ਗੁਰਦਾਸਪੁਰ (ਵਿਨੋਦ)-ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਇਰਾਕ ਦੇ ਮੋਸੂਲ ਸ਼ਹਿਰ 'ਚ ਬੰਦੀ ਬਣਾਏ ਗਏ ਸਾਰੇ 39 ਪੰਜਾਬੀ ਭਾਰਤੀ ਨੌਜਵਾਨਾਂ ਦੇ ਪਰਿਵਾਰਾਂ ਦੇ ਡੀ. ਐੱਨ. ਏ. ਟੈਸਟ ਕਰਵਾਉਣ ਦਾ ਜੋ ਫੈਸਲਾ ਕੇਂਦਰ ਸਰਕਾਰ ਨੇ ਲਿਆ ਹੈ, ਉਸ ਵਿਚ ਜ਼ਿਲਾ ਗੁਰਦਾਸਪੁਰ ਦਾ ਸਿਹਤ ਵਿਭਾਗ ਸਫਲ ਹੋ ਗਿਆ ਹੈ ਅਤੇ ਇਹ ਸੈਂਪਲ ਫੋਰੈਂਸਿਕ ਲੈਬ ਹੈਦਰਾਬਾਦ 'ਚ ਭੇਜ ਦਿੱਤੇ ਹਨ, ਜਦਕਿ ਜ਼ਿਲਾ ਅੰਮ੍ਰਿਤਸਰ 'ਚ ਇਸ ਸਬੰਧੀ ਵਿਸ਼ੇਸ਼ ਕਿੱਟਾਂ ਨਾ ਹੋਣ ਕਾਰਨ ਇਹ ਸੈਂਪਲ ਕੇਂਦਰ ਸਰਕਾਰ ਨੂੰ ਅਜੇ ਤਕ ਨਹੀਂ ਭੇਜੇ ਜਾ ਸਕੇ ਹਨ।
ਵਰਣਨਯੋਗ ਹੈ ਕਿ ਇਹ ਸਾਰੇ ਪੰਜਾਬੀ ਨੌਜਵਾਨ ਰੋਟੀ-ਰੋਜ਼ੀ ਕਮਾਉਣ ਲਈ ਸਾਲ 2014 ਵਿਚ ਇਰਾਕ ਗਏ ਸੀ ਪਰ ਇਰਾਕ 'ਚ ਗ੍ਰਹਿ ਯੁੱਧ ਕਾਰਨ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨੇ ਉਦੋਂ ਪੰਜਾਬ ਨਾਲ ਸਬੰਧਤ 40 ਨੌਜਵਾਨਾਂ ਨੂੰ 15 ਜੂਨ 2014 ਨੂੰ ਬੰਦੀ ਬਣਾ ਲਿਆ ਸੀ ਪਰ ਜ਼ਿਲਾ ਗੁਰਦਾਸਪੁਰ ਦੇ 5 ਨੌਜਵਾਨਾਂ 'ਚੋਂ ਇਕ ਨੌਜਵਾਨ ਹਰਜੀਤ ਮਸੀਹ ਵਾਸੀ ਕਾਲਾ ਅਫਗਾਨਾ ਅੱਤਵਾਦੀਆਂ ਦੀ ਹਿਰਾਸਤ 'ਚੋਂ ਭੱਜਣ 'ਚ ਸਫ਼ਲ ਹੋ ਗਿਆ ਸੀ।
ਜ਼ਿਲਾ ਗੁਰਦਾਸਪੁਰ ਦੇ 4 ਨੌਜਵਾਨ ਪਿੰਡ ਤਲਵੰਡੀ ਝਿਯੂਰਾਂ ਦਾ ਧਰਮਿੰਦਰ ਕੁਮਾਰ ਪੁੱਤਰ ਰਾਜ ਕੁਮਾਰ, ਮਲਕੀਤ ਸਿੰਘ ਪੁੱਤਰ ਸੁਖਦੇਵ ਸਿੰਘ ਨਿਵਾਸੀ ਤੇਲੀਆ ਵਾਲ, ਪਿੰਡ ਰੂਪੇਵਾਲੀ ਦਾ ਕੰਵਲਜੀਤ ਸਿੰਘ ਪੁੱਤਰ ਹਰਭਜਨ ਸਿੰਘ ਅਤੇ ਬਟਾਲਾ ਦਾ ਹਰੀਸ਼ ਕੁਮਾਰ ਹੈ। ਇਸ ਸਮੇਂ ਹਰੀਸ਼ ਕੁਮਾਰ ਦਾ ਪਰਿਵਾਰ ਅੰਮ੍ਰਿਤਸਰ 'ਚ ਰਹਿ ਰਿਹਾ ਹੈ, ਜਿਸ ਕਰਕੇ ਡੀ. ਐੱਨ. ਏ. ਦੇ ਲਈ ਬਲੱਡ ਸੈਂਪਲ ਨਹੀਂ ਲਏ ਜਾ ਸਕੇ ਹਨ।
ਦੱਸਿਆ ਜਾਂਦਾ ਹੈ ਕਿ ਸਿਹਤ ਵਿਭਾਗ ਗੁਰਦਾਸਪੁਰ ਨੇ ਪ੍ਰਾਈਵੇਟ ਪੱਧਰ 'ਤੇ (ਫਲਾਈਡਰ ਟਰਾਂਸਪੋਰਟ ਐਸੋਸੀਏਟ) ਕਿੱਟ ਪ੍ਰਾਪਤ ਕਰ ਕੇ ਡੀ. ਐੱਨ. ਏ. ਦੇ ਬਲੱਡ ਸੈਂਪਲ ਭੇਜੇ ਹਨ। ਪਤਾ ਚੱਲਿਆ ਹੈ ਕਿ ਸਿਹਤ ਵਿਭਾਗ ਕੋਲ ਐੱਫ. ਟੀ. ਏ. ਕਿੱਟਾਂ ਦੀ ਬੇਹੱਦ ਕਮੀ ਹੈ ਜੋ ਕਿ ਫੋਰੈਂਸਿਕ ਲੈਬਾਰਟਰੀ ਹੈਦਰਾਬਾਦ ਤੋਂ ਮੁਹੱਈਆ ਹੁੰਦੀ ਹੈ। ਇਸ ਕਿੱਟ ਦੀ ਕੀਮਤ ਕਰੀਬ 56,000 ਰੁਪਏ ਹੈ।
ਜਾਣਕਾਰੀ ਅਨੁਸਾਰ ਇਰਾਕ ਦੇ ਮੋਸੂਲ ਸ਼ਹਿਰ ਨੂੰ ਅੱਤਵਾਦੀਆਂ ਤੋਂ ਮੁਕਤ ਕਰਵਾਉਣ ਤੋਂ ਬਾਅਦ ਉਥੇ ਬਹੁਤ ਜ਼ਿਆਦਾ ਗਿਣਤੀ 'ਚ ਮਨੁੱਖੀ ਪਿੰਜਰ ਮਿਲੇ ਹਨ, ਜਿਸ ਸਬੰਧੀ ਇਹ ਕਿਹਾ ਜਾ ਰਿਹਾ ਹੈ ਕਿ ਸਾਰੇ ਪਿੰਜਰ ਅੱਤਵਾਦੀਆਂ ਵੱਲੋਂ ਬੰਦੀ ਬਣਾਏ ਲੋਕਾਂ ਦੇ ਹਨ। ਇਹ ਸੂਚਨਾ ਭਾਰਤ ਸਰਕਾਰ ਨੂੰ ਮਿਲਣ 'ਤੇ ਹੀ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਨੇ ਆਪਣੇ 39 ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਦੇ ਬਲੱਡ ਸੈਂਪਲ ਲੈਣ ਦਾ ਕ੍ਰਮ ਸ਼ੁਰੂ ਕੀਤਾ ਹੈ। ਕੇਂਦਰ ਸਰਕਾਰ ਅਜੇ ਇਨ੍ਹਾਂ ਲਾਪਤਾ ਭਾਰਤੀ ਨੌਜਵਾਨਾਂ ਨੂੰ ਮ੍ਰਿਤਕ ਐਲਾਨ ਨਹੀਂ ਕਰ ਸਕਦੀ ਅਤੇ ਮੋਸੂਲ 'ਚ ਮਿਲੇ ਮਨੁੱਖੀ ਪਿੰਜਰਾਂ ਦੇ ਟੈਸਟ ਮਿਲਾਉਣ ਤੋਂ ਬਾਅਦ ਹੀ ਸਰਕਾਰ ਕੋਈ ਸਪੱਸ਼ਟ ਗੱਲ ਕਰ ਸਕਦੀ ਹੈ। ਸਿਹਤ ਵਿਭਾਗ ਲਾਪਤਾ ਨੌਜਵਾਨਾਂ ਦੇ ਪਰਿਵਾਰਾਂ ਦੇ 3-3 ਮੈਂਬਰਾਂ ਦੇ 2-2 ਸੈਂਪਲ ਲੈ ਰਿਹਾ ਹੈ ਅਤੇ ਲਏ ਸੈਂਪਲ 'ਚੋਂ ਇਕ ਤਾਂ ਭਾਰਤ 'ਚ ਰਹੇਗਾ, ਜਦਕਿ ਦੂਜਾ ਸੈਂਪਲ ਇਰਾਕ 'ਚ ਭੇਜਿਆ ਜਾਵੇਗਾ।
'ਇਨੈਕਸ' ਸੰਭਾਲੇਗਾ ਰੇਲਵੇ ਸਟੇਸ਼ਨ 'ਤੇ ਸੁਰੱਖਿਆ ਦਾ ਜ਼ਿੰਮਾ
NEXT STORY