ਮੋਗਾ (ਗੋਪੀ ਰਾਊਕੇ)- ਆਲ ਇੰਡੀਆ ਸਟੂਡੈਂਟਸ ਫੈੱਡਰੇਸ਼ਨ ਤੇ ਸਰਬ ਭਾਰਤ ਨੌਜਵਾਨ ਸਭਾ ਵਲੋਂ ‘ਸ਼ਹੀਦ ਨਛੱਤਰ ਸਿੰਘ ਧਾਲੀਵਾਲ ਭਵਨ, ਮੋਗਾ ਵਿਖੇ ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮੇਂ ਆਲ ਇੰਡੀਆ ਸਟੂਡੈਂਟ ਫੈੱਡਰੇਸ਼ਨ ਦੀ ਕੌਮੀ ਗਰਲਜ਼ ਕਨਵੀਨਰ ਕਰਮਵੀਰ ਬੱਧਨੀ, ਇਸਤਰੀ ਸਭਾ ਦੀ ਆਗੂ ਬਲਜੀਤ ਕੌਰ ਅਤੇ ਵਿਦਿਆਰਥੀ ਆਗੂ ਮਨੀਸ਼ਾ ਮਹੇਸ਼ਰੀ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸਮਾਜਕ ਬੁਰਾਈਆਂ ਦੇ ਖਾਤਮੇ ਲਈ ਔਰਤਾਂ ਜਥੇਬੰਦ ਹੋਣ, ਹੁਣ ਤੱਕ ਔਰਤਾਂ ਨੇ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਸੰਘਰਸ਼ ਵਿੱਢਿਆ, ਜਿਸ ਦੇ ਸਦਕਾ ਉਹ ਔਰਤਾਂ ਇਕ ਗੌਰਵਮਈ ਇਤਿਹਾਸ ਸਿਰਜਣ ਵਿਚ ਕਾਮਯਾਬ ਹੋਈਆਂ। ਜਿਨ੍ਹਾਂ ਨੂੰ ਯਾਦ ਕਰਦਿਆਂ ਹਰ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਅੱਜ ਜਦੋਂ ਅਸੀਂ ਇਤਿਹਾਸ ਨੂੰ ਪਡ਼੍ਹਦੇ ਹਾਂ ਤਾਂ ਪਤਾ ਲੱਗਦਾ ਹੈ ਕਿ ਹੁਣ ਤੱਕ ਹੋਏ ਸੰਘਰਸ਼ਾਂ ’ਚ ਔਰਤਾਂ ਦੀ ਵੱਡੀ ਭਾਗੀਦਾਰੀ ਰਹੀ ਹੈ। ਪੰਜਾਬ ਵਿਚ ਮਾਤਾ ਗੁਜਰੀ, ਮਾਈ ਭਾਗੋ ਦਾ ਜੀਵਨ ਹਰ ਔਰਤ ਨੂੰ ਕੁਝ ਕਰਨ ਦੀ ਪ੍ਰੇਰਨਾ ਦਿੰਦਾ ਹੈ। ਬਿਮਲਾ ਡਾਂਗ ਜਿਹੀਆਂ ਔਰਤਾਂ ਦਾ ਸੰਘਰਸ਼ੀ ਜੀਵਨ ਸੇਧ ਦਿੰਦਾ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਸਮੇਂ ਔਰਤਾਂ ਵਲੋਂ ਸਮਾਜਕ ਅਤੇ ਆਰਥਿਕ ਲਡ਼ਾਈ ਵਿਚ ਪਾਏ ਗਏ ਯੋਗਦਾਨ ਨੂੰ ਅੱਖੋਂ-ਪਰੋਖੇ ਨਹੀਂ ਕੀਤਾ ਜਾ ਸਕਦਾ। ਅੱਜ ਸਰਮਾਏਦਾਰੀ ਧਿਰਾਂ ਅਸਲ ਹੱਕ ਚਾਹੇ ਉਹ ਸਿੱਖਿਆ ਹੋਵੇ ਜਾਂ ਰੁਜ਼ਗਾਰ ਤੋਂ ਸਭ ਨੂੰ ਲਾਂਭੇ ਕਰ ਰਹੀਆਂ ਹਨ, ਜਿਸ ਸਦਕਾ ਪੂਰੀ ਮਨੁੱਖਤਾ ਖਾਸ ਕਰ ਕੇ ਔਰਤਾਂ ਆਪਣੀਆਂ ਮੁੱਢਲੀਆਂ ਸਹੂਲਤਾਂ ਤੋਂ ਵਾਂਝੀਆਂ ਹਨ। ਇਸ ਲਈ ਲੋਡ਼ ਹੈ ਕਿ ਆਪਣੇ ਗੌਰਵਮਈ ਇਤਿਹਾਸ ਤੋਂ ਪ੍ਰੇਰਨਾ ਲੈਂਦਿਆਂ ਔਰਤਾਂ ਹਰੇਕ ਲਈ ਸਿੱਖਿਆ ਅਤੇ ਰੁਜ਼ਗਾਰ ਦੀ ਗਾਰੰਟੀ ਦੇ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿਚ ਪਾਸ ਹੋਣ ਲਈ ਲਾਮਬੰਦ ਹੋਣ। ਇਸ ਸਮੇਂ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਬੱਧਨੀ, ਵੀਰਪਾਲ ਕੌਰ ਗਿੱਲ, ਬਿਕਰਮਜੀਤ ਕੌਰ, ਜਸਵਿੰਦਰ ਬੱਧਨੀ, ਕਿਰਨਜੀਤ ਕੌਰ, ਰਾਜਦੀਪ ਕੌਰ ਦੀਨਾ, ਕਿਰਨਦੀਪ, ਹਰਪਿੰਦਰ ਕੌਰ ਮੋਗਾ ਆਦਿ ਹਾਜ਼ਰ ਸਨ।
ਵਿਧਾਇਕ ਕਮਲ ਨੇ ਵਿਦਿਆਰਥਣਾਂ ਨੂੰ ਵੰਡੇ ਸਾਈਕਲ
NEXT STORY