ਸੁਲਤਾਨਪੁਰ ਲੋਧੀ,(ਧੀਰ)- ਕਿਸੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਸਵ. ਲਾਲ ਬਹਾਦੁਰ ਸ਼ਾਸ਼ਤਰੀ ਨੇ ਦੇਸ਼ ਦੇ ਕਿਸਾਨ ਨੂੰ ਮਜ਼ਬੂਤ ਕਰਨ ਲਈ ਅਤੇ ਬਾਰਡਰ 'ਤੇ ਲੜ ਰਹੇ ਬਹਾਦਰ ਫੌਜੀਆਂ ਵਾਸਤੇ 'ਜੈ ਜਵਾਨ-ਜੈ ਕਿਸਾਨ' ਦਾ ਨਾਅਰਾ ਦਿੱਤਾ ਸੀ ਅਤੇ ਦੇਸ਼ ਦੇ ਲੋਕਾਂ ਨੂੰ ਹਰ ਸੋਮਵਾਰ ਭੁੱਖਾ ਰਹਿਣ ਦੀ ਵੀ ਅਪੀਲ ਕੀਤੀ ਸੀ ਪਰ ਅੱਜ ਦਾ ਸਮਾਂ ਦੇਖੋ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਦੋਵਾਂ ਨੂੰ ਹੀ ਬਰਬਾਦ ਕਰਨ ਦੇ ਇਰਾਦੇ ਨਾਲ ਖੇਤੀ ਵਿਰੋਧੀ ਕਾਨੂੰਨਾਂ ਨੂੰ ਜਬਰਦਸਤੀ ਲਾਗੂ ਕਰਨ 'ਤੇ ਬਜਿੱਦ ਹੈ। ਇਹ ਵਿਚਾਰ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ 'ਚ ਸ਼ਿਰਕਤ ਕਰਦਿਆਂ ਜੰਤਰ-ਮੰਤਰ 'ਤੇ ਬੈਠੇ ਕਾਂਗਰਸੀ ਸਾਂਸਦਾ ਜਸਬੀਰ ਡਿੰਪਾ, ਰਵਨੀਤ ਬਿੱਟੂ, ਗੁਰਜੀਤ ਔਜਲਾ ਆਦਿ ਨਾਲ ਧਰਨੇ 'ਤੇ ਬੈਠ ਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਪੋਰੇਟ ਘਰਾਣਿਆਂ ਦਾ ਅਹਿਸਾਨ ਮੋੜਨ ਲਈ ਦੇਸ਼ ਵਿਸ਼ੇਸ਼ ਕਰ ਕੇ ਪੰਜਾਬ ਦੇ ਕਿਸਾਨਾਂ ਨੂੰ ਖਤਮ ਕਰਨ 'ਤੇ ਤੁਲੇ ਹੋਏ ਹਨ ਅਤੇ ਆਵਾਮ ਦੀ ਆਵਾਜ਼ ਨੂੰ ਅਣਸੁਣਾ ਕਰਕੇ ਉਨ੍ਹਾਂ ਦੇ ਹੱਕਾਂ 'ਤੇ ਡਾਕੇ ਮਾਰ ਰਹੇ ਹਨ। ਕਿਸਾਨ ਅੰਦੋਲਨ ਦੇਸ਼ ਦਾ ਮਹਾਅੰਦੋਲਨ ਬਣ ਚੁੱਕਾ ਹੈ ਜਿਸਨੂੰ ਹੁਣ ਵਿਦੇਸ਼ਾਂ ਤੋਂ ਵੀ ਪੂਰਾ ਸਮਰਥਨ ਪ੍ਰਾਪਤ ਹੈ।
ਐੱਮ. ਪੀ. ਖਡੂਰ ਸਾਹਿਬ ਜਸਬੀਰ ਸਿੰਘ ਡਿੰਪਾ ਨੇ ਕਿਹਾ ਕਿ ਅੱਜ ਸਮੁੱਚਾ ਦੇਸ਼ ਕਿਸਾਨਾਂ ਦੇ ਨਾਲ ਖੜ੍ਹਾ ਹੈ ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦ੍ਰਿੜਤਾ ਨਾਲ ਸਟੈਂਡ ਲਿਆ ਸੀ ਤੇ ਵਿਧਾਨ ਸਭਾ 'ਚ ਕਾਨੂੰਨਾਂ ਦੇ ਵਿਰੋਧ 'ਚ ਮਤਾ ਪਾਸ ਕਰਵਾ ਕੇ ਆਪਣੀ ਕੁਰਸੀ ਵੀ ਦਾਅ 'ਤੇ ਲਾ ਦਿੱਤੀ ਸੀ । ਡਿੰਪਾ ਨੇ ਕਿਹਾ ਕਿ ਮੇਰੇ ਵੱਲੋਂ ਸੰਸਦ 'ਚ ਵੀ ਇਨ੍ਹਾਂ ਕਾਨੂੰਨਾਂ ਨੂੰ ਪਾਸ ਹੋਣ ਤੋਂ ਰੋਕਣ ਲਈ ਗੁਹਾਰ ਲਾਈ ਗਈ ਸੀ ਪਰ ਅਹੰਕਾਰ ਰੂਪੀ ਸੱਤਾ ਦੇ ਨਸ਼ੇ 'ਚ ਚੂਰ ਮੋਦੀ ਸਾਹਿਬ ਮੈਂ ਨਾ ਮਾਨੂੰ ਵਾਲੀ ਜਿੱਦ 'ਤੇ ਅੜੇ ਹੋਏ ਸਨ ਜਿਸ ਕਾਰਣ ਹੁਣ ਇਹ ਅੰਦੋਲਨ ਹਰ ਵਰਗ ਦਾ ਨਿੱਜੀ ਅੰਦੋਲਨ ਬਣ ਚੁੱਕਾ ਹੈ, ਜੋ ਮੋਦੀ ਸਰਕਾਰ ਦੇ ਪਤਨ ਦਾ ਕਾਰਣ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬੀ ਕਦੇ ਵੀ ਪਿੱਛੇ ਨਹੀ ਮੁੜਦੇ ਤੇ ਇਹ ਫਤਿਹ ਕਰ ਕੇ ਹੀ ਆਪਣੀ ਮੰਜਿਲ 'ਤੇ ਵਾਪਸ ਆਉਂਦੇ ਹਨ।
ਹਸਪਤਾਲ ’ਚ ਕੰਮ ਕਰਦੇ ਸਮੇਂ ਕਰੰਟ ਲੱਗਣ ਨਾਲ ਪੇਂਟਰ ਦੀ ਮੌਤ
NEXT STORY