ਫ਼ਰੀਦਕੋਟ (ਹਾਲੀ)- ਇਕੋ ਨਾਂ ਦਾ ਫਾਇਦਾ ਉਠਾ ਕੇ ਇਕ ਕਿਸਾਨ ਦਾ ਟਿਊਬਵੈੱਲ ਕੁਨੈਕਸ਼ਨ ਲਗਾਤਾਰ 5 ਸਾਲ ਨਾਜਾਇਜ਼ ਤੌਰ ’ਤੇ ਚਲਾਉਣ ਵਾਲੇ ਖਿਲਾਫ ਕਾਰਵਾਈ ਕਰਵਾਉਣ ਲਈ ਕਿਸਾਨ ਪਰਿਵਾਰ ਨੂੰ ਪਿਛਲੇ 2 ਮਹੀਨਿਆਂ ਤੋਂ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। ਨਾਜਾਇਜ਼ ਕੁਨੈਕਸ਼ਨ ਕੱਟਣ ਉਪਰੰਤ ਸਹੀ ਜਗ੍ਹਾ ’ਤੇ ਕੁਨੈਕਸ਼ਨ ਜੁਡ਼ਵਾਉਣ ਲਈ ਵੀ ਇਸ ਕਿਸਾਨ ਨੂੰ ਅਧਿਕਾਰੀਆਂ ਦੇ ਦਫਤਰਾਂ ਦੇ ਚੱਕਰ ਲਾਉਣੇ ਪੈ ਰਹੇ ਹਨ।
ਜਾਣਕਾਰੀ ਦਿੰਦਿਆਂ ਫਰੀਦਕੋਟ ਨਿਵਾਸੀ ਜਗਸੀਰ ਸਿੰਘ ਪੁੱਤਰ ਕਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਹਿਲਾਂ ਜ਼ਮੀਨ ਬਾਘਾਪੁਰਾਣਾ ਤਹਿਸੀਲ ਅਧੀਨ ਆਉਂਦੇ ਪਿੰਡ ਨੱਥੂਵਾਲਾ ਵਿਖੇ ਸੀ, ਜਿੱਥੇ ਉਨ੍ਹਾਂ ਨਵਾਂ ਟਿਊਬਵੈੱਲ ਕੁਨੈਕਸ਼ਨ ਲੈਣ ਲਈ 1997 ਵਿਚ ਸਕਿਓਰਿਟੀ ਜਮ੍ਹਾ ਕਰਵਾਈ ਸੀ। ਬਾਅਦ ਵਿਚ ਇਹ ਜ਼ਮੀਨ ਉਨ੍ਹਾਂ ਨੇ ਵੇਚ ਕੇ ਫਰੀਦਕੋਟ ਜ਼ਿਲੇ ਦੇ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਲੈ ਲਈ ਅਤੇ ਮੋਟਰ ਕੁਨੈਕਸ਼ਨ ਵੀ ਇੱਥੇ ਹੀ ਲਾਉਣ ਲਈ ਆਪਣੀ ਸਕਿਊਰਿਟੀ 2006 ਵਿਚ ਬਾਘਾਪੁਰਾਣਾ ਤੋਂ ਪਾਵਰਕਾਮ ਦੇ ਐੱਸ. ਡੀ. ਓ. ਸਾਦਿਕ ਤੋਂ ਤਬਦੀਲ ਕਰਵਾ ਲਈ।
ਉਸ ਨੇ ਦੱਸਿਆ ਕਿ 2018 ਤੱਕ ਜਦੋਂ ਉਨ੍ਹਾਂ ਨੂੰ ਕੁਨੈਕਸ਼ਨ ਨਾ ਮਿਲਿਆ ਤਾਂ ਉਨ੍ਹਾਂ ਮਈ ਮਹੀਨੇ ’ਚ ਸਬੰਧਤ ਦਫਤਰ ਜਾ ਕੇ ਪਡ਼ਤਾਲ ਕੀਤੀ ਤਾਂ ਪਤਾ ਲੱਗਾ ਕਿ ਉਨ੍ਹਾਂ ਦਾ ਕੁਨੈਕਸ਼ਨ ਤਾਂ 2013 ਤੋਂ ਹੀ ਇਸੇ ਨਾਂ ਦੇ ਵਿਅਕਤੀ ਦੀ ਜ਼ਮੀਨ ਵਿਚ ਚੱਲ ਰਿਹਾ ਹੈ।
ਇਸ ਸਬੰਧੀ ਸ਼ਿਕਾਇਤ ਕਰਨ ’ਤੇ ਐੱਸ. ਡੀ. ਓ., ਐਕਸੀਐਨ ਅਤੇ ਐੱਸ. ਈ. ਫਰੀਦਕੋਟ ਨੇ ਮਾਮਲੇ ਦੀ ਪਡ਼ਤਾਲ ਕੀਤੀ ਅਤੇ ਸਾਰਾ ਮਾਮਲਾ ਸਹੀ ਪਾਇਆ। ਇਸ ਉਪਰੰਤ ਉਨ੍ਹਾਂ 16 ਜੂਨ ਨੂੰ ਇਹ ਕੁਨੈਕਸ਼ਨ ਕੱਟ ਦਿੱਤਾ। ਐੱਸ. ਡੀ. ਓ. ਪਾਵਰਕਾਮ ਸਾਦਿਕ ਨੇ ਐੱਸ. ਐੱਚ. ਓ. ਸਾਦਿਕ ਨੂੰ ਇਕ ਪੱਤਰ 10 ਜੁਲਾਈ ਨੂੰ ਲਿਖ ਕੇ ਦੱਸਿਆ ਕਿ ਕਿਉਂਕਿ ਦੋਵਾਂ ਦਾ ਨਾਂ ਇਕੋ ਸੀ, ਇਸ ਕਰ ਕੇ ਬਿਨਾਂ ਸਕਿਓਰਿਟੀ ਭਰੇ ਅਤੇ ਬਿਨਾਂ ਕੋਈ ਹੋਰ ਫੀਸ ਜਮ੍ਹਾ ਕਰਵਾਏ ਸ਼ੇਰ ਸਿੰਘ ਵਾਲਾ ਦੇ ਵਿਅਕਤੀ ਨੇ ਧੋਖੇ ਨਾਲ ਮੋਟਰ ਕੁਨੈਕਸ਼ਨ ਆਪਣੇ ਖੇਤ ਲਵਾ ਲਿਆ ਹੈ। ਇਸ ਸਬੰਧੀ ਪਡ਼ਤਾਲ ਹੋ ਚੁੱਕੀ ਹੈ ਅਤੇ ਇਸ ਦਾ ਕੁਨਕੈਸ਼ਨ ਵੀ ਕੱਟ ਦਿੱਤਾ ਗਿਆ ਹੈ ਪਰ ਇਸ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਣੀ ਬਾਕੀ ਹੈ। ਉਨ੍ਹਾਂ ਇਸ ਵਿਅਕਤੀ ਖਿਲਾਫ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਸ ਬਾਰੇ ਜਦੋਂ ਥਾਣਾ ਸਦਰ ਦੇ ਐੱਸ. ਐੱਚ. ਓ. ਇਕਬਾਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੀਨੀਅਰ ਪੁਲਸ ਕਪਤਾਨ ਦੇ ਦਫਤਰ ਰਾਹੀਂ ਜਦੋਂ ਹੀ ਉਨ੍ਹਾਂ ਨੂੰ ਕਾਰਵਾਈ ਸਬੰਧੀ ਕੋਈ ਪੱਤਰ ਮਿਲੇਗਾ ਤਾਂ ਉਹ ਤਰੁੰਤ ਕਾਨੂੰਨੀ ਰਾਏ ਲੈਣ ਉਪਰੰਤ ਬਣਦੀ ਕਾਰਵਾਈ ਕਰਨਗੇ।
ਏਅਰਫੋਰਸ ਦੇ ਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਲੜਕੀ ਨਾਲ ਕੀਤਾ ਜਬਰ-ਜ਼ਨਾਹ
NEXT STORY