ਡੇਰਾਬੱਸੀ (ਅਨਿਲ) - ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਇਲਾਕੇ ਵਿਚ ਜਾਇਜ਼-ਨਾਜਾਇਜ਼ ਮਾਈਨਿੰਗ ਬਿਲਕੁਲ ਬੰਦ ਹੋ ਗਈ ਸੀ। ਡੇਰਾਬੱਸੀ ਖੇਤਰ ਵਿਚ ਮਾਈਨਿੰਗ ਮਾਫੀਆ ਮੁੜ ਪੈਰ ਪਸਾਰ ਰਿਹਾ ਹੈ। ਵਿਧਾਨ ਸਭਾ ਸੈਸ਼ਨ ਖਤਮ ਹੋਣ ਮਗਰੋਂ ਇਨ੍ਹਾਂ ਕਾਰੋਬਾਰ ਮੁੜ ਚਲਾਉਣ ਲਈ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ। ਮਾਈਨਿੰਗ ਸਬੰਧੀ ਜਾਣਕਾਰੀ ਦੇਣ ਦੀ ਬਜਾਏ ਵਿਭਾਗ ਗੋਲ-ਮੋਲ ਜਵਾਬ ਦੇ ਕੇ ਆਪਣਾ ਪੱਲਾ ਝਾੜ ਰਿਹਾ ਹੈ।
ਭਾਂਖਰਪੁਰ ਦੀ 52 ਵਿਘੇ ਦੇ ਕਰੀਬ ਸ਼ਾਮਲਾਟ ਜ਼ਮੀਨ 'ਚੋਂ ਮਾਈਨਿੰਗ ਲਈ ਬੋਲੀ ਹੋਈ ਸੀ। ਮਾਈਨਿੰਗ ਨਿਯਮਾਂ ਮੁਤਾਬਕ ਠੇਕੇਦਾਰ ਵੱਲੋਂ ਉਕਤ ਜ਼ਮੀਨ 'ਚੋਂ 10 ਫੁੱਟ ਤਕ ਜ਼ਮੀਨ ਦੀ ਖੁਦਾਈ ਕੀਤੀ ਜਾ ਸਕਦੀ ਹੈ ਪਰ ਸਰਕਾਰੀ ਨਿਯਮਾਂ ਦੀ ਅਣਦੇਖੀ ਕਰਦਿਆਂ ਜ਼ਮੀਨ 20 ਤੋਂ 25 ਫੁੱਟ ਤਕ ਪੁੱਟ ਦਿੱਤੀ ਗਈ ਹੈ। ਮਾਈਨਿੰਗ ਨਿਯਮਾਂ ਦੀ ਪਾਲਣਾ ਕਰਵਾਉਣ 'ਚ ਪ੍ਰਸ਼ਾਸਨ ਬੁਰੀ ਤਰ੍ਹਾਂ ਫੇਲ ਸਾਬਤ ਹੋ ਰਿਹਾ ਹੈ, ਹਾਲਾਂਕਿ ਉਕਤ ਖੱਡ 'ਚੋਂ ਕਈ ਦਿਨਾਂ ਤੋਂ ਮਾਈਨਿੰਗ ਬੰਦ ਸੀ ਪਰ ਅੱਜ ਇਥੇ ਵੱਡੀ ਗਿਣਤੀ ਵਿਚ ਟਰਾਲੀਆਂ ਰਾਹੀਂ ਮਾਈਨਿੰਗ ਨੂੰ ਮੁੜ ਸ਼ੁਰੂ ਕਰ ਦਿੱਤਾ ਗਿਆ।
ਕੰਡੇ ਦੀ ਪਰਚੀ ਜੋ ਰਾਇਲਟੀ ਲਈ ਦਿੱਤੀ ਜਾਂਦੀ ਹੈ, ਵਿਚ ਵੀ ਕਥਿਤ ਧਾਂਦਲੀ ਹੋ ਰਹੀ ਹੈ। ਪਿੰਡ ਦੀ ਪੰਚਾਇਤ ਨੂੰ ਇਸ ਵਿਚੋਂ 6 ਮਹੀਨਿਆਂ ਬਾਅਦ ਸਿਰਫ 1 ਲੱਖ 30 ਹਜ਼ਾਰ ਰੁਪਏ ਹੀ ਮਿਲਦੇ ਹਨ। ਭਾਂਖਰਪੁਰ ਦੇ ਕਿਸਾਨ ਭੁਪਿੰਦਰ ਸਿੰਘ ਲੱਕੀ ਨੇ ਦੱਸਿਆ ਕਿ ਮੁੱਖ ਮੰਤਰੀ ਦੀ ਕਾਰਵਾਈ ਮਗਰੋਂ ਮਾਈਨਿੰਗ ਮਾਫੀਆ ਮੁੜ ਸਰਗਰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਸਬੰਧੀ ਨਿਰਧਾਰਿਤ ਨਿਯਮ ਦਾ ਕਿਸੇ ਵੀ ਪਿੰਡ ਵਾਸੀ ਨੂੰ ਨਹੀਂ ਪਤਾ ਹੋਵੇਗਾ। ਬਾਕਰਪੁਰ ਪਿੰਡ ਦੇ ਨਜ਼ਦੀਕ ਘੱਗਰ ਨਦੀ ਵਿਚ ਪਾਏ ਡੂੰਘੇ ਪਾੜਾਂ ਵਿਚ ਅੱਜ ਰੇਤਾ ਦੀਆਂ ਟਰਾਲੀਆਂ ਭਰਨੀਆਂ ਸ਼ੁਰੂ ਹੋ ਗਈਆਂ। ਮਾਈਨਿੰਗ ਮਾਫੀਆ ਵਲੋਂ ਪਹਿਲਾਂ ਤੋਂ ਪੁੱਟੀ ਹੋਈ 10 ਫੁੱਟ ਡੂੰਘੀ ਜ਼ਮੀਨ 'ਚੋਂ ਧੜਾ-ਧੜ ਪੁਟਾਈ ਕੀਤੀ ਜਾ ਰਹੀ ਹੈ।
ਭਾਂਖਰਪੁਰ ਵਿਚ ਮਾਈਨਿੰਗ ਕਰਨ ਵਾਲੇ ਠੇਕੇਦਾਰ ਦੇ ਪ੍ਰਬੰਧਕ ਪਰਮਿੰਦਰ ਸਿੰਘ ਨੇ ਕਿਹਾ ਕਿ ਸਭ ਕੁਝ ਕਾਨੂੰਨ ਮੁਤਾਬਕ ਕੀਤਾ ਜਾ ਰਿਹਾ ਹੈ। ਸਰਪੰਚ ਨੇ ਜਿਸ ਜ਼ਮੀਨ 'ਤੇ ਇਤਰਾਜ਼ ਪ੍ਰਗਟਾਇਆ ਸੀ, ਉਥੋਂ ਪੁਟਾਈ ਬੰਦ ਕਰ ਦਿੱਤੀ ਗਈ ਹੈ।
ਇਸ ਸਬੰਧੀ ਜ਼ਿਲਾ ਮਾਈਨਿੰਗ ਅਫ਼ਸਰ ਸਿਮਰਪ੍ਰੀਤ ਕੌਰ ਢਿੱਲੋਂ ਨੇ ਉਕਤ ਦੋਵਾਂ ਥਾਵਾਂ 'ਤੇ ਚੱਲ ਰਹੀ ਮਾਈਨਿੰਗ ਸਬੰਧੀ ਗੋਲ-ਮੋਲ ਜਵਾਬ ਦਿੰਦਿਆਂ ਕਿਹਾ ਕਿ ਬਾਕਰਪੁਰ ਵਾਲੀ ਖੱਡ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਇਥੇ ਮਾਈਨਿੰਗ ਚਾਲੂ ਕਰਵਾਉਣ ਤੋਂ ਪਹਿਲਾਂ ਨਿਰਧਾਰਿਤ ਸ਼ਰਤਾਂ ਸਬੰਧੀ ਸਪੱਸ਼ਟ ਜਵਾਬ ਨਹੀਂ ਦਿੱਤਾ।
ਐੱਸ. ਡੀ. ਐੱਮ. ਡੇਰਾਬੱਸੀ ਪਰਮਜੀਤ ਸਿੰਘ ਨੇ ਕਿਹਾ ਕਿ ਭਾਵੇਂ ਬਾਕਰਪੁਰ ਖੱਡ ਨੂੰ ਮਨਜ਼ੂਰੀ ਮਿਲ ਗਈ ਹੈ ਪਰ ਬਾਕੀ ਦੀ ਕਾਰਵਾਈ ਕਰਨੀ ਅਜੇ ਬਾਕੀ ਹੈ, ਜਿਸ ਨੂੰ ਜਲਦੀ ਹੀ ਪੂਰਾ ਕਰਵਾ ਲਿਆ ਜਾਵੇਗਾ।
ਮਨੀ ਟਰਾਂਸਫਰ ਦੇ ਦਫਤਰ 'ਚੋਂ ਗੰਨ ਪੁਆਇੰਟ 'ਤੇ 4. 72 ਲੱਖ ਰੁਪਏ ਤੇ 10 ਹਜ਼ਾਰ ਡਾਲਰ ਲੁੱਟੇ
NEXT STORY