ਮੋਗਾ (ਗੋਪੀ ਰਾਊਕੇ)-ਮਾਲਵਾ ਪੱਟੀ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋ-ਦਿਨ ਗੰਭੀਰ ਰੂੁਪ ਧਾਰਨ ਕਰਦੀ ਜਾ ਰਹੀ ਹੈ, ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨਾਂ ਵਲੋਂ ਆਪਣੀ ਸਮੱਸਿਆ ਨੂੰ ਜ਼ੋਰਦਾਰ ਢੰਗ ਨਾਲ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪੰਜਾਬ ਸਰਕਾਰ ਮੂਹਰੇ ਉਠਾਇਆ ਜਾ ਰਿਹਾ ਹੈ ਪਰ ਹਾਲੇ ਤੱਕ ਸਮੱਸਿਆ ਜਿਉਂ ਦੀ ਤਿਉਂ ਰਹਿਣ ਕਰ ਕੇ ਕਿਸਾਨ ਪ੍ਰੇਸ਼ਾਨ ਹਨ। ਇਸ ਸਮੱਸਿਆ ਕਾਰਨ ਮਾਲਵਾ ਖਿੱਤੇ ’ਚ ਹਾਲਤ ਇੰਨੇ ਖਰਾਬ ਹੋਣ ਲੱਗੇ ਹਨ ਕਿ ਆਪਣੇ ਪਿੰਡਾਂ ਦੀ ਹੱਦ ਤੋਂ ਰਾਤ ਵੇਲੇ ਦੂਜੇ ਪਿੰਡ ਵਿਚ ਪਸ਼ੂਆਂ ਨੂੰ ਦਾਖਲ ਕਰਨ ਦੇ ਮਾਮਲੇ ’ਤੇ ਪਿੰਡਾਂ ਦੇ ਕਿਸਾਨਾਂ ਦੇ ਆਪਸੀ ‘ਸਿੰਙ’ ਫ਼ਸਣ ਲੱਗੇ ਹਨ। ਦੱਸਣਾ ਬਣਦਾ ਹੈ ਕਿ ਇਕ ਹਫ਼ਤਾ ਪਹਿਲਾਂ ਮੋਗਾ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਵਲੋਂ ਇਕ ਪਿੰਡ ਦੀ ਹੱਦ ਤੋਂ ਦੂਜੇ ਪਿੰਡ ਪਸ਼ੂਆਂ ਨੂੰ ਛੱਡਣ ਦੇ ਮਾਮਲੇ ’ਤੇ ਸਥਿਤੀ ਤਣਾਅਪੂਰਨ ਬਣ ਗਈ ਸੀ, ਜਿਸ ਮਗਰੋਂ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਖਲ ਮਗਰੋਂ ਇਹ ਮਾਮਲਾ ਸ਼ਾਂਤ ਹੋਇਆ ਸੀ। ਦੂਜੇ ਪਾਸੇ ਕਿਸਾਨਾਂ ਵਲੋਂ ਪੱਕਣੀ ਸ਼ੁਰੂ ਹੋਈ ਆਪਣੀ ਕਣਕ ਦੀ ਫ਼ਸਲ ਨੂੰ ਬਚਾਉਣ ਲਈ ਪਿਛਲੇ ਢਾਈ ਮਹੀਨਿਆਂ ਤੋਂ ਠੰਡ ਦੀਆਂ ਰਾਤਾਂ ਵਿਚ ਖ਼ੇਤਾਂ ਦੇ ਪੱਕੇ ‘ਡੇਰੇ’ ਲਾਏ ਹੋਏ ਹਨ। ‘ਜਗ ਬਾਣੀ’ ਵਲੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਮਾਲਵਾ ਖਿੱਤੇ ਦੇ ਮੋਗਾ, ਬਰਨਾਲਾ, ਮਾਨਸਾ, ਬਠਿੰਡਾ, ਫਰੀਦਕੋਟ ਅਤੇ ਮੁਕਤਸਰ ਜ਼ਿਲਿਆਂ ਵਿਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ। ਪਿੰਡ ਭਿੰਡਰ ਕਲਾਂ ਦੇ ਕਿਸਾਨ ਗੁਰਭਿੰਦਰ ਸਿੰਘ ਮਾਨ ਦਾ ਕਹਿਣਾ ਸੀ ਕਿ ਪਸ਼ੂਆਂ ਕਾਰਨ ਕਿਸਾਨਾਂ ਦੀ ਹਾਡ਼ੀ ਦੀ ਮੁੱਖ ਫ਼ਸਲ ਕਣਕ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਅੱਧ ਜਨਵਰੀ ਤੋਂ ਬਾਅਦ ਜਦੋਂ ਪਸ਼ੂ ਕਣਕ ਦੀ ਫ਼ਸਲ ਦੀ ‘ਬੱਲੀ’ ਨੂੰ ਖਾ ਜਾਂਦੇ ਹਨ ਤਾਂ ਉਹ ਦੁਬਾਰਾ ਨਹੀਂ ਉੱਠਦੀ। ਇਨ੍ਹਾਂ ਦਿਨਾਂ ਵਿਚ ਫ਼ਸਲ ਪੱਕਣ ਦੇ ਪਹਿਲੇ ਪਡ਼ਾਅ ਤੋਂ ਦੂਜੇ ਪਡ਼ਾਅ ਵਿਚ ਦਾਖਲ ਹੋਣ ਲੱਗੀ ਹੈ, ਇਸ ਵੇਲੇ ਜੇਕਰ ਫ਼ਸਲ ’ਤੇ ਬੇਸਹਾਰਾ ਪਸ਼ੂਆਂ ਦੀ ਮਾਰ ਪੈਂਦੀ ਹੈ ਤਾਂ ਫ਼ਸਲ ਦਾ ਝਾਡ਼ ਘਟਣ ਦੀ ਸਮੱਸਿਆ ਬਣਨ ਲੱਗਦੀ ਹੈ। ਮੋਗਾ ਦੇ ਕਿਸਾਨ ਅੰਮ੍ਰਿਤਪਾਲ ਸਿੰਘ ਗਿੱਲ ਦਾ ਕਹਿਣਾ ਸੀ ਕਿ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਸਭ ਤੋਂ ਵੱਧ ਸਾਹਮਣਾ ਪਿੰਡਾਂ ਦੇ ਨੇਡ਼ੇ ਸਥਿਤ ਖੇਤਾਂ ਵਾਲੇ ਕਿਸਾਨਾਂ ਨੂੰ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂ ਦਿਨ ਵੇਲੇ ਤਾਂ ਪਿੰਡਾਂ ਵਿਚ ਆ ਜਾਂਦੇ ਹਨ, ਜਦਕਿ ਸ਼ਾਮ ਹੁੰਦਿਆਂ ਹੀ ਇਹ ਪਸ਼ੂ ਪਿੰਡਾਂ ਦੇ ਨਾਲ ਲੱਗਦੇ ਕਿਸਾਨਾਂ ਦੇ ਖੇਤਾਂ ਵਿਚ ਦਾਖਲ ਹੋ ਜਾਂਦੇ ਹਨ। ਪਿੰਡ ਧੱਲੇਕੇ ਦੇ ਕਿਸਾਨ ਹਰਬੰਸ ਸਿੰਘ ਦਾ ਕਹਿਣਾ ਸੀ ਕਿ ਇਸ ਸਮੱਸਿਆ ਦੇ ਹੱਲ ਲਈ ਪ੍ਰਸ਼ਾਸਨ ਜਾਂ ਸਰਕਾਰ ਨੇ ਹਾਲੇ ਤੱਕ ਕੋਈ ਠੋਸ ਰਣਨੀਤੀ ਨਹੀਂ ਘਡ਼ੀ ਹੈ, ਜਿਸ ਕਾਰਨ ਸਮੱਸਿਆ ’ਚ ਹੋਰ ਵਾਧਾ ਹੋ ਰਿਹਾ ਹੈ। ਫ਼ਸਲ ਦੇ ਨੁਕਸਾਨ ਦੇ ਨਾਲ-ਨਾਲ ਬੇਸਹਾਰਾ ਪਸ਼ੂਆਂ ਕਰ ਕੇ ਸਡ਼ਕੀ ਹਾਦਸਿਆਂ ਦੀ ਗਿਣਤੀ ਵੀ ਵੱਧਦੀ ਜਾ ਰਹੀ ਹੈ। ਇਨ੍ਹਾਂ ਕਾਰਨ ਹੋਏ ਹਾਦਸਿਆਂ ਵਿਚ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਪਿੰਡ ਡਾਲਾ, ਰਾਊਕੇ ਕਲਾਂ, ਲੋਪੋਂ , ਫਤਿਹਗਡ਼੍ਹ ਕੋਰੋਟਾਣਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਇਸ ਸਮੱਸਿਆ ਵੱਲ ਧਿਆਨ ਦਿੱਤਾ ਜਾਵੇ। ਬਾਕਸ ਨੰਬਰ-1 ਕਿਸਾਨਾਂ ਨੇ ਫ਼ਸਲਾਂ ਦੀ ਰਾਖੀ ਲਈ ਰੱਖੇ ਘੋਡ਼ ਸਵਾਰਇਸੇ ਦੌਰਾਨ ਹੀ ਪਿੰਡਾਂ ਦੇ ਕਿਸਾਨਾਂ ਨੇ ਸਰਕਾਰੀ ਪੱਧਰ ’ਤੇ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਾ ਕੋਈ ਹੱਲ ਨਾ ਹੋਣ ਕਾਰਨ ਹੁਣ ਮਾਲਵਾ ਖਿੱਤੇ ਦੇ ਕਈ ਕਿਸਾਨਾਂ ਨੇ ਆਪੋ-ਆਪਣੇ ਪਿੰਡਾਂ ਵਿਚ ਰਾਤ ਵੇਲੇ ਪਸ਼ੂਆਂ ਤੋਂ ਫ਼ਸਲਾਂ ਨੂੰ ਬਚਾਉਣ ਲਈ ਘੋਡ਼ ਸਵਾਰ ਵੀ ਰੱਖੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਹਜ਼ਾਰਾਂ ਰੁਪਏ ਇਕੱਤਰ ਕਰ ਕੇ ਇਨ੍ਹਾਂ ਘੋਡ਼ ਸਵਾਰਾਂ ਨੂੰ ਦਿੱਤੇ ਜਾਦੇ ਹਨ, ਜੋ ਫ਼ਸਲਾਂ ਦੀ ਰਾਤ ਵੇਲੇ ਰਾਖੀ ਕਰਦੇ ਹਨ।
ਲਾਪਤਾ ਹੋਏ ਫੌਜੀਆਂ ਦੀ ਲਾਸ਼ਾਂ ਪਿੰਡ ਦੇ ਛੱਪੜ 'ਚੋਂ ਮਿਲੀਆ (ਵੀਡੀਓ)
NEXT STORY