ਸੰਗਰੂਰ (ਵੈੱਬ ਡੈਸਕ): ਆਮ ਆਦਮੀ ਪਾਰਟੀ ਵੱਲੋਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਪੰਜਾਬ ਦੀਆਂ 8 ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਾਰਟੀ ਨੇ ਪੰਜਾਬ ਵਿਚ ਮੌਜੂਦਾ ਵਿਧਾਇਕਾਂ ਅਤੇ ਮੰਤਰੀਆਂ ਨੂੰ ਵੀ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਵਿਚ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਨਾਂ ਵੀ ਸ਼ਾਮਲ ਹੈ। ਉਹ ਸੰਗਰੂਰ ਲੋਕ ਸਭਾ ਸੀਟ ਤੋਂ ਚੋਣ ਲੜਣਗੇ। ਸੰਗਰੂਰ ਦੀ ਸੀਟ ਨੂੰ ਆਮ ਆਦਮੀ ਪਾਰਟੀ ਬੇਹੱਦ ਅਹਿਮ ਮੰਨਦੀ ਹੈ, ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੋਂ ਜਿੱਤ ਕੇ ਲੋਕ ਸਭਾ ਵਿਚ ਪਹੁੰਚੇ ਸਨ। ਉਸ ਮਗਰੋਂ ਹੀ ਆਮ ਆਦਮੀ ਪਾਰਟੀ ਦਾ ਅਧਾਰ ਪੰਜਾਬ ਵਿਚ ਇੰਨਾ ਵਧਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ 117 ਵਿਚੋਂ 92 ਸੀਟਾਂ 'ਤੇ ਜਿੱਤ ਹਾਸਲ ਕੀਤੀ।
ਇਹ ਖ਼ਬਰ ਵੀ ਪੜ੍ਹੋ - 'ਆਪ' ਨੇ ਜਲੰਧਰ ਤੋਂ ਫ਼ਿਰ ਰਿੰਕੂ 'ਤੇ ਖੇਡਿਆ ਦਾਅ, ਪਿਛਲੀ ਵਾਰ ਕਾਂਗਰਸ ਦੇ ਕਿਲ੍ਹੇ ਨੂੰ ਲਾਈ ਸੀ ਸੰਨ੍ਹ
ਅੰਨਾ ਹਜ਼ਾਰੇ ਅੰਦੋਲਨ ਮਗਰੋਂ ਕੀਤੀ ਸਿਆਸਤ 'ਚ ਐਂਟਰੀ
ਗੁਰਮੀਤ ਸਿੰਘ ਮੀਤ ਹੇਅਰ ਦੀ ਗੱਲ ਕਰੀਏ ਤਾਂ ਪਹਿਲਾਂ ਉਨ੍ਹਾਂ ਦਾ ਮੰਤਵ ਸਿਆਸਤ ਵਿਚ ਆਉਣ ਦਾ ਬਿਲਕੁੱਲ ਵੀ ਨਹੀਂ ਸੀ। ਉਹ ਸਿਵਲ ਸਰਵਿਸਿਜ਼ ਵਿਚ ਜਾਣਾ ਚਾਹੁੰਦੇ ਸਨ। 21 ਅਪ੍ਰੈਲ 1989 ਨੂੰ ਬਰਨਾਲਾ ਵਿਖੇ ਪਿਤਾ ਚਮਕੌਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਦੇ ਘਰ ਜਨਮੇ ਮੀਤ ਹੇਅਰ ਨੇ 10ਵੀਂ ਜਮਾਤ ਤੱਕ ਦੀ ਪੜ੍ਹਾਈ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ, ਬਰਨਾਲਾ ਤੋਂ ਕੀਤੀ। ਉਨ੍ਹਾਂ ਨੇ ਨਾਨ ਮੈਡੀਕਲ ਵਿਸ਼ੇ ‘ਚ ਚੰਡੀਗੜ੍ਹ ਤੋਂ 12ਵੀਂ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਬੀ.ਟੈਕ. ਕੀਤੀ ਇਸ ਤੋਂ ਬਾਅਦ ਉਹ UPSC ਦੀ ਤਿਆਰੀ ਕਰਨ ਲੱਗ ਪਏ। ਇਸ ਵਿਚਾਲੇ ਭ੍ਰਿਸ਼ਟਾਚਾਰ ਵਿਰੁੱਧ ਦਿੱਲੀ ‘ਚ ਅੰਨਾ ਹਜ਼ਾਰੇ ਦਾ ਅੰਦੋਲਨ ਚੱਲ ਪਿਆ। ਮੀਤ ਹੇਅਰ ਵੀ ਇਸ ਅੰਨਾ ਹਜ਼ਾਰੇ ਅੰਦੋਲਨ ਨਾਲ ਜੁੜ ਗਏ ਤੇ ਫਿਰ ਅਰਵਿੰਦ ਕੇਜਰੀਵਾਲ ਵੱਲੋਂ ਇਸੇ ਅੰਦੋਲਨ ਤੋਂ ਆਮ ਆਦਮੀ ਪਾਰਟੀ ਦੀ ਸ਼ੁਰੂਆਤ ਕੀਤੀ ਗਈ। ਮੀਤ ਹੇਅਰ ਨੇ ਵੀ ਇਸੇ ਪਾਰਟੀ ਰਾਹੀਂ ਸਿਆਸਤ ਵਿਚ ਕਦਮ ਰੱਖਿਆ ਅਤੇ 2016 ਵਿਚ ਪਾਰਟੀ ਨੇ ਉਨ੍ਹਾਂ ਨੂੰ ਯੂਥ ਵਿੰਗ ਦੇ ਉਪ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੋਸਾਂਝ ਤੋਂ ਪਹਿਲਾਂ ਬੱਬੂ ਮਾਨ ਨੇ ਬਣਨਾ ਸੀ 'ਚਮਕੀਲਾ'! ਇਸ ਕਾਰਨ ਠੁਕਰਾ ਦਿੱਤੀ ਸੀ ਫ਼ਿਲਮ
2017 'ਚ ਪਹਿਲੀ ਵਾਰ ਬਣੇ ਵਿਧਾਇਕ
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਹਲਕਾ ਬਰਨਾਲਾ ਤੋਂ ਮੀਤ ਹੇਅਰ ਨੂੰ ਟਿਕਟ ਦਿੱਤੀ ਸੀ। 27 ਸਾਲ ਦੀ ਉਮਰ ਵਿਚ ਮੀਤ ਹੇਅਰ ਨੇ ਵੱਡੀ ਜਿੱਤ ਹਾਸਲ ਕੀਤੀ ਤੇ ਪਹਿਲੀ ਵਾਰ ਵਿਧਾਇਕ ਬਣੇ। 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਪਾਰਟੀ ਨੇ ਉਨ੍ਹਾਂ ਨੂੰ ਮੁੜ ਹਲਕਾ ਬਰਨਾਲਾ ਤੋਂ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਅਤੇ ਮੀਤ ਹੇਅਰ 37622 ਵੋਟਾਂ ਦੀ ਵੱਡੀ ਲੀਡ ਨਾਲ ਜਿੱਤੇ। ਹਲਕਾ ਬਰਨਾਲਾ ਵਿਚ 25 ਸਾਲਾਂ ਬਾਅਦ ਸੱਤਾਧਾਰੀ ਪਾਰਟੀ ਦਾ ਇਕ ਵਿਧਾਇਕ ਬਣਿਆ ਸੀ। ਉਨ੍ਹਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਬਣੀ ਸਰਕਾਰ ਵਿਚ ਕੈਬਨਿਟ ਮੰਤਰੀ ਵੀ ਬਣਾਇਆ ਗਿਆ। ਇਹ 30 ਸਾਲਾਂ ਬਾਅਦ ਹੋਇਆ ਸੀ ਕਿ ਬਰਨਾਲਾ ਸ਼ਹਿਰ ਤੋਂ ਕੋਈ ਵਿਧਾਇਕ ਕੈਬਨਿਟ ਮੰਤਰੀ ਬਣਿਆ ਹੋਵੇ। ਮੀਤ ਹੇਅਰ ਇਸ ਵੇਲੇ ਪੰਜਾਬ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਮੰਤਰੀ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖ਼ਬਰ: ਬੀਬੀ ਜਗੀਰ ਕੌਰ ਨੇ ਕੀਤੀ ਘਰ ਵਾਪਸੀ, ਅਕਾਲੀ ਦਲ 'ਚ ਮੁੜ ਹੋਏ ਸ਼ਾਮਲ
NEXT STORY