ਮੋਗਾ (ਜ.ਬ.)- 13 ਅਪ੍ਰੈਲ ਨੂੰ ਜਲਿਆਂਵਾਲਾ ਬਾਗ ਕਾਂਡ ਦੀ ਸ਼ਤਾਬਦੀ ਮਨਾਉਣ ਸਬੰਧੀ ਨੌਜਵਾਨ ਭਾਰਤ ਸਭਾ ਨੇ ਸਮਾਲਸਰ ਦੀ ਸੈਂਟਰ ਵਾਲੀ ਧਰਮਸ਼ਾਲਾ ਵਿਚ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੌਕੇ ਆਪਣੇ ਸੰਬੋਧਨ ’ਚ ਮੋਹਨ ਸਿੰਘ ਔਲਖ ਨੇ ਆਖਿਆ ਕਿ ਨੌਜਵਾਨਾਂ ਨੂੰ ਜਾਗਰੂਕ ਤੇ ਇਕਜੁੱਟ ਕਰਨ ਦੀ ਸਖਤ ਜ਼ਰੂਰਤ ਹੈ। ਸਾਨੂੰ ਸਾਮਰਾਜੀ ਕੰਪਨੀਆਂ ਤੇ ਸਰਕਾਰਾਂ ਦੀ ਮਿਲੀਭੁਗਤ ਵਿਰੁੱਧ ਸੰਘਰਸ਼ ਕਰਨ ਲਈ ਤਿਆਰ ਹੋਣਾ ਚਾਹੀਦਾ ਹੈ ਅਤੇ ਸਾਡੀ ਹੋ ਰਹੀ ਨਾਜਾਇਜ਼ ਲੁੱਟ ਖਿਲਾਫ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਜੇਕਰ ਸਰਕਾਰ ਲੋਕਾਂ ਦਾ ਆਰਥਕ ਤੇ ਸਮਾਜਕ ਪੱਧਰ ਉੱਚਾ ਚੁੱਕਣ ਵਾਸਤੇ ਕੰਮ ਕਰਨ ਦੀ ਥਾਂ ਨਿੱਜੀ ਖੇਤਰ ਹੱਥੋਂ ਸਾਡੀ ਲੁੱਟ ਦਾ ਰਾਹ ਪੱਧਰਾ ਕਰਨ ਲੱਗ ਪਵੇ ਤਾਂ ਵਾਗਡੋਰ ਬਦਲਣੀ ਪੈਂਦੀ ਹੈ। ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਲੁਟੇਰੇ ਪ੍ਰਬੰਧ ਦਾ ਤਖਤਾ ਪਲਟ ਕਰਨਾ ਚਾਹੀਦਾ ਹੈ। ਗਗਨ ਸਮਾਲਸਰ ਨੇ ਕਿਹਾ ਕਿ ਨੌਜਵਾਨਾਂ ਨੂੰ ਆਪਣਾ ਕੀਮਤੀ ਸਮਾਂ ਸੁਚੱਜੇ ਪਾਸੇ ਵਰਤਣਾ ਪੈਣਾ ਹੈ ਤੇ ਵਰਤਮਾਨ ਰਾਜਨੀਤਕ ਹਾਲਾਤ ਤੋਂ ਜਾਣੂ ਹੋਣਾ ਚਾਹੀਦਾ ਹੈ। ਜਲਿਆਂਵਾਲਾ ਬਾਗ ਕਾਂਡ ਦੇ ਇਤਿਹਾਸ ਤੋਂ ਸਾਨੂੰ ਸਿੱਖਿਆ ਲੈਣ ਦੀ ਲੋਡ਼ ਹੈ। ਅਜੋਕੇ ਸਮੇਂ ਦੇਸ਼ ਨੂੰ ਮੁਡ਼ ਗੁਲਾਮੀ ਵਾਲੇ ਹਾਲਾਤ ਵੱਲ ਧੱਕਿਆ ਜਾ ਰਿਹਾ ਹੈ। ਨੌਜਵਾਨਾਂ ਨੇ ਮੀਟਿੰਗ ਉਪਰੰਤ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਉਹ 13 ਅਪ੍ਰੈਲ ਦੇ ਇਕੱਠ ’ਚ ਸ਼ਾਮਲ ਹੋਣ ਲਈ ਤਿਆਰ ਹਨ। ਇਸ ਮੌਕੇ ਬਲਕਰਨ ਵੈਰੋਕੇ, ਅਮਨ ਖੁਰਮੀ, ਲਖਵਿੰਦਰ ਮਾਨ, ਪ੍ਰਦੀਪ ਸ਼ਰਮਾ, ਗਗਨ ਸ਼ਰਮਾ, ਜਸਪ੍ਰੀਤ ਸਮਾਲਸਰ, ਨਾਨਕ ਸਿੰਘ, ਰੋਹਿਤ ਕੁਮਾਰ, ਬਬਲੂ ਲੰਡੇ, ਸੁਰਜੀਤ ਸਮਾਲਸਰ ਆਦਿ ਹਾਜ਼ਰ ਸਨ।
ਨਸ਼ਿਆਂ ਦੇ ਸੰਤਾਪ ਦੀ ਪੇਸ਼ਕਾਰੀ ਕਰਨ ’ਚ ਸਫਲ ਰਿਹਾ ਨਾਟਕ ‘ਤੂੰ ਜਾਹ ਡੈਡੀ’
NEXT STORY