ਲੁਧਿਆਣਾ (ਵਿੱਕੀ) : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਐਤਵਾਰ ਨੂੰ ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਇੰਡੀਆ ਗੱਠਜੋੜ ਦੀ ਹੋਣ ਜਾ ਰਹੀ ‘ਤਾਨਾਸ਼ਾਹੀ ਹਟਾਓ, ਲੋਕਤੰਤਰ ਬਚਾਓ’ ਰੈਲੀ 'ਚ ਆਮ ਆਦਮੀ ਪਾਰਟੀ ਆਪਣਾ ਸ਼ਕਤੀ ਪ੍ਰਦਰਸ਼ਨ ਕਰਨ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੀ। ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਗੱਠਜੋੜ ਦੀ ਹੋਣ ਜਾ ਰਹੀ ਇਸ ਪਹਿਲੀ ਰੈਲੀ ਲਈ ਜਿੱਥੇ ‘ਆਪ’ ਨੇ ਪੰਜਾਬ ਤੋਂ ਹਰ ਮੰਤਰੀ ਅਤੇ ਵਿਧਾਇਕ ਨੂੰ ਆਪਣੇ ਨਾਲ 500 ਹਮਾਇਤੀ ਲਿਆਉਣ ਲਈ ਕਿਹਾ ਹੈ, ਉੱਥੇ ਹਰ ਜ਼ਿਲ੍ਹਾ ਪੱਧਰ ’ਤੇ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਵੀ 400 ਗੱਡੀਆ ਦਾ ਕਾਫ਼ਲਾ ਲੈ ਕੇ ਰੈਲੀ ਵਾਲੀ ਜਗ੍ਹਾ ’ਤੇ ਪੁੱਜਣ ਲਈ ਕਿਹਾ ਹੈ।
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਪੰਜਾਬੀਆਂ ਨੂੰ ਦਿੱਤੀ ਵੱਡੀ ਖ਼ੁਸ਼ਖ਼ਬਰੀ, 2 ਟੋਲ ਪਲਾਜ਼ੇ ਹੋਣ ਜਾ ਰਹੇ ਬੰਦ
ਰੈਲੀ ਵਾਲੀ ਜਗ੍ਹਾ ’ਤੇ ਭੀੜ ਇਕੱਠੀ ਕਰਨ ਨਾਲ ‘ਆਪ’ ਨੇ ਸੋਸ਼ਲ ਮੀਡੀਆ ਜ਼ਰੀਏ ਵੀ ਦੇਸ਼ ਦੀ ਜਨਤਾ 'ਚ ਆਪਣਾ ਸੁਨੇਹਾ ਪਹੁੰਚਾਉਣ ਲਈ 1 ਮਿੰਟ 3 ਸੈਕਿੰਡ ਦੀ ਇਕ ਵੀਡੀਓ ਵੀ ਤਿਆਰ ਕੀਤੀ ਹੈ, ਜਿਸ ਨੂੰ ਪਾਰਟੀ ਨਾਲ ਜੁੜੇ ਸਾਰੇ ਮੰਤਰੀਆਂ, ਵਿਧਾਇਕਾਂ, ਚੇਅਰਮੈਨਾਂ ਸਮੇਤ ਅਹੁਦੇਦਾਰਾਂ ਅਤੇ ਵਾਲੰਟੀਅਰਾਂ ਨੂੰ ਆਪਣੇ ਸਾਰੇ ਸੋਸ਼ਲ ਮੀਡੀਆ ਹੈਂਡਲ ’ਤੇ ਅਪਲੋਡ ਕਰਨ ਲਈ ਕਿਹਾ ਹੈ। ‘ਅਸੀਂ ਦੱਬਣ ਵਾਲੇ ਨਹੀਂ’ ਸਿਰਲੇਖ ਹੇਠ ਬਣਾਈ ਗਈ ਇਸ 1.3 ਮਿੰਟ ਦੀ ਵੀਡੀਓ ਦੇ ਸ਼ੁਰੂ ਵਿਚ ‘ਆਪ’ ਦੇ ਸੰਘਰਸ਼ ਨੂੰ ਬਿਆਨ ਕਰਨ ਦੇ ਨਾਲ ਹੀ ਅੰਤ ਵਿਚ ‘ਇੰਡੀਆ ਵਿਦ ਕੇਜਰੀਵਾਲ ਦੇ ਨਾਅਰੇ’ ਨਾਲ ਖ਼ਤਮ ਕੀਤਾ ਗਿਆ ਹੈ। ਪਾਰਟੀ ਦੇ ਨੇਤਾਵਾਂ ਨੇ ਦੱਸਿਆ ਕਿ ਦਿੱਲੀ ਨਾ ਪੁੱਜ ਸਕਣ ਵਾਲੇ ਆਮ ਲੋਕਾਂ ਤੱਕ ਰੈਲੀ ਦੀਆਂ ਲਾਈਵ ਤਸਵੀਰਾਂ ਪਹੁੰਚਾਉਣ ਲਈ ਸੋਸ਼ਲ ਮੀਡੀਆ ਦਾ ਸਹਾਰਾ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੀਆਂ ਮੰਡੀਆਂ ਨੂੰ FCI ਨੇ ਜਾਰੀ ਕੀਤੇ ਨਿਰਦੇਸ਼, 1 ਅਪ੍ਰੈਲ ਤੋਂ ਸ਼ੁਰੂ ਹੋਣੀ ਹੈ ਕਣਕ ਦੀ ਸਰਕਾਰੀ ਖ਼ਰੀਦ
ਇਸ ਲਈ ਰੇਲ ਅਤੇ ਸੜਕੀ ਰਸਤੇ ਤੋਂ ਰੈਲੀ ਵਿਚ ਪੁੱਜ ਰਹੇ ਵਰਕਰਾਂ ਨੂੰ ਕਿਹਾ ਗਿਆ ਹੈ ਕਿ ਪੂਰੇ ਰਸਤੇ 'ਚ ਵਾਰ-ਵਾਰ ਲਾਈਵ ਹੋ ਕੇ ਲੋਕਾਂ ਨੂੰ ਰੈਲੀ ਬਾਰੇ ਛੋਟੀ-ਛੋਟੀ ਵੀਡੀਓ ਨਾਲ ਅਪਡੇਟ ਦਿੰਦੇ ਰਹਿਣ। ਪਾਰਟੀ ਨਾਲ ਜੁੜੇ ਕੁੱਝ ਨੇਤਾਵਾਂ ਨੇ ਦੱਸਿਆ ਕਿ ਪਾਰਟੀ ਦਾ ਨਿਰਦੇਸ਼ ਹੈ ਕਿ ਸਾਰੇ ਵਿਧਾਇਕ, ਮੰਤਰੀ, ਅਹੁਦੇਦਾਰ, ਚੇਅਰਮੈਨ ਅਤੇ ਵਰਕਰ ਰਾਮ ਲੀਲਾ ਮੈਦਾਨ ਤੋਂ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਲਾਈਵ ਸਟ੍ਰੀਮਿੰਗ ਕਰਨ ਤਾਂ ਕਿ ਹਰ ਵਰਕਰ ਅਤੇ ਵਿਧਾਇਕਾਂ ਨਾਲ ਜੁੜੀ ਜਨਤਾ ਆਪਣੇ ਘਰੋਂ ਹੀ ਰੈਲੀ 'ਚ ਜੁੜ ਸਕੇ। ਜਦੋਂ ਵੀ ਕੋਈ ਆਮ ਵਿਅਕਤੀ ਆਪਣਾ ਸੋਸ਼ਲ ਮੀਡੀਆ ਅਕਾਊਂਟ ਖੋਲ੍ਹੇ ਤਾਂ ਉਸ ਨੂੰ ਪਾਰਟੀ ਵਰਕਰਾਂ ਦੇ ਹਰ ਸੋਸ਼ਲ ਮੀਡੀਆ ਅਕਾਊਂਟ ਤੋਂ ਵੀਡੀਓ ਵਿਚ ਦਿੱਲੀ ਵਿਚ ਹੋ ਰਹੀ ਰੈਲੀ ਦੀਆਂ ਹੀ ਤਸਵੀਰਾਂ ਦਿਖਾਈ ਦੇਣ।
ਪਾਰਟੀ ਨੇ ਇਹ ਵੀ ਕਿਹਾ ਹੈ ਕਿ ਰੈਲੀ ਨਾਲ ਜੁੜੇ ਮਹੱਤਵਪੂਰਨ ਪਹਿਲੂਆਂ ਦੀ ਵੀਡੀਓ ਬਣਾ ਕੇ ਰੈਲੀ ਤੋਂ ਤੁਰੰਤ ਬਾਅਦ ਰੀਲ ਦੇ ਰੂਪ ਵਿਚ ਸੋਸ਼ਲ ਮੀਡੀਆ ’ਤੇ ਅਪਲੋਡ ਕੀਤਾ ਜਾਵੇ ਤਾਂ ਕਿ ਜਨਤਾ ਨੂੰ ਕੇਂਦਰ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੇ ਨੇਤਾਵਾਂ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਬਾਰੇ ਤਸਵੀਰਾਂ ਜ਼ਰੀਏ ਜਾਗਰੂਕ ਕੀਤਾ ਜਾ ਸਕੇ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ਼ਰਣਪਾਲ ਸਿੰਘ ਮੱਕੜ ਨੇ ਦੱਸਿਆ ਕਿ ਇੰਡੀਆ ਗੱਠਜੋੜ ਦੀ ਰੈਲੀ ਵਿਚ ਸ਼ਾਮਲ ਹੋਣ ਲਈ ‘ਆਪ’ ਵਰਕਰ ਰੇਲ ਅਤੇ ਸੜਕ ਰਸਤੇ ਜ਼ਰੀਏ ਦਿੱਲੀ ਪੁੱਜਣੇ ਸ਼ੁਰੂ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਐਤਵਾਰ ਦੀ ਇਹ ਰੈਲੀ ਮੋਦੀ ਸਰਕਾਰ ਦੀਆਂ ਜੜ੍ਹਾ ਹਿਲਾ ਕੇ ਰੱਖ ਦੇਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
5 ਮਹੀਨੇ ਪਹਿਲਾਂ ਵਿਆਹ ਕੇ ਆਈ ਪਤਨੀ ਨੂੰ ਪਤੀ ਨੇ ਦਿੱਤੀ ਦਰਦਨਾਕ ਮੌਤ ! ਦਾਜ ਖ਼ਾਤਰ ਛੱਤ ਤੋਂ ਹੇਠਾਂ ਸੁੱਟ ਕੇ ਮਾਰਿਆ
NEXT STORY