ਮੋਗਾ (ਗੋਪੀ ਰਾਊਕੇ)-ਛੋਲਿਆਂ ਦੀ ਕਾਸ਼ਤ ਕਰਨ ਨਾਲ ਜਿਥੇ ਪਾਣੀ ਦੀ ਬੱਚਤ ਹੁੰਦੀ ਹੈ, ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ, ਉੱਥੇ ਕਿਸਾਨਾਂ ਲਈ ਆਮਦਨ ਦਾ ਬਹੁਤ ਵਧੀਆ ਸਰੋਤ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਟੇਟ ਐਵਾਰਡੀ ਡਾ. ਜਸਵਿੰਦਰ ਸਿੰਘ ਬਰਾਡ਼, ਪੌਦਾ ਸੁਰੱਖਿਆ ਅਫਸਰ, ਮੋਗਾ ਨੇ ਕੀਤਾ। ਇਸ ਸਮੇਂ ਮੰਡੀ ’ਚ ਹਰੇ ਛੋਲਿਆਂ ਦੀ ਫਸਲ ਦਾ ਰੇਟ ਕੁਆਲਟੀ ਪੱਖੋਂ 700 ਤੋਂ 1200 ਰੁਪਏ ਪ੍ਰਤੀ ਕੁਇੰਟਲ ਹੈ ਅਤੇ ਇਕ ਏਕਡ਼ ’ਚੋਂ ਤਕਰੀਬਨ 100 ਕੁਇੰਟਲ ਹਰਾ ਛੋਲੀਆਂ ਨਿਕਲ ਰਿਹਾ ਹੈ।ਇਸ ਤਰ੍ਹਾਂ 70 ਹਜ਼ਾਰ ਰੁਪਏ ਪ੍ਰਤੀ ਏਕਡ਼ ਤੋਂ ਵੱਧ ਆਮਦਨ ਪ੍ਰਾਪਤ ਹੋ ਰਹੀ ਹੈ। ਇਸ ਤਰ੍ਹਾਂ ਇਸ ਫਸਲ ’ਚੋਂ ਕਿਸਾਨ ਦੂਜੀਆਂ ਫਸਲਾਂ ਨਾਲ ਤੁਲਨਾਤਮਕ ਵੱਧ ਲਾਭ ਲੈ ਰਹੇ ਹਨ। ਡਾ. ਬਰਾਡ਼ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਖੇਤ ’ਚ ਅੱਠ ਏਕਡ਼ ਰਕਬੇ ’ਚ ਛੋਲਿਆਂ ਦੀ ਖੇਤੀ ਕੀਤੀ ਹੈ। ਇਸ ਫਸਲ ’ਚ ਉਨ੍ਹਾਂ ਨੇ ਕੋਈ ਵੀ ਨਦੀਨਨਾਸ਼ਕ, ਉੱਲੀਨਾਸ਼ਕ, ਕੀਟਨਾਸ਼ਕ ਜਾਂ ਖਾਦ ਦੀ ਵਰਤੋਂ ਨਹੀਂ ਕੀਤੀ ਅਤੇ ਨਾ ਹੀ ਫਸਲ ਨੂੰ ਕੋਈ ਪਾਣੀ ਲਾਇਆ ਹੈ। ਇਸ ਤਰ੍ਹਾਂ ਬਿਨਾਂ ਖਰਚੇ ਦੇ ਭਰਪੂਰ ਫਸਲ ਦੀ ਉਪਜ ਲਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਛੋਲਿਆਂ ਦੀ ਖੇਤੀ ਕਰਨ ਲਈ ਚੰਗੇ ਜਲ ਨਿਕਾਸ ਵਾਲੀ ਜ਼ਮੀਨ ਦਾ ਹੋਣਾ ਜ਼ਰੂਰੀ ਹੈ। ਇਹ ਫਸਲ ਹਲਕੀਆਂ ਜ਼ਮੀਨਾਂ ’ਚ ਜਿਥੇ ਹੋਰ ਫਸਲਾਂ ਨਾ ਬੀਜ਼ੀਆਂ ਜਾ ਸਕਣ, ’ਚ ਬਡ਼ੀ ਕਾਮਯਾਬੀ ਨਾਲ ਉਗਾਈ ਜਾ ਸਕਦੀ ਹੈ। ਖਾਰੀਆਂ, ਕਠਰਾਲੀਆਂ ਜਾਂ ਸੇਮ ਵਾਲੀਆਂ ਜ਼ਮੀਨਾਂ ਇਸ ਫਸਲ ਲਈ ਢੁੱਕਵੀਆਂ ਨਹੀਂ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ’ਚ ਹੋਰ ਫਸਲਾਂ ਦੇ ਨਾਲ-ਨਾਲ ਛੋਲਿਆਂ ਦੀ ਖੇਤੀ ਨੂੰ ਵੀ ਤਰਜ਼ੀਹ ਦਿੱਤੀ ਜਾਵੇ ਤਾਂ ਜੋ ਕਿਸਾਨ ਆਪਣੀ ਆਮਦਨ ’ਚ ਵਾਧਾ ਕਰ ਸਕਣ।
ਪ੍ਰਧਾਨ ਕਰਮਜੀਤ ਸੈਦੋਕੇ ਐੱਨ. ਆਰ. ਆਈਜ਼ ਦੀਆਂ ਸਮੱਸਿਆਵਾਂ ਸਬੰਧੀ ਭਰਤ ਇੰਦਰ ਚਾਹਲ ਨੂੰ ਮਿਲੇ
NEXT STORY