦੀ ਕਰ ਕੇ ਏ. ਐੱਸ. ਆਈ. ਮਲਕੀਤ ਸਿੰਘ ਦੀ ਅਗਵਾਈ ਵਾਲੀ ਪੁਲਸ ਪਾਰਟੀ ਨੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ 'ਚੋਂ ਅਜੇ ਕੁਮਾਰ ਸ਼ਰਮਾ ਚੰਡੀਗਡ਼੍ਹ ਹੋਮਗਾਰਡ ਵਿਚ ਪੁਲਸ ਸਟੇਸ਼ਨ ਸੈਕਟਰ-17 ਵਿਚ ਤਾਇਨਾਤ ਹੈ ਜੋ ਕਿ ਸੈਕਟਰ-22 ਚੰਡੀਗਡ਼੍ਹ ਦਾ ਹੀ ਰਹਿਣ ਵਾਲਾ ਹੈ। ਦੂਜਾ ਮੁਲਜ਼ਮ ਨਵੀ ਸੂਦ ਮਿਲਕ ਕਾਲੋਨੀ ਪਿੰਡ ਧਨਾਸ (ਚੰਡੀਗਡ਼੍ਹ) ਦਾ ਰਹਿਣ ਵਾਲਾ ਹੈ ਤੇ ਪੀ. ਜੀ. ਆਈ. ਚੰਡੀਗਡ਼੍ਹ ਦੀ ਐਮਰਜੈਂਸੀ ਦੇ ਨਜ਼ਦੀਕ ਸਥਿਤ ਇਕ ਮੈਡੀਕਲ ਸਟੋਰ ਵਿਚ ਕੰਮ ਕਰਦਾ ਹੈ। ਦੋਵੇਂ ਸਮੱਗਲਰ ਸਫੈਦ ਰੰਗ ਦੀ ਵਰਨਾ ਕਾਰ ਵਿਚ ਦਿੱਲੀ ਤੋਂ ਹੈਰੋਇਨ ਲਿਆ ਕੇ ਮੋਹਾਲੀ ਖੇਤਰ ਵਿਚ ਸਪਲਾਈ ਕਰਦੇ ਸਨ। ਉਨ੍ਹਾਂ ਦੱਸਿਆ ਕਿ ਮੈਡੀਕਲ ਸਟੋਰ ਦਾ ਕਰਿੰਦਾ ਨਵੀ ਸੂਦ ਖੁਦ ਵੀ ਬਹੁਤ ਜ਼ਿਆਦਾ ਨਸ਼ੇ ਕਰਨ ਦਾ ਆਦੀ ਹੈ।
ਪਹਿਲਾਂ ਵੀ ਫਡ਼ਿਆ ਜਾ ਚੁੱਕਾ ਹੋਮਗਾਰਡ ਦਾ ਇਕ ਹੋਰ ਜਵਾਨ : ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮ ਚੰਡੀਗਡ਼੍ਹ ਨੰਬਰ ਦੀ ਵਰਨਾ ਕਾਰ ਵਿਚ ਦਿੱਲੀ ਤੋਂ ਹੈਰੋਇਨ ਲੈ ਕੇ ਆਉਂਦੇ ਸਨ ਅਤੇ ਮੋਹਾਲੀ ਖੇਤਰ ਵਿਚ ਆ ਕੇ ਵੇਚ ਦਿੰਦੇ ਸਨ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਐੱਸ. ਟੀ. ਐੱਫ. ਨੇ ਚੰਡੀਗਡ਼੍ਹ ਹੋਮਗਾਰਡ ਦੇ ਹੀ ਇਕ ਹੋਰ ਮੁਲਾਜ਼ਮ ਧਰਮਪਾਲ ਨੂੰ ਵੀ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਜੋ ਕਿ ਸੈਕਟਰ-26 ਚੰਡੀਗਡ਼੍ਹ ਸਥਿਤ ਪੁਲਸ ਲਾਈਨ ਵਿਚ ਤਾਇਨਾਤ ਹੈ।
5 ਸਾਲਾਂ ਤੋਂ ਨਾਜਾਇਜ਼ ਤੌਰ ’ਤੇ ਟਿਊਬਵੈੱਲ ਕੁਨੈਕਸ਼ਨ ਚਲਾਉਣ ਵਾਲੇ ਖਿਲਾਫ ਨਹੀਂ ਹੋ ਰਹੀ ਕਾਰਵਾਈ
NEXT STORY