ਲੁਧਿਆਣਾ (ਮੁੱਲਾਂਪੁਰੀ) : ਦੇਸ਼ ਦੀ ਮੋਦੀ ਸਰਕਾਰ ਜ਼ਬਰਦਸਤ ਵੋਟਾਂ ਹਾਸਲ ਕਰਕੇ ਰਾਜਭਾਗ 'ਤੇ ਕਾਬਜ਼ ਤਾਂ ਹੋ ਗਈ ਪਰ ਪੰਜਾਬ 'ਚ ਮੋਦੀ ਸਰਕਾਰ ਦਾ ਪੰਜਾਬੀਆਂ 'ਤੇ ਜਾਦੂ ਚੱਲਣ ਨਹੀਂ ਦਿੱਤਾ ਗਿਆ ਤੇ ਫਿਰ ਕਾਂਗਰਸ ਦੀ ਗੁੱਡੀ ਚੜ੍ਹ ਗਈ, ਮਤਲਬ ਕਿ 8 ਸੰਸਦ ਮੈਂਬਰ ਕਾਂਗਰਸ ਦੇ ਬਣ ਗਏ ਅਤੇ ਸਿਰਫ 2 ਬਾਦਲ ਪਰਿਵਾਰ ਦੇ ਮੈਂਬਰ ਸੰਸਦ ਮੈਂਬਰ ਬਣੇ ਹਨ। ਗੱਲ ਕੀ, ਪੰਜਾਬ 'ਚ ਅਕਾਲੀ ਦਲ ਹਾਰ ਗਿਆ। ਸਿਰਫ ਬਾਦਲ ਪਰਿਵਾਰ ਹੀ ਜਿੱਤਿਆ, ਜਿਵੇਂ ਕਿ ਭਾਜਪਾ 3 ਥਾਵਾਂ 'ਤੇ ਚੋਣ ਲੜੀ ਅਤੇ ਦੋ ਸੀਟਾਂ 'ਤੇ ਜਿੱਤੀ।
ਪੰਜਾਬ 'ਚ ਮੋਦੀ ਲਹਿਰ ਨੂੰ ਨਕਾਰਨ 'ਤੇ ਅਕਾਲੀ ਦਲ 'ਤੇ ਭਾਜਪਾ ਅੰਦਰੋਂ ਖਾਸੀ ਦੁਖੀ ਦੱਸੀ ਜਾ ਰਹੀ ਹੈ। ਹੁਣ ਸਿਆਸੀ ਹਲਕਿਆਂ 'ਚ ਇਹ ਚਰਚਾ ਛਿੜ ਗਈ ਹੈ ਕਿ ਪੰਜਾਬ 'ਚ ਕਾਂਗਰਸ ਦੀ ਸਰਕਾਰ ਹੋਣ ਕਾਰਨ ਮੋਦੀ ਸਰਕਾਰ ਆਪਣੇ ਪੱਧਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ 550ਵਾਂ ਜਨਮ ਦਿਹਾੜਾ ਕੇਂਦਰ ਸਰਕਾਰ ਵਲੋਂ ਆਪਣੇ ਪੱਧਰ 'ਤੇ ਮਨਾ ਸਕਦੀ ਹੈ ਅਤੇ ਇਸ ਦੀ ਜ਼ਿੰਮੇਵਾਰੀ ਵੀ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਸਾਥੀਆਂ ਨੂੰ ਦੇ ਸਕਦੀ ਹੈ ਕਿਉਂਕਿ ਪੰਜਾਬ 'ਚ ਕੈਪਟਨ ਸਰਕਾਰ ਨਾਲ ਮੋਦੀ ਸਰਕਾਰ ਦੀ ਦਾਲ ਨਹੀਂ ਗਲਦੀ।
ਇੱਥੇ ਇਹ ਵੀ ਦੱਸ ਦੇਈਏ ਕਿ ਸ਼੍ਰੋਮਣੀ ਕਮੇਟੀ ਵੀ ਆਪਣੇ ਪੱਧਰ 'ਤੇ ਇਹ ਦਿਹਾੜਾ ਮਨਾਉਣ ਦੀ ਤਿਆਰੀ 'ਚ ਲੱਗੀ ਹੋਈ ਹੈ ਅਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਇਸ ਦਿਹਾੜੇ ਨੂੰ ਆਪਣੀ ਸਰਕਾਰ 'ਚ ਮਨਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਾ ਕੇ ਮਾਅਰਕੇ ਵਾਲਾ ਸਮਾਗਮ ਕਰਵਾਉਣ ਦੀ ਤਾਂਘ 'ਚ ਹਨ। ਜੇਕਰ ਮੋਦੀ ਸਰਕਾਰ ਨੇ ਆਪਣੇ ਪੱਧਰ 'ਤੇ ਇਹ ਦਿਹਾੜਾ ਵੱਡਾ ਸਮਾਰੋਹ ਕਰਕੇ ਮਨਾਇਆ ਤਾਂ ਅਕਾਲੀ ਦਲ ਸ਼ਾਮਲ ਹੋਵੇਗਾ ਪਰ ਸਾਰੀ ਜ਼ਿੰਮੇਵਾਰੀ ਕੇਂਦਰ ਹੀ ਨਿਭਾਏਗਾ। ਇਹ ਚਰਚਾ ਅੱਜ-ਕੱਲ ਸਿਆਸੀ ਗਲਿਆਰਿਆਂ 'ਚ ਤਾਜ਼ੇ ਚੋਣਾਂ ਦੇ ਨਤੀਜੇ ਦੇਖ ਕੇ ਲੋਕ ਕਰਨ ਲੱਗ ਪਏ ਹਨ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹੰਸ ਰਾਜ ਹੰਸ
NEXT STORY