ਫਤਿਹਗੜ੍ਹ ਸਾਹਿਬ, (ਟਿਵਾਣਾ)- ਸਮੇਂ-ਸਮੇਂ ਦੀਆਂ ਸਰਕਾਰਾਂ ਵੱਲੋਂ ਜਿੱਥੇ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਦੇ ਲਗਾਤਾਰ ਦਾਅਵੇ ਕੀਤੇ ਜਾ ਰਹੇ ਹਨ, ਉਥੇ ਆਂਗਣਵਾੜੀ ਸੈਂਟਰਾਂ 'ਚ ਪੜ੍ਹਨ ਵਾਲੇ ਨੌਨਿਹਾਲਾਂ ਨੂੰ ਮਿਡ-ਡੇ-ਮੀਲ ਹੀ ਉਪਲਬਧ ਨਹੀਂ ਹੋ ਰਿਹਾ ਹੈ, ਜਿਸ ਕਰਕੇ ਲੋਕਾਂ 'ਚ ਸਰਕਾਰ ਪ੍ਰਤੀ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਇਹ ਛੋਟੇ-ਛੋਟੇ ਬੱਚੇ ਆਪਣੇ ਮਾਪਿਆਂ ਤੇ ਘਰਾਂ ਤੋਂ ਦੂਰ ਇਨ੍ਹਾਂ ਸੈਂਟਰਾਂ 'ਚ ਪੜ੍ਹਨ ਲਈ ਆਉਂਦੇ ਹਨ, ਜਿਨ੍ਹਾਂ ਨੂੰ ਦੁਪਹਿਰ ਦੇ ਸਮੇਂ ਜਦੋਂ ਭੁੱਖ ਲੱਗਦੀ ਹੈ ਤਾਂ ਸੈਂਟਰ ਦੇ ਪ੍ਰਬੰਧਕਾਂ ਵੱਲੋਂ ਇਨ੍ਹਾਂ ਵਾਸਤੇ ਖਾਣ ਲਈ ਦਲੀਆ, ਦਾਲ-ਸਬਜ਼ੀ, ਰੋਟੀ ਆਦਿ ਦਾ ਪ੍ਰਬੰਧ ਕੀਤਾ ਜਾਂਦਾ ਹੈ, ਜਿਸ ਕਰਕੇ ਬੱਚੇ ਖੁਸ਼ੀ-ਖੁਸ਼ੀ ਨਾਲ ਸਕੂਲ ਆਉਂਦੇ ਹਨ ਪਰ ਆਂਗਣਵਾੜੀ ਸੈਂਟਰ ਸਾਨੀਪੁਰ ਵਿਖੇ ਪਿਛਲੇ ਕਰੀਬ 6 ਮਹੀਨਿਆਂ ਤੋਂ ਮਿਡ-ਡੇ-ਮੀਲ ਦੀ ਸਪਲਾਈ ਨਹੀਂ ਹੋ ਰਹੀ ਹੈ, ਜਿਸ ਕਾਰਨ ਬੱਚਿਆਂ ਨੂੰ ਸਕੂਲ 'ਚ ਭੁੱਖੇ ਬੈਠਣਾ ਪੈ ਰਿਹਾ ਹੈ ਤੇ ਮਾਪਿਆਂ ਅੰਦਰ ਨਿਰਾਸ਼ਾ ਦਾ ਆਲਮ ਪਾਇਆ ਜਾ ਰਿਹਾ ਹੈ। ਉਹ ਆਪਣੇ ਬੱਚੇ ਸਕੂਲ 'ਚ ਭੇਜਣ ਤੋਂ ਗੁਰੇਜ਼ ਕਰ ਰਹੇ ਹਨ। ਇਸ ਸੈਂਟਰ ਵਿਚ ਕਰੀਬ 10 ਬੱਚੇ ਪੜ੍ਹਦੇ ਸਨ ਪਰ ਹੁਣ ਮਿਡ-ਡੇ-ਮੀਲ ਦੀ ਸਮੱਸਿਆ ਕਾਰਨ ਇੱਥੇ ਸਿਰਫ 6 ਬੱਚੇ ਹੀ ਰਹਿ ਗਏ ਹਨ, ਜਿਨ੍ਹਾਂ ਨੂੰ ਘਰੋਂ ਲਿਆਇਆ ਜਾਂਦਾ ਹੈ। ਇਸ ਮੌਕੇ ਪਿੰਡ ਵਾਸੀਆਂ ਗੁਰਪ੍ਰੀਤ ਸਿੰਘ ਤੇ ਲਖਵੀਰ ਕੁਮਾਰ ਨੇ ਕਿਹਾ ਕਿ ਬੱਚਿਆਂ ਨੂੰ ਇਸ ਸੈਂਟਰ 'ਚ ਦਲੀਆ, ਖੀਰ, ਪੰਜੀਰੀ ਤੇ ਹੋਰ ਖਾਣ ਦਾ ਸਾਮਾਨ ਮਿਲਦਾ ਸੀ, ਜਿਸ ਕਰਕੇ ਬੱਚੇ ਸੈਂਟਰ ਵਿਚ ਬੈਠੇ ਰਹਿੰਦੇ ਸਨ ਤੇ ਮਨ ਵੀ ਪੜ੍ਹਾਈ ਵੱਲ ਲਾਉਂਦੇ ਸੀ ਪਰ ਹੁਣ ਕਾਫੀ ਸਮੇਂ ਤੋਂ ਮਿਡ-ਡੇ-ਮੀਲ ਦਾ ਰਾਸ਼ਨ ਆਉਣਾ ਬੰਦ ਹੋ ਗਿਆ ਹੈ, ਜਿਸ ਕਰਕੇ ਮੁਸ਼ਕਲਾਂ ਪੇਸ਼ ਆ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਖਾਣਾ ਦੇਣ ਦੇ ਨਾਲ-ਨਾਲ ਖੇਡਾਂ ਦਾ ਸਾਮਾਨ ਵੀ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਅੰਦਰ ਦਿਲਚਸਪੀ ਬਣੀ ਰਹੇ। ਇਸ ਮੌਕੇ ਆਸ਼ਾ ਵਰਕਰ ਅਮਰਜੀਤ ਕੌਰ ਨੇ ਕਿਹਾ ਕਿ ਪਿਛਲੇ ਕਰੀਬ 6 ਮਹੀਨੇ ਪਹਿਲਾਂ ਰਾਸ਼ਨ ਆਇਆ ਸੀ, ਜਿਸ ਤੋਂ ਬਾਅਦ ਇਸ ਦੀ ਸਪਲਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਇਹ ਬੱਚੇ ਵੀ ਅਸੀਂ ਖੁਦ ਘਰੋਂ ਲੈ ਕੇ ਆਉਂਦੇ ਹਾਂ ਤੇ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਵੱਲੋਂ ਇਨ੍ਹਾਂ ਨੂੰ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ।
ਕੀ ਕਹਿਣਾ ਹੈ ਜ਼ਿਲਾ ਪ੍ਰੋਗਰਾਮ ਅਫਸਰ ਦਾ : ਇਸ ਮੌਕੇ ਜ਼ਿਲਾ ਪ੍ਰੋਗਰਾਮ ਅਫ਼ਸਰ ਨਰੇਸ਼ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੇ 6 ਮਹੀਨਿਆਂ ਤੋਂ ਬੰਦ ਰਾਸ਼ਨ ਦਾ 87.3 ਲੱਖ ਬਿੱਲ ਭੇਜਿਆ ਗਿਆ ਹੈ ਪਰ ਇਹ ਹਾਲੇ ਤੱਕ ਪਾਸ ਨਹੀਂ ਹੋ ਸਕਿਆ ਹੈ। ਇਹ ਬਿੱਲ ਪਾਸ ਹੁੰਦੇ ਹੀ ਆਂਗਣਵਾੜੀ ਸੈਂਟਰਾਂ ਤੇ ਹੋਰ ਵਿਭਾਗਾਂ 'ਚ ਰਾਸ਼ਨ ਮੁਹੱਈਆ ਕਰਵਾ ਦਿੱਤਾ ਜਾਵੇਗਾ।
ਰੇਲਵੇ ਟਰੈਕ ਤੋਂ ਮਿਲੀ ਅਣਪਛਾਤੀ ਲਾਸ਼
NEXT STORY