ਭਵਾਨੀਗੜ੍ਹ (ਵਿਕਾਸ)- ਲੰਘੇ ਦਿਨੀਂ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨਗੀ ਦੇ ਅਹੁਦੇ ਲਈ ਹੋਈ ਚੋਣ ਮੀਟਿੰਗ ’ਚ ਕੋਰੋਨਾ ਪਾਜ਼ੇਟਿਵ ਚੱਲ ਰਹੇ ਇਕ ਕੌਂਸਲਰ ਵੱਲੋਂ ਕਥਿਤ ਰੂਪ ’ਚ ਇਕਾਂਤਵਾਸ ਭੰਗ ਕਰਕੇ ਮੀਟਿੰਗ ’ਚ ਸ਼ਾਮਲ ਹੋਣ ਦੀ ਚਰਚਾ ਸ਼ਹਿਰ ’ਚ ਜ਼ੋਰਾਂ ’ਤੇ ਹੈ। ਸਥਾਨਕ ਲੋਕ ਇਸ ਨੂੰ ਕੌਂਸਲਰ ਵੱਲੋਂ ਦਿਖਾਈ ਗਈ ਵੱਡੀ ਲਾਪ੍ਰਵਾਹੀ ਦੱਸ ਰਹੇ ਹਨ, ਉਥੇ ਹੀ ਇਕਾਂਤਵਾਸ ਭੰਗ ਕਰ ਕੇ ਕੋਰੋਨਾ ਸਬੰਧੀ ਸਰਕਾਰੀ ਹਦਾਇਤਾਂ ਦੀ ਸ਼ਰੇਆਮ ਉਲੰਘਣਾ ਕਰਨ ’ਤੇ ਪ੍ਰਸ਼ਾਸਨ ਨੂੰ ਵੀ ਕਟਹਿਰੇ ’ਚ ਖੜ੍ਹਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਮੀਟਿੰਗ ’ਚ ਸੂਬੇ ਦੇ ਸਿੱਖਿਆ ਮੰਤਰੀ ਸਿੰਗਲਾ ਵੱਲੋਂ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ ਸੀ ਤੇ ਸਥਾਨਕ ਪ੍ਰਸ਼ਾਸਨ ਦੇ ਅਧਿਕਾਰੀਆਂ ਸਮੇਤ ਨਗਰ ਕੌਂਸਲ ਦੇ ਦਫ਼ਤਰ ’ਚ ਸ਼ਹਿਰ ਦੇ ਨਵੇਂ ਚੁਣੇ 14 ਕੌਂਸਲਰਾਂ ਸਮੇਤ ਕਾਂਗਰਸ ਪਾਰਟੀ ਦੇ ਆਗੂਆਂ ਤੇ ਵਰਕਰਾਂ ਤੋਂ ਇਲਾਵਾ ਪੁਲਸ ਪ੍ਰਸ਼ਾਸਨ ਸਮੇਤ ਨਗਰ ਕੌਂਸਲ ਦਫਤਰ ਦਾ ਸਾਰਾ ਸਟਾਫ ਵੀ ਮੌਜੂਦ ਸੀ।
ਇਹ ਵੀ ਪੜ੍ਹੋ : ਅਸਤੀਫ਼ਾ ਦੇਣ ਤੋਂ ਬਾਅਦ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਦਾ ਇਕ ਹੋਰ ਵੱਡਾ ਧਮਾਕਾ
ਇਸ ਸਬੰਧੀ ਸਰਕਾਰੀ ਹਸਪਤਾਲ ਭਵਾਨੀਗੜ੍ਹ ਵਿਖੇ ਤਾਇਨਾਤ ਐੱਸ. ਆਈ. ਕਾਕਾ ਰਾਮ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਉਕਤ ਕੌਂਸਲਰ ਦੀ ਲੰਘੀ 3 ਅਪ੍ਰੈਲ ਨੂੰ ਕੋਰੋਨਾ ਰਿਪੋਰਟ ਪਾਜ਼ੇਟਿਵ ਆਈ ਸੀ ਤੇ ਉਕਤ ਨੂੰ ਅਗਲੇ ਦਿਨ ਵਿਭਾਗ ਵੱਲੋਂ ਸਿਹਤ ਕਿੱਟ ਮੁਹੱਈਆ ਕਰਵਾ ਕੇ ਉਸਦੇ ਘਰ ’ਚ ਹੀ 17 ਦਿਨਾਂ ਲਈ ਇਕਾਂਤਵਾਸ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਸੀ. ਬੀ. ਐੱਸ. ਈ. ਦੀ 10ਵੀਂ ਦੀ ਪ੍ਰੀਖਿਆ ਰੱਦ, 12ਵੀਂ ਦੀ ਮੁਲਤਵੀ
ਇਸ ਤੋਂ ਇਲਾਵਾ ਚਰਚਾ ਇਹ ਵੀ ਚੱਲ ਰਹੀ ਹੈ ਕਿ ਉਕਤ ਕੌਂਸਲਰ ਨੇ ਕਥਿਤ ਤੌਰ ’ਤੇ ਸਿਵਲ ਪ੍ਰਸ਼ਾਸਨ ਨੂੰ ਆਪਣੇ ਇਕਾਂਤਵਾਸ ਹੋਣ ਸਬੰਧੀ ਲਿਖਤੀ ਪੱਤਰ ਭੇਜ ਕੇ ਕਿਹਾ ਸੀ ਕਿ ਉਹ ਨਗਰ ਕੌਂਸਲ ਦੀ ਪ੍ਰਧਾਨਗੀ ਦਾ ਦਾਅਵੇਦਾਰ ਹੈ ਪਰ ਹੁਣ ਉਸਦੇ ਕੋਰੋਨਾ ਪਾਜ਼ੇਟਿਵ ਹੋਣ ਕਾਰਨ ਚੋਣ ਮੀਟਿੰਗ ਨੂੰ ਕੁਝ ਦਿਨਾਂ ਲਈ ਅੱਗੇ ਪਾਇਆ ਜਾਵੇ। ਹਾਲਾਂਕਿ ਕੌਂਸਲਰ ਵੱਲੋਂ ਅਜਿਹੇ ਕਿਸੇ ਪੱਤਰ ਦੇ ਮਿਲਣ ਬਾਰੇ ਪ੍ਰਸ਼ਾਸਨ ਸਾਫ਼ ਤੌਰ ’ਤੇ ਇਨਕਾਰ ਕਰ ਰਿਹਾ ਹੈ। ਐੱਸ. ਡੀ. ਐੱਮ. ਡਾ. ਕਰਮਜੀਤ ਸਿੰਘ ਦਾ ਕਹਿਣਾ ਹੈ ਕਿ ਨਾ ਤਾਂ ਕਿਸੇ ਕੌਂਸਲਰ ਵੱਲੋਂ ਉਨ੍ਹਾਂ ਦੇ ਦਫ਼ਤਰ ਨੂੰ ਚੋਣ ਅੱਗੇ ਪਾਉਣ ਲਈ ਕੋਈ ਪੱਤਰ ਭੇਜਿਆ ਹੈ ਤੇ ਨਾ ਉਨ੍ਹਾਂ ਨੂੰ ਕਿਸੇ ਕੌਂਸਲਰ ਦੇ ਕੋਰੋਨਾ ਪਾਜ਼ੇਟਿਵ ਹੋਣ ਦੀ ਕੋਈ ਜਾਣਕਾਰੀ ਹੀ ਹੈ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦਾ ਐਲਾਨ, ਅਕਾਲੀ ਦਲ ਦੀ ਸਰਕਾਰ ਬਣਨ ’ਤੇ ਦਲਿਤ ਹੋਵੇਗਾ ਉੱਪ ਮੁੱਖ ਮੰਤਰੀ
ਕੋਈ ਤਕਲੀਫ਼ ਨਾ ਹੋਣ ਕਰ ਕੇ ਮੀਟਿੰਗ ’ਚ ਗਿਆ ਸੀ : ਸਬੰਧਤ ਕੌਂਸਲਰ
ਉਧਰ ਦੂਜੇ ਪਾਸੇ ਜਦੋਂ ਉਕਤ ਕੌਂਸਲਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਮੈਨੂੰ ਬੁਖਾਰ ਹੋਣ ਕਾਰਨ ਵਿਭਾਗ ਵੱਲੋਂ ਘਰ ’ਚ ਹੀ ਰਹਿਣ ਲਈ ਕਿਹਾ ਸੀ ਪਰ ਸਿਹਤ ਵਿਭਾਗ ਦੇ ਕਰਮਚਾਰੀਆਂ ਨੇ ਉਨ੍ਹਾਂ ਇਹ ਨਹੀਂ ਦੱਸਿਆ ਕਿ ਕਿੰਨੇ ਦਿਨ ਤੱਕ ਘਰ ’ਚ ਹੀ ਰਹਿਣਾ ਹੈ। ਕੱਲ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ਼ ਨਹੀਂ ਸੀ ਤਾਂ ਉਹ ਮੀਟਿੰਗ ’ਚ ਭਾਗ ਲੈਣ ਗਏ ਸਨ।
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਸੁਖਬੀਰ ਬਾਦਲ ਤੋਂ ਗ਼ਰੀਬਾਂ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ: ਪਰਮਿੰਦਰ ਢੀਂਡਸਾ
NEXT STORY