ਜ਼ੀਰਾ-ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦੀ ਤਾਰੀਖ਼ ਨੇੜੇ ਆ ਰਹੀ ਹੈ, ਤਿਉਂ-ਤਿਉਂ ਚੋਣ ਮਾਹੌਲ ਵੀ ਪੂਰੀ ਤਰ੍ਹਾ ਗਰਮਾ ਰਿਹਾ ਹੈ। ਸਿਆਸੀ ਆਗੂਆਂ ਨੇ ਇਕ-ਦੂਜੇ ’ਤੇ ਸ਼ਬਦੀ ਹਮਲੇ ਕਰ ਕੇ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖਾਇਆ ਹੋਇਆ ਹੈ। ਇਸੇ ਦਰਮਿਆਨ ਵਿਧਾਨ ਸਭਾ ਹਲਕਾ ਜ਼ੀਰਾ ਤੋਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ‘ਜਗ ਬਾਣੀ’ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਵੱਡਾ ਸ਼ਬਦੀ ਹਮਲਾ ਕੀਤਾ। ਵਿਧਾਇਕ ਜ਼ੀਰਾ ਨੇ ਕਿਹਾ ਕਿ ਭਾਵੇਂ ਮੈਂ ਦੋ ਫੁੱਟ ਦਾ ਹਾਂ ਪਰ ਸਾਢੇ ਛੇ ਫੁੱਟ ਵਾਲੇ ਮਜੀਠੀਆ ਨੂੰ ਰਾਤ ਨੂੰ ਸੌਣ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਮੇਰਾ ਕੱਦ ਭਾਵੇਂ ਛੋਟਾ ਹੈ ਪਰ ਮੇਰੇ ’ਚ ਜਿਗਰਾ ਪਿਤਾ ਇੰਦਰਜੀਤ ਸਿੰਘ ਜ਼ੀਰਾ ਵਾਲਾ ਹੈ, ਜੋ ਬਾਦਲਾਂ ਦੀ ਗੱਡੀ ਰੋਕ ਲੈਂਦੇ ਸਨ। ਉਹ ਜਿਗਰਾ ਜਿਨ੍ਹਾਂ ਨੇ ਨਰਿੰਦਰ ਮੋਦੀ ਦੀ ਗੱਡੀ ਰੋਕ ਕੇ ਖ਼ੂਨ ਦਾ ਪਿਆਲਾ ਦਿੱਤਾ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਰਾਤ ਨੂੰ ਵੀ ਜ਼ੀਰਾ ਹੀ ਦਿਸਦਾ ਹੈ।
ਇਹ ਵੀ ਪੜ੍ਹੋ : ਮਨਦੀਪ ਮੰਨਾ ਦੇ ਕੈਪਟਨ ’ਤੇ ਵੱਡੇ ਇਲਜ਼ਾਮ, ਕਿਹਾ-ਅਕਾਲੀ ਦਲ ਨਾਲ ਹੋਇਆ ਗੁਪਤ ਸਮਝੌਤਾ
ਵਿਧਾਇਕ ਜ਼ੀਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਜੇ ਇੰਨਾ ਹੀ ਸੱਚਾ ਸੀ ਤਾਂ ਪੇਸ਼ ਕਿਉਂ ਨਹੀਂ ਹੋ ਰਹੇ, ਜੇ ਪੇਸ਼ ਹੁੰਦੇ ਤਾਂ ਪਤਾ ਲੱਗ ਜਾਂਦਾ। ਉਨ੍ਹਾਂ ਕਿਹਾ ਕਿ ਉਹ ਮੈਨੂੰ ਦੋ ਫੁੱਟ ਵਾਲਾ ਕਹਿੰਦੇ ਹਨ, ਜੋ ਅੱਜ ਵੀ ਪੰਜਾਬ ’ਚ ਫਿਰਦਾ ਹੈ ਤੇ ਸਾਢੇ ਛੇ ਫੁੱਟ ਵਾਲਾ ਲੱਭਦਾ ਹੀ ਨਹੀਂ। ਜਦੋਂ ਥੋੜ੍ਹੀ ਜਿਹੀ ਰਾਹਤ ਮਿਲ ਜਾਂਦੀ ਹੈ, ਉਦੋਂ ਸ਼ੇਰ ਬਣ ਜਾਂਦਾ ਹੈ। ਬਾਦਲਾਂ ਦੇ ਬਿਆਨ ਕਿ ਸਮਾਂ ਆਉਣ ’ਤੇ ਜ਼ੀਰੇ ਨੂੰ ਸੈੱਟ ਕਰਾਂਗੇ ਦੇ ਸਵਾਲ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਸਮਾਂ ਹੁਣ ਨਹੀਂ ਆਉਣਾ, ਸਮਾਂ ਤਾਂ ਚੰਨੀ ਤੇ ਜ਼ੀਰੇ ਦਾ ਹੀ ਆਉਣਾ ਤੇ ਲੋਕਾਂ ਦਾ ਹੀ ਸਮਾਂ ਰਹਿਣਾ। ਮੇਰੇ ਪਿਤਾ 10 ਸਾਲ ਬਾਦਲਾਂ ਦੀ ਸਰਕਾਰ ਸਾਹਮਣੇ ਡਟੇ ਰਹੇ ਤੇ ਉਨ੍ਹਾਂ ਨੇ ਮੈਨੂੰ ਕਿਹਾ ਸੀ ਕਿ ਬਾਦਲਾਂ ਅੱਗੇ ਦੱਬਣਾ ਨਹੀਂ ਹੈ। ਜ਼ੀਰੇ ਨੇ ਕਿਹਾ ਕਿ ਪਿੰਡਾਂ ’ਚ ਲੋਕ ਮੈਨੂੰ ਲੋੜ ਤੋਂ ਵੱਧ ਪਿਆਰ ਦੇ ਰਹੇ ਹਨ। ਲੋਕਾਂ ਦਾ ਪਿਆਰ ਦੇਖ ਕੇ ਲੱਗਦਾ ਹੈ ਕਿ ਪਹਿਲਾਂ 24 ਹਜ਼ਾਰ ਵੋਟਾਂ ਨਾਲ ਜਿੱਤਿਆ ਸੀ ਤੇ ਹੁਣ 30 ਹਜ਼ਾਰ ਤੋਂ ਵੱਧ ਵੋਟਾਂ ਨਾਲ ਜਿੱਤਾਂਗਾ। ਉਨ੍ਹਾਂ ਕਿਹਾ ਕਿ ਪਿੰਡਾਂ ’ਚ ਕੀਤੇ ਮੇਰੇ ਕੰਮ ਬੋਲਦੇ ਹਨ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲੋਕਾਂ ਦੀ ਆਵਾਜ਼ ਹਨ। ਉਨ੍ਹਾਂ ਕਿਹਾ ਕਿ ਚੰਨੀ ਜਦੋਂ ਤਕ ਪੰਜਾਬ ਦੇ ਹਿੱਤ ਦੇ ਕੰਮ ਕਰਨਗੇ, ਮੈਂ ਉਨ੍ਹਾਂ ਦੇ ਨਾਲ ਹਾਂ।
ਇਹ ਵੀ ਪੜ੍ਹੋ : ਸੰਯੁਕਤ ਸਮਾਜ ਮੋਰਚੇ ਨੇ ਵਿਧਾਨ ਸਭਾ ਚੋਣਾਂ ਲਈ 12 ਹੋਰ ਉਮੀਦਵਾਰਾਂ ਦਾ ਕੀਤਾ ਐਲਾਨ
ਪੜ੍ਹੋ ਪੰਜਾਬ ਦੀ ਸਿਆਸਤ ਨਾਲ ਸਬੰਧਿਤ ਅੱਜ ਦੀਆਂ 5 ਵੱਡੀਆਂ ਖ਼ਬਰਾਂ
NEXT STORY