ਜਲੰਧਰ (ਚੋਪੜਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਨਿਗਮ ਚੋਣਾਂ ਨੂੰ ਲੈ ਕੇ ਜਲੰਧਰ ਵਾਸਤੇ ਬਣਾਈ ਕਮੇਟੀ ਨੂੰ ਆਖਿਰਕਾਰ 9 ਮਹੀਨਿਆਂ ਬਾਅਦ ਮੀਟਿੰਗ ਕਰਨ ਦੀ ਯਾਦ ਆਈ ਪਰ ਅੱਜ ਸਥਾਨਕ ਕਾਂਗਰਸ ਭਵਨ ’ਚ ਕਮੇਟੀ ਦੀ ਬੰਦ ਕਮਰਾ ਮੀਟਿੰਗ ਹੋਈ। ਵਰਣਨਯੋਗ ਹੈ ਕਿ ਰਾਜਾ ਵੜਿੰਗ ਨੇ 23 ਨਵੰਬਰ 2022 ਨੂੰ ਜਲੰਧਰ ਦੀ ਕਮੇਟੀ ’ਚ 5 ਮੈਂਬਰਾਂ ਸਾਬਕਾ ਮੰਤਰੀ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ, ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਉਪ ਆਗੂ ਡਾ. ਰਾਜ ਕੁਮਾਰ ਚੱਬੇਵਾਲ, ਗੁਰਕੀਰਤ ਸਿੰਘ ਕੋਟਲੀ ਅਤੇ ਜੁਗਲ ਕਿਸ਼ੋਰ ਸ਼ਰਮਾ ਨੂੰ ਸ਼ਾਮਲ ਕੀਤਾ ਸੀ। ਕਾਂਗਰਸ ਪ੍ਰਧਾਨ ਨੇ ਉਸ ਦੌਰਾਨ ਇਨ੍ਹਾਂ ਸਾਰੇ ਆਗੂਆਂ ’ਤੇ ਜ਼ਿੰਮੇਵਾਰੀ ਪਾਈ ਸੀ ਕਿ ਉਹ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ, ਬਲਾਕ ਕਾਂਗਰਸ ਪ੍ਰਧਾਨ ਅਤੇ ਲੋਕਲ ਲੀਡਰਸ਼ਿਪ ਨਾਲ ਮਿਲ ਕੇ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਛਾਣ ਕਰਨਗੇ ਅਤੇ ਨਾਂ ਸ਼ਾਰਟਲਿਸਟ ਕਰਨਗੇ। ਕਾਂਗਰਸ ਭਵਨ ਪੁੱਜੇ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਡਾ. ਰਾਜ ਕੁਮਾਰ ਚੱਬੇਵਾਲ ਅਤੇ ਗੁਰਕੀਰਤ ਸਿੰਘ ਕੋਟਲੀ ਨੇ ਵਿਧਾਇਕ ਬਾਵਾ ਹੈਨਰੀ, ਰਾਜਿੰਦਰ ਬੇਰੀ ਤੇ ਪਰਗਟ ਸਿੰਘ ਨਾਲ ਲਗਭਗ ਡੇਢ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਹਾਲਾਂਕਿ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਕਮੇਟੀ ਦਾ ਇਕ ਮੈਂਬਰ ਘੱਟ ਗਿਆ ਸੀ ਅਤੇ ਜੁਗਲ ਕਿਸ਼ੋਰ ਸ਼ਰਮਾ ਮੀਟਿੰਗ ’ਚ ਸ਼ਾਮਲ ਨਹੀਂ ਹੋਏ। ਸੂਬਾ ਪ੍ਰਧਾਨ ਨੇ ਕਮੇਟੀ ਨੂੰ ਜ਼ਿੰਮੇਵਾਰੀ ਸੌਂਪੀ ਸੀ ਕਿ ਉਹ ਜ਼ਿਲ੍ਹਾ ਕਾਂਗਰਸ ਦੇ ਪ੍ਰਧਾਨ, ਬਲਾਕ ਕਾਂਗਰਸ ਪ੍ਰਧਾਨਾਂ ਅਤੇ ਲੋਕਲ ਲੀਡਰਸ਼ਿਪ ਨਾਲ ਮਿਲ ਕੇ ਨਿਗਮ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਪਛਾਣ ਕਰਨਗੇ ਪਰ ਕਮੇਟੀ ਦੇ ਮੈਂਬਰ ਵੱਲੋਂ ਜ਼ਿਲੇ ਨਾਲ ਸਬੰਧਤ ਕਿਸੇ ਵੀ ਸੀਨੀਅਰ ਲੀਡਰਸ਼ਿਪ, ਅਹੁਦੇਦਾਰਾਂ ਅਤੇ ਵਰਕਰਾਂ ਨੂੰ ਆਪਣੇ ਆਉਣ ਦੀ ਭਿਣਕ ਤਕ ਨਹੀਂ ਲੱਗਣ ਦਿੱਤੀ, ਜਿਸ ਦਾ ਪਤਾ ਲੱਗਣ ’ਤੇ ਕਾਂਗਰਸ ਵਰਕਰਾਂ ’ਚ ਭਾਰੀ ਰੋਸ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੇ ਫ਼ੈਸਲੇ ਨਾਲ ਖ਼ਤਮ ਹੋਵੇਗੀ ਪਟਵਾਰੀਆਂ ਦੀ 'ਫਰਲੋ', ਪ੍ਰਾਈਵੇਟ ਕਾਮਿਆਂ ਤੋਂ ਛੁੱਟੇਗਾ ਪਿੱਛਾ
ਇਸ ਸੰਦਰਭ ’ਚ ਜਦੋਂ ਇਕ ਸੀਨੀਅਰ ਲੀਡਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਜਲੰਧਰ ਨਿਗਮ ਦੀਆਂ ਚੋਣਾਂ ਦੀ ਵਾਰਡਬੰਦੀ ਸਬੰਧੀ ਪਟੀਸ਼ਨ ਪੈਂਡਿੰਗ ਹੋਣ ਕਾਰਨ ਵੀ ਨਿਗਮ ਚੋਣਾਂ ਕਦੋਂ ਹੋਣਗੀਆਂ, ਇਸ ’ਤੇ ਭੰਬਲਭੂਸਾ ਬਰਕਰਾਰ ਹੈ, ਜਿਸ ਕਾਰਨ ਮੀਟਿੰਗ ’ਚ ਸਿਰਫ਼ ਹਲਕੀ-ਫੁਲਕੀ ਚਰਚਾ ਤੋਂ ਇਲਾਵਾ ਜ਼ਿਲ੍ਹਾ ਕਾਂਗਰਸ ਦੇ ਜਥੇਬੰਦਕ ਢਾਂਚੇ ’ਚ ਵਿਸਤਾਰ ਨੂੰ ਲੈ ਕੇ ਚਰਚਾ ਕੀਤੀ ਗਈ ਹੈ। ਜਦੋਂ ਉਕਤ ਆਗੂਆਂ ਤੋਂ ਪੁੱਛਿਆ ਕਿ ਜਦੋਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਅੱਜ ਤਕ ਆਪਣੇ ਅਹੁਦੇਦਾਰਾਂ ਦੀ ਸੂਚੀ ਹੀ ਨਹੀਂ ਐਲਾਨ ਸਕੇ ਹਨ ਤਾਂ ਜਥੇਬੰਦੀ ਵਿਚ ਵਿਸਤਾਰ ਕਿਥੋਂ ਆ ਗਿਆ ਤਾਂ ਉਨ੍ਹਾਂ ਗੱਲ ਨੂੰ ਘੁਮਾ-ਫਿਰਾ ਕੇ ਆਪਣਾ ਪੱਲਾ ਝਾੜ ਲਿਆ। ਦੂਜੇ ਪਾਸੇ ਨਾਂ ਨਾ ਛਾਪਣ ਦੀ ਸ਼ਰਤ ’ਤੇ ਕੁਝ ਕਾਂਗਰਸੀਆਂ ਨੇ ਦੱਸਿਆ ਕਿ ਪੰਜਾਬ ’ਚ ਕਾਂਗਰਸ ਦੀ ਹੋ ਰਹੀ ਦੁਰਦਸ਼ਾ ਕਿਸੇ ਤੋਂ ਲੁਕੀ ਨਹੀਂ ਹੈ। ਪਾਰਟੀ ਵਰਕਰ ਖੁਦ ਨੂੰ ਨਿਰਾਸ਼ ਮਹਿਸੂਸ ਕਰ ਰਿਹਾ ਹੈ। ਪਾਰਟੀ ਆਗੂਆਂ ਦੀ ਕਾਰਜਸ਼ੈਲੀ ਅਤੇ ਵਰਕਰਾਂ ਦੀ ਅਣਦੇਖੀ ਕਾਰਨ ਵਰਕਰ ਕਾਂਗਰਸ ਦਾ ਹੱਥ ਛੱਡ ਕੇ ਦੂਜੀਆਂ ਪਾਰਟੀਆਂ ਦਾ ਰੁਖ਼ ਕਰ ਰਹੇ ਹਨ। ਅਜਿਹੇ ਹਾਲਾਤ ’ਚ ਵੀ ਸੀਨੀਅਰ ਆਗੂਆਂ ਵੱਲੋਂ ਹਾਈ-ਪ੍ਰੋਫਾਈਲ ਢੰਗ ਨਾਲ ਕੀਤੀ ਮੀਟਿੰਗ ਤੋਂ ਕਾਂਗਰਸੀ ਵਰਕਰਾਂ ਨੂੰ ਦੂਰ ਰੱਖਣਾ ਪਾਰਟੀ ਦੇ ਟੁੱਟਣ ਦੀ ਰਹੀ-ਸਹੀ ਕਸਰ ਪੂਰੀ ਕਰੇਗਾ। ਜੇਕਰ ਕਾਂਗਰਸੀ ਆਗੂ ਅਜੇ ਵੀ ਨਾ ਸੰਭਲੇ ਤਾਂ ਇਸਦਾ ਖਮਿਆਜ਼ਾ ਨਗਰ ਨਿਗਮ ਦੀਆਂ ਚੋਣਾਂ ’ਚ ਕਾਂਗਰਸ ਲਈ ਭੁਗਤਣਾ ਤੈਅ ਹੈ।
ਇਹ ਵੀ ਪੜ੍ਹੋ : ਸੰਨੀ ਦਿਓਲ ਵੱਲੋਂ ਤੌਬਾ ਕਰਨ 'ਤੇ ਗੁਰਦਾਸਪੁਰ ਲੋਕ ਸਭਾ ਸੀਟ ’ਤੇ ਅਹਿਮ ਰੋਲ ਨਿਭਾਉਣਗੇ ਨਵੇਂ ਚਿਹਰੇ
ਪਾਰਟੀ ਦੇ ਬਾਗੀਆਂ ਅਤੇ ਅੰਦਰੂਨੀ ਸੱਟ ਮਾਰਨ ਵਾਲੇ ਆਗੂਆਂ ਦੀ ਲਿਸਟ ਮੰਗਣ ’ਤੇ ਵੀ ਖੜ੍ਹੇ ਹੋਏ ਸਵਾਲ
ਜ਼ਿਲ੍ਹਾ ਕਾਂਗਰਸ ਪ੍ਰਧਾਨ ਦੇ ਇਕ ਨਜ਼ਦੀਕੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਸੁੱਖ ਸਰਕਾਰੀਆ, ਡਾ. ਚੱਬੇਵਾਲ ਅਤੇ ਗੁਰਕੀਰਤ ਕੋਟਲੀ ਨੇ ਅਜਿਹੇ ਬਾਗੀ ਤੇਵਰ ਦਿਖਾਉਣ ਵਾਲੇ ਅਤੇ ਪਾਰਟੀ ਨੂੰ ਅੰਦਰੂਨੀ ਸੱਟ ਮਾਰਨ ਵਾਲੇ ਕਾਂਗਰਸੀ ਆਗੂਆਂ ਅਤੇ ਸਾਬਕਾ ਕੌਂਸਲਰਾਂ ਦੀ ਲਿਸਟ ਮੰਗੀ ਹੈ ਤਾਂ ਕਿ ਅਗਲੀਆਂ ਚੋਣਾਂ ’ਚ ਅਜਿਹੇ ਆਗੂਆਂ ਨੂੰ ਟਿਕਟ ਤੋਂ ਸਾਈਡ ਲਾਈਨ ਕਰ ਦਿੱਤਾ ਜਾਵੇ ਪਰ ਲੋਕਲ ਲੀਡਰਸ਼ਿਪ ਤੋਂ ਮੰਗੀ ਗਈ ਸੂਚੀ ਆਪਣੇ-ਆਪ ’ਚ ਵੱਡਾ ਸਵਾਲ ਖੜ੍ਹਾ ਕਰਦੀ ਹੈ। ਜਿਹੜੇ ਲੋਕਲ ਆਗੂਆਂ ਦੀ ਸੂਚੀ ਕਮੇਟੀ ’ਚ ਮੰਗੀ ਹੈ, ਉਨ੍ਹਾਂ ’ਚੋਂ ਕਈ ਚਿਹਰੇ ਪਹਿਲਾਂ ਹੀ ਜਗ-ਜ਼ਾਹਰ ਹਨ।

ਉਨ੍ਹਾਂ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਕਾਂਗਰਸੀ ਉਮੀਦਵਾਰ ਦੇ ਹੱਕ ’ਚ ਕੰਮ ਕਰਨ ਦੀ ਬਜਾਏ ਅੰਦਰਖਾਤੇ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਦੀ ਸਪੋਰਟ ਕੀਤੀ ਹੈ ਪਰ ਹੁਣ ਇਕ ਪਾਸੇ ਕਾਂਗਰਸ ਹਾਈਕਮਾਨ ਇੰਡੀਆ ਗੱਠਜੋੜ ’ਚ ਆਮ ਆਦਮੀ ਪਾਰਟੀ ਨਾਲ ਸਮਝੌਤਾ ਕਰ ਰਹੀ ਹੈ ਅਤੇ ਹੋ ਸਕਦਾ ਹੈ ਕਿ 2024 ਦੀਆਂ ਲੋਕ ਸਭਾ ਚੋਣਾਂ ’ਚ ਕਾਂਗਰਸ ‘ਆਪ’ ਦੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਲਈ ਵੋਟਾਂ ਮੰਗਣ ਵਾਸਤੇ ਚੋਣ ਮੈਦਾਨ ’ਚ ਉਤਰੇ ਤਾਂ ਅਜਿਹੇ ਹਾਲਾਤ ’ਚ ਕਿਸ ਆਧਾਰ ’ਤੇ ਜ਼ਿਮਨੀ ਚੋਣ ’ਚ ਰਿੰਕੂ ਦੀ ਮਦਦ ਕਰਨ ਵਾਲੇ ਆਗੂਆਂ ’ਤੇ ਕਮੇਟੀ ਹਾਈਕਮਾਨ ਨੂੰ ਨਿਗਮ ਚੋਣਾਂ ’ਚ ਟਿਕਟ ਨਾ ਦੇਣ ਅਤੇ ਕਾਰਵਾਈ ਕਰਨ ਦੀ ਸਿਫਾਰਸ਼ ਕਰੇਗੀ।
ਇਹ ਵੀ ਪੜ੍ਹੋ : ਸਟਾਲਿਨ ਦੇ ਵਿਵਾਦਿਤ ਬਿਆਨ 'ਤੇ ਹਿੰਦੂ ਸੰਗਠਨਾਂ 'ਚ ਗੁੱਸਾ, ਆਖ ਦਿੱਤੀ ਇਹ ਗੱਲ
ਜ਼ਿਮਨੀ ਚੋਣ ਦੀ ਉਮੀਦਵਾਰ ਕਰਮਜੀਤ ਚੌਧਰੀ ਨੂੰ ਵੀ ਮੀਟਿੰਗ ਤੋਂ ਰੱਖਿਆ ਦੂਰ
ਜਲੰਧਰ ’ਚ ਲਗਭਗ ਸਾਢੇ 9 ਸਾਲਾਂ ਤਕ ਸੰਸਦ ਮੈਂਬਰ ਬਣ ਕੇ ਕਾਂਗਰਸ ਪਾਰਟੀ ਦਾ ਇਕ ਛਤਰ ਰਾਜ ਕਰਨ ਵਾਲੇ ਸੰਤੋਖ ਸਿੰਘ ਚੌਧਰੀ ਦੇ ਦਿਹਾਂਤ ਤੋਂ ਬਾਅਦ ਕਮੇਟੀ ਮੈਂਬਰਾਂ ਅਤੇ ਲੋਕਲ ਲੀਡਰਸ਼ਿਪ ਨੇ ਚੌਧਰੀ ਪਰਿਵਾਰ ਤੋਂ ਲੱਗਦਾ ਹੈ ਕਿ ਆਪਣੀਆਂ ਅੱਖਾਂ ਫੇਰ ਲਈਆਂ ਹਨ। ਵਰਣਨਯੋਗ ਹੈ ਕਿ ਕਾਂਗਰਸ ਹਾਈਕਮਾਨ ਨੇ ਸੰਸਦ ਮੈਂਬਰ ਚੌਧਰੀ ਦੀ ਪਤਨੀ ਕਰਮਜੀਤ ਕੌਰ ਚੌਧਰੀ ਨੂੰ ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ’ਚ ਉਮੀਦਵਾਰ ਬਣਾਇਆ ਸੀ ਪਰ ਉਹ ਹਾਰ ਗਈ। ਇਹੀ ਕਾਰਨ ਹੈ ਕਿ ਕਾਂਗਰਸ ਭਵਨ ’ਚ ਨਗਰ ਨਿਗਮ ਦੀਆਂ ਚੋਣਾਂ ਦੇ ਬਹਾਨੇ ਸਿਰਫ਼ 6 ਆਗੂਆਂ ਦੀ ਮੀਟਿੰਗ ਤੋਂ ਕਰਮਜੀਤ ਕੌਰ ਚੌਧਰੀ ਨੂੰ ਦੂਰ ਰੱਖਿਆ ਗਿਆ ਹੈ।

ਸੂਤਰਾਂ ਦੀ ਮੰਨੀਏ ਤਾਂ ਕਰਮਜੀਤ ਚੌਧਰੀ ਨੂੰ ਜਾਣਬੁੱਝ ਕੇ ਇਸ ਮੀਟਿੰਗ ਤੋਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਜੇਕਰ ਇਸ ਕਿਆਸ ’ਚ ਸੱਚਾਈ ਹੈ ਤਾਂ ਕੀ ਜਲੰਧਰ ਲੋਕ ਸਭਾ ਸੀਟ ’ਤੇ ਹੁਣ 2024 ਦੀਆਂ ਜਨਰਲ ਲੋਕ ਸਭਾ ਚੋਣਾਂ ’ਚ ਚੌਧਰੀ ਪਰਿਵਾਰ ਦਾ ਦਾਅਵਾ ਠੰਡੇ ਬਸਤੇ ’ਚ ਪਾਉਣ ਦੀ ਅੰਦਰਖਾਤੇ ਪਾਰਟੀ ਨੇ ਤਿਆਰੀ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਕਿਸਾਨਾਂ ਨੂੰ ਬਕਾਇਆ ਤੇ ਹਾਈਵੇ ਸਬੰਧੀ ਮਾਮਲਿਆਂ ਦੇ ਨਿਪਟਾਰੇ ਦਾ ਦਿਵਾਇਆ ਭਰੋਸਾ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਧਿਆਪਕ ਦਿਵਸ ਮੌਕੇ ਪੰਜਾਬ ਦੇ ਸਕੂਲਾਂ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ
NEXT STORY