ਸ਼ੇਰਪੁਰ, (ਸਿੰਗਲਾ)- ਕੇਂਦਰ ਸਰਕਾਰ ਵੱਲੋਂ ਖੇਤੀ ਵਿਰੋਧੀ ਪਾਸ ਕੀਤੇ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਹੱਕ ਵਿਚ ਨਿੱਤਰਦੇ ਹੋਏ ਕਸਬਾ ਸ਼ੇਰਪੁਰ ਦੇ ਮਿਸਤਰੀ ਮਨਜੀਤ ਸਿੰਘ ਧਾਮੀ ਵੱਲੋਂ ਇਕ ਅਨੋਖੇ ਤਰੀਕੇ ਨਾਲ ਮਕਾਨ ਤਿਆਰ ਕੀਤਾ ਗਿਆ ਹੈ। ਇਸ ਮਕਾਨ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੱਕ ਬੜੀ ਆਸਾਨੀ ਨਾਲ ਲਿਜਾਇਆ ਜਾ ਸਕਦਾ ਹੈ ਅਤੇ ਇਸ ਵਿਚ ਇਕ ਘਰ ਵਾਂਗ ਸਾਰੀਆਂ ਸਹੂਲਤਾਂ ਭਰਪੂਰ ਕੀਤੀਆਂ ਗਈਆਂ ਹਨ।
ਮਨਜੀਤ ਸਿੰਘ ਧਾਮੀ ਨੇ ਜਗ ਬਾਣੀ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਕਾਨ ਦੀ ਉੱਪਰਲੇ ਹਿੱਸੇ ਦੀ ਛੱਤ ਲੋਹੇ ਦੀ ਅਤੇ ਅੰਦਰਲੇ ਹਿੱਸੇ ਦੀ ਛੱਤ ਲੱਕੜ ਦੀ ਤਿਆਰ ਕੀਤੀ ਗਈ ਹੈ ਤਾਂ ਜੋ ਗਰਮੀਆਂ ਵਿੱਚ ਕਿਸਾਨਾਂ ਨੂੰ ਧੁੱਪ ਦੇ ਸੇਕ ਤੋਂ ਬਚਾਅ ਹੋ ਸਕੇ। ਇਸ ਕਮਰੇ ਵਿੱਚ ਦਸਤਾਰ ਸਜਾਉਣ ਲਈ ਸ਼ੀਸ਼ਿਆਂ ਦਾ ਪ੍ਰਬੰਧ, ਸੈਲਫਾਂ, ਕੱਪੜੇ ਟੰਗਣ ਲਈ ਖੂੰਟੀਆਂ ਤੋ ਇਲਾਵਾ ਵਿੰਡੋ, ਖਿੜਕੀਆ ਆਦਿ ਵੀ ਹਵਾ ਲੱਗਣ ਲਈ ਰੱਖੀਆਂ ਗਈਆਂ ਹਨ। ਇਸ ਦੇ ਵਿੱਚ ਬਿਜਲੀ ਦੇ ਪੱਖੇ, ਕੂਲਰ ਤੋਂ ਇਲਾਵਾ ਏ. ਸੀ ਲਗਵਾਉਣ ਦਾ ਪ੍ਰਬੰਧ ਵੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ:- ਪੰਜਾਬ 'ਚ ਐਤਵਾਰ ਨੂੰ ਕੋਰੋਨਾ ਦੇ 2669 ਨਵੇਂ ਮਾਮਲੇ ਆਏ ਸਾਹਮਣੇ, 44 ਦੀ ਮੌਤ
ਜ਼ਿਕਰਯੋਗ ਹੈ ਕਿ ਇਸ ਕਮਰੇ ਦੀਆਂ ਚਾਰੇ ਪਾਸੇ ਤੋਂ ਕੰਧਾਂ ਨੂੰ ਜਾਪਾਨੀ ਮਸ਼ੀਨ ਦੀ ਮੀਨਾਕਾਰੀ ਨਾਲ ਸਿੱਖ ਇਤਿਹਾਸ, ਪੁਰਾਤਨ ਇਤਿਹਾਸ, ਗੁਰੂ ਇਤਿਹਾਸ ਅਤੇ ਮੌਜੂਦਾ ਸਮੇਂ ਦੇ ਚੱਲ ਰਹੇ ਸੰਘਰਸ਼ ਦੀਆਂ ਯਾਦਗਾਰਾਂ ਨੂੰ ਵੀ ਸੁੰਦਰ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਮਨਜੀਤ ਧਾਮੀ ਨੇ ਦੱਸਿਆ ਕਿ ਇਸ ਕਮਰੇ ਵਿੱਚ ਇੱਕੋ ਸਮੇਂ ਪੰਦਰਾਂ ਦੇ ਕਰੀਬ ਵਿਅਕਤੀ ਬੜੇ ਆਰਾਮ ਅਤੇ ਆਸਾਨੀ ਨਾਲ ਰਹਿ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇਹ ਕਮਰਾ ਕਿਸੇ ਸਮੇਂ ਵੀ ਫੋਲਡ ਕੀਤਾ ਜਾ ਸਕਦਾ ਹੈ ਅਤੇ ਕਿਸੇ ਵੀ ਜਗ੍ਹਾ ਤੇ ਇਸ ਨੂੰ ਲਿਜਾ ਕੇ ਮੁੜ ਤੋਂ ਤਿਆਰ ਕੀਤਾ ਜਾ ਸਕਦਾ ਹੈ। ਇਸ ਕਮਰੇ ਨੂੰ ਤਿਆਰ ਕਰਵਾਉਣ ਲਈ ਗੁਰਦੁਆਰਾ ਸ੍ਰੀ ਅਕਾਲ ਪ੍ਰਕਾਸ਼ ਪ੍ਰਬੰਧਕ ਕਮੇਟੀ, ਗੁਰਦੁਆਰਾ ਰਾਮਗੜ੍ਹੀਆ ਸਾਹਿਬ ਪ੍ਰਬੰਧਕ ਕਮੇਟੀ, ਗੁਰਦੁਆਰਾ ਨਾਨਕਸਰ ਪੱਤੀ ਖਲੀਲ ਸ਼ੇਰਪੁਰ ਪ੍ਰਬੰਧਕ ਕਮੇਟੀ ਤੋਂ ਇਲਾਵਾ ਥਿੰਦ ਪੱਤੀ ਧਰਮਸ਼ਾਲਾ ਪ੍ਰਬੰਧਕ ਕਮੇਟੀ, ਸ੍ਰੀ ਸੁਖਮਨੀ ਸੇਵਾ ਸੁਸਾਇਟੀ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਗਰੁੱਪ ਦੇ ਸਹਿਯੋਗ ਨਾਲ ਲਗਪਗ ਡੇਢ ਲੱਖ ਰੁਪਏ ਖਰਚ ਕਰਕੇ ਇਸ ਕਮਰੇ ਨੂੰ ਤਿਆਰ ਕੀਤਾ ਗਿਆ ਹੈ ।
ਇਹ ਵੀ ਪੜ੍ਹੋ : ਪੰਜਾਬ ’ਚੋਂ ਸ਼ੁਰੂ ਹੋਇਆ ਅੰਦੋਲਨ ਹੁਣ ਪੂਰੇ ਦੇਸ਼ ਤਕ ਪਹੁੰਚ ਚੁੱਕਾ : ਕੇਜਰੀਵਾਲ
ਉਨ੍ਹਾਂ ਦੱਸਿਆ ਕਿ ਇਹ ਤਿਆਰ ਕੀਤਾ ਕਮਰਾ ਦਿੱਲੀ ਵਿਖੇ ਕਿਸਾਨੀ ਸੰਘਰਸ਼ ਲਈ ਟਿੱਕਰੀ ਬਾਰਡਰ 'ਤੇ ਭੇਜ ਦਿੱਤਾ ਗਿਆ ਹੈ ਅਤੇ ਉਥੇ ਕਿਸਾਨ ਇਸ ਵਿਚ ਆਪਣੀ ਰਿਹਾਇਸ਼ ਕਰ ਰਹੇ ਹਨ। ਇਸ ਸਮੇਂ ਮਾਸਟਰ ਚਰਨ ਸਿੰਘ ਜਵੰਧਾ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਬਲਵੰਤ ਸਿੰਘ ਛੰਨਾ, ਰੂਪ ਸਿੰਘ ਜਵੰਧਾ, ਰਜਿੰਦਰ ਸਿੰਘ ਫੱਗਾ, ਸਾਬਕਾ ਸਰਪੰਚ ਨਿਰਮਲ ਸਿੰਘ ਭੋਲਾ, ਸਰਪੰਚ ਰਣਜੀਤ ਸਿੰਘ ਧਾਲੀਵਾਲ ਸ਼ੇਰਪੁਰ, ਮਲਕੀਤ ਸਿੰਘ ਥਿੰਦ, ਤੇਜਿੰਦਰ ਸਿੰਘ ਬੜਿੰਗ, ਹਰਿੰਦਰ ਸਿੰਘ ਧਾਮੀ ਤੋਂ ਇਲਾਵਾ ਕਸਬਾ ਸ਼ੇਰਪੁਰ ਦੇ ਵੱਡੀ ਗਿਣਤੀ ਆਗੂ ਵੀ ਹਾਜ਼ਰ ਸਨ।
ਆਮ ਆਦਮੀ ਪਾਰਟੀ ਦੇ ਕਿਸਾਨ ਮਹਾ-ਸੰਮੇਲਨ ’ਚੋਂ ‘ਕਿਸਾਨੀ ਝੰਡਾ’ ਹੀ ਗਾਇਬ
NEXT STORY