ਤਰਨਤਾਰਨ (ਆਹਲੂਵਾਲੀਆ) : ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਵੱਲੋਂ ਤਰਨਤਾਰਨ ਸ਼ਹਿਰ 'ਚ ਬੀਤੀ ਰਾਤ 10 ਵਜੇ ਤੋਂ ਬਾਅਦ ਕੀਤੀ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ ਨਾਕਿਆਂ 'ਤੇ ਪੁਲਸ ਮੁਲਾਜ਼ਮ ਗ਼ੈਰ-ਹਾਜ਼ਰ ਮਿਲੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਸੋਹਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਮ ਲੋਕਾਂ ਵੱਲੋਂ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਰਾਤ ਸਮੇਂ ਪੁਲਸ ਦੀ ਗਸ਼ਤ ਨਹੀਂ ਹੁੰਦੀ, ਜਿਸ ਕਾਰਨ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਵਧੀਆਂ ਹਨ ਅਤੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇਸ ਕਾਰਨ ਉਨ੍ਹਾਂ ਨੇ 22 ਅਗਸਤ ਦੀ ਰਾਤ 10 ਵਜੇ ਤੋਂ ਬਾਅਦ ਸ਼ਹਿਰ ਦੇ ਵੱਖ-ਵੱਖ ਨਾਕਿਆਂ ਦਾ ਦੌਰਾ ਕੀਤਾ ਤਾਂ ਉੱਥੇ ਪੁਲਸ ਮੁਲਾਜ਼ਮ ਡਿਊਟੀ ’ਤੇ ਹਾਜ਼ਰ ਨਹੀਂ ਸਨ, ਸਿਰਫ ਅੰਮ੍ਰਿਤਸਰ ਬਾਈਪਾਸ ਚੌਕ 'ਤੇ ਕਿਊ.ਆਰ.ਟੀ. ਦੀ ਇਕ ਗਸ਼ਤ ਕਰਦੀ ਟੀਮ ਮਿਲੀ, ਜਦਕਿ ਜੰਡਿਆਲਾ ਚੌਕ ਅਤੇ ਬਾਕੀ ਨਾਕਿਆਂ ’ਤੇ ਪੁਲਸ ਪਾਰਟੀ ਹਾਜ਼ਰ ਨਹੀਂ ਸੀ।
ਇਹ ਵੀ ਪੜ੍ਹੋ : ਜੰਡਿਆਲਾ: ਨਸ਼ੇ 'ਚ ਧੁੱਤ ਨੌਜਵਾਨ ਨੇ ਬੱਚਿਆਂ ਨਾਲ ਭਰੀ ਸਕੂਲੀ ਬੱਸ 'ਤੇ ਕੀਤੀ ਫਾਇਰਿੰਗ (ਵੀਡੀਓ)
ਇਸੇ ਤਰ੍ਹਾਂ ਉਨ੍ਹਾਂ ਨੇ ਪੁਲਸ ਚੌਕੀ ਧੋੜਾ ਜਾ ਕੇ ਦੇਖਿਆ ਤਾਂ ਦਰਵਾਜ਼ਾ ਬੰਦ ਸੀ। ਆਵਾਜ਼ ਦੇ ਕੇ ਦਰਵਾਜ਼ਾ ਖੁੱਲ੍ਹਵਾਇਆ ਗਿਆ ਤਾਂ ਸੰਤਰੀ ਤੇ ਹੋਮ ਗਾਰਡ ਦੇ ਜਵਾਨ ਹੀ ਮਿਲੇ। ਉਪਰੰਤ ਉਨ੍ਹਾਂ ਨੇ ਤਰਨਤਾਰਨ ਸਿਟੀ ਥਾਣੇ ਦਾ ਦੌਰਾ ਵੀ ਕੀਤਾ, ਜਿਥੇ ਜ਼ਿਆਦਾਤਰ ਸਟਾਫ ਹਾਜ਼ਰ ਸੀ। ਵਿਧਾਇਕ ਸੋਹਲ ਨੇ ਕਿਹਾ ਕਿ ਲੋਕਾਂ ਨੂੰ ਸੁਰੱਖਿਆ ਦੇਣੀ ਸਰਕਾਰ ਦੀ ਜ਼ਿੰਮੇਵਾਰੀ ਹੈ ਅਤੇ ਫ਼ਰਜ਼ ਦੀ ਪੂਰਤੀ ਪੁਲਸ ਪ੍ਰਸ਼ਾਸਨ ਨੇ ਹੀ ਕਰਨੀ ਹੁੰਦੀ ਹੈ। ਤਰਨਤਾਰਨ ਸ਼ਹਿਰ 'ਚ ਪੁਲਸ ਪ੍ਰਬੰਧਾਂ ਵਿੱਚ ਖਾਮੀ ਰਹਿਣਾ ਹੈਰਾਨੀਜਨਕ ਹੈ, ਜਦੋਂਕਿ ਤਰਨਤਾਰਨ ਜ਼ਿਲ੍ਹਾ ਹੈੱਡਕੁਆਰਟਰ ਵੀ ਹੈ। ਪੁਲਸ ਮੁਖੀ ਵੱਲੋਂ ਅਚਨਚੇਤ ਦੌਰੇ ਕਰਕੇ ਪੁਲਸ ਪ੍ਰਬੰਧਾਂ ਦਾ ਜਾਇਜ਼ਾ ਲੈਣਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਤੇ ਲੱਗਦਾ ਹੈ ਕਿ ਇਹ ਜ਼ਿੰਮੇਵਾਰੀ ਨਿਭਾਉਣ ਵਿੱਚ ਕਿਤੇ ਕਮੀ ਰਹਿ ਗਈ ਹੈ, ਜਿਸ ਵਿੱਚ ਸੁਧਾਰ ਕਰਨ ਦੀ ਤੁਰੰਤ ਲੋੜ ਹੈ।
ਇਹ ਵੀ ਪੜ੍ਹੋ : ਬਿਜਲੀ ਬੋਰਡ 'ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ 'ਤੇ ਪੁਲਸ ਦਾ ਲਾਠੀਚਾਰਜ, ਲੱਥੀਆਂ ਪੱਗਾਂ
ਕੀ ਕਹਿੰਦੇ ਹਨ ਐੱਸ.ਐੱਸ.ਪੀ.?
ਇਸ ਸਬੰਧੀ ਜਦੋਂ ਐੱਸ.ਐੱਸ.ਪੀ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਸੁਰੱਖਿਆ ਪ੍ਰਬੰਧ ਜਿੰਨੇ ਹੋਣੇ ਚਾਹੀਦੇ ਹਨ, ਉਸ ਤੋਂ ਵੱਧ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਕਰਕੇ ਕਾਫੀ ਪੁਲਸ ਫੋਰਸ ਦੀ ਡਿਊਟੀ ਉਥੇ ਲੱਗੀ ਹੋਣ ਦੇ ਬਾਵਜੂਦ ਜ਼ਿਲ੍ਹੇ 'ਚ ਪੁਖਤਾ ਪ੍ਰਬੰਧ ਕੀਤੇ ਹੋਏ ਹਨ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਜਲੀ ਬੋਰਡ 'ਚ ਪ੍ਰਦਰਸ਼ਨ ਕਰ ਰਹੇ ਬੇਰੁਜ਼ਗਾਰਾਂ 'ਤੇ ਪੁਲਸ ਦਾ ਲਾਠੀਚਾਰਜ, ਲੱਥੀਆਂ ਪੱਗਾਂ
NEXT STORY