ਮੋਗਾ (ਆਜ਼ਾਦ) : ਜ਼ਿਲੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਨਾਜਾਇਜ਼ ਸਬੰਧਾਂ ਦੇ ਮਾਮਲੇ ਨੂੰ ਲੈ ਕੇ ਚੱਲਦੀ ਆ ਰਹੀ ਰੰਜਿਸ਼ ਕਾਰਣ ਹਥਿਆਰਬੰਦ ਵਿਅਕਤੀਆਂ ਵਲੋਂ ਧਰਮ ਸਿੰਘ ਦੇ ਘਰ ਅੱਗੇ ਅੰਨ੍ਹੇਵਾਹ ਫਾਇਰਿੰਗ ਕਰਨ ਦੇ ਇਲਾਵਾ ਗਾਲੀ-ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਜਾਂਚ ਤੋਂ ਬਾਅਦ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਘਟਨਾ ਦਾ ਪਤਾ ਲੱਗਣ 'ਤੇ ਥਾਣਾ ਬਾਘਾਪੁਰਾਣਾ ਦੇ ਥਾਣੇਦਾਰ ਗੁਰਤੇਜ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜੇ ਅਤੇ ਆਸ-ਪਾਸ ਦੇ ਲੋਕਾਂ ਤੋਂ ਪੁੱਛਗਿੱਛ ਕੀਤੀ।
ਕੀ ਹੈ ਸਾਰਾ ਮਾਮਲਾ
ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ 'ਚ ਧਰਮ ਸਿੰਘ ਪੁੱਤਰ ਨਛੱਤਰ ਸਿੰਘ ਨਿਵਾਸੀ ਪਿੰਡ ਮਾੜੀ ਮੁਸਤਫਾ ਨੇ ਕਿਹਾ ਕਿ ਉਹ ਖੇਤੀਬਾੜੀ ਦਾ ਕੰਮ ਕਰਦਾ ਹੈ। ਬੀਤੀ 24 ਫਰਵਰੀ ਨੂੰ ਰਾਤ ਸਮੇਂ ਜਦੋਂ ਉਹ ਆਪਣੇ ਭਤੀਜੇ ਅਕਾਸ਼ਦੀਪ ਸਿੰਘ ਨਾਲ ਘਰ ਦੇ ਬਾਹਰ ਖੜ੍ਹਾ ਸੀ ਤਾਂ ਕਥਿਤ ਮੁਲਜ਼ਮ ਗੁਰਪ੍ਰੀਤ ਸਿੰਘ ਮੇਰੇ ਘਰ ਅੱਗੇ ਆ ਕੇ ਗਾਲੀ-ਗਲੋਚ ਕਰਨ ਲੱਗ ਪਿਆ। ਉਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਦੇ ਮੇਰੀ ਪਤਨੀ ਨਾਲ ਕਥਿਤ ਨਾਜਾਇਜ਼ ਸਬੰਧ ਸਨ, ਜਿਸ ਕਾਰਣ ਮੈਂ ਆਪਣੀ ਪਤਨੀ ਨੂੰ ਪੰਚਾਇਤੀ ਤੌਰ 'ਤੇ ਗੱਲਬਾਤ ਕਰਨ ਤੋਂ ਬਾਅਦ ਪੇਕੇ ਭੇਜ ਦਿੱਤਾ ਸੀ ਅਤੇ ਹੁਣ ਗੁਰਪ੍ਰੀਤ ਸਿੰਘ ਮੈਨੂੰ ਮੇਰੀ ਪਤਨੀ ਨੂੰ ਪੇਕੇ ਘਰੋਂ ਲਿਆਉਣ ਲਈ ਧਮਕੀਆਂ ਦਿੰਦਾ ਸੀ ਅਤੇ ਕਹਿ ਰਿਹਾ ਸੀ ਕਿ ਆਪਣੀ ਪਤਨੀ ਨੂੰ ਮਾੜੀ ਮੁਸਤਫਾ ਲੈ ਕੇ ਆ, ਜਿਸ 'ਤੇ ਮੈਂ ਇਨਕਾਰ ਕਰ ਦਿੱਤਾ, ਜਿਸ ਕਾਰਣ ਉਹ ਮੇਰੇ ਨਾਲ ਰੰਜਿਸ਼ ਰੱਖਦਾ ਆ ਰਿਹਾ ਸੀ ਅਤੇ ਇਸੇ ਕਾਰਣ ਉਸ ਨੇ ਸਾਡੇ ਘਰ ਅੱਗੇ ਗਾਲੀ-ਗਲੋਚ ਕਰਨੀ ਸ਼ੁਰੂ ਕਰ ਦਿੱਤੀ ਅਤੇ ਸਾਡੇ ਦਰਵਾਜ਼ੇ 'ਚ ਆ ਕੇ ਧੱਕੇ ਵੀ ਮਾਰੇ। ਮੈਂ ਅਤੇ ਮੇਰਾ ਭਤੀਜਾ ਅੰਦਰ ਚਲੇ ਗਏ ਅਤੇ ਕੁੰਡਾ ਬੰਦ ਕਰ ਲਿਆ ਪਰ ਉਹ ਗਾਲੀ-ਗਲੋਚ ਕਰਨ ਦੇ ਇਲਾਵਾ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦੇਣ ਲੱਗਾ। ਇਸ ਦੌਰਾਨ ਉਥੇ ਬੇਅੰਤ ਸਿੰਘ ਉਰਫ ਚਮਕੌਰ ਸਿੰਘ ਅਤੇ ਗੁਰਚਰਨ ਸਿੰਘ ਵੀ ਆ ਗਏ, ਜਿਨ੍ਹਾਂ ਕੋਲ ਨਾਜਾਇਜ਼ ਅਸਲਾ ਸੀ ਅਤੇ ਘਰ ਦੇ ਅੱਗੇ ਆ ਕੇ ਹਵਾਈ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਤੇ ਮੇਰਾ ਚਾਚਾ ਕੰਵਲਜੀਤ ਸਿੰਘ ਅਤੇ ਹੋਰ ਲੋਕ ਵੀ ਇਕੱਠੇ ਹੋ ਗਏ ਅਤੇ ਸਾਰੇ ਕਥਿਤ ਮੁਲਜ਼ਮ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਇਸ ਮਾਮਲੇ ਦੀ ਜਾਂਚ ਕਰ ਰਹੇ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਨਾਜਾਇਜ਼ ਸਬੰਧਾਂ ਦੀ ਰੰਜਿਸ਼ ਨੂੰ ਲੈ ਕੇ ਉਕਤ ਝਗੜਾ ਹੋਇਆ ਅਤੇ ਹਵਾਈ ਫਾਇਰਿੰਗ ਹੋਈ। ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਸਬੰਧੀ ਬਾਘਾਪੁਰਾਣਾ ਪੁਲਸ ਵਲੋਂ ਗੁਰਪ੍ਰੀਤ ਸਿੰਘ, ਬੇਅੰਤ ਸਿੰਘ ਉਰਫ ਚਮਕੌਰ ਸਿੰਘ, ਗੁਰਚਰਨ ਸਿੰਘ ਖਿਲਾਫ ਹਵਾਈ ਫਾਇਰਿੰਗ ਅਤੇ ਹੋਰ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਕਥਿਤ ਮੁਲਜ਼ਮਾਂ ਦੀ ਗ੍ਰਿਫਤਾਰੀ ਬਾਕੀ ਹੈ। ਪੁਲਸ ਵੱਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
ਅਕਾਲੀ ਨੇਤਾ ਦੀ ਕੋਠੀ 'ਚੋਂ ਹੈਰੋਇਨ ਦੇ ਮਾਮਲੇ 'ਚ ਤਿੰਨੋਂ ਅਫਗਾਨੀ ਨਾਗਰਿਕ 3 ਦਿਨਾ ਪੁਲਸ ਰਿਮਾਂਡ 'ਤੇ
NEXT STORY