ਫਿਰੋਜ਼ਪੁਰ (ਸੰਨੀ, ਰਾਜਵੀਰ ) - 2-3 ਅਗਸਤ ਦੀ ਵਿਚਕਾਰਲੀ ਰਾਤ ਨੂੰ ਘਰ ਦੇ ਹੀ ਪੁੱਤਰ ਵਲੋਂ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਪਰਿਵਾਰ ਦੇ ਜੀਆਂ 'ਚ ਉਸ ਘਰ ਦੀ ਧੀ ਅਮਨਜੋਤ ਕੌਰ ਅਤੇ ਦੋਹਤੀ ਅਮਨੀਤ ਕੌਰ ਦਾ ਅੰਤਿਮ ਸੰਸਕਾਰ ਅੱਜ ਸਹੁਰੇ ਪਿੰਡ ਸਹਿਜ਼ਾਦੀ (ਫਿਰੋਜ਼ਪੁਰ) ਦੇ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ। ਇਸ ਮੌਕੇ ਇਲਾਕੇ ਦੇ ਲੋਕ, ਰਿਸ਼ਤੇਦਾਰ ਵੱਡੀ ਗਿਣਤੀ 'ਚ ਹਾਜ਼ਰ ਸਨ।ਇਲਾਕੇ ਦੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਪਤੀ ਲਾਡੀ ਗਹਿਰੀ ਨੇ ਵੀ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਦਿਲਬਾਗ ਨੇ ਦਿਖਾਈ ਪਤਨੀ ਦੀ ਚਿਖਾ ਨੂੰ ਅੱਗ
ਅਮਨਜੋਤ ਕੌਰ ਅਤੇ ਅਮਨੀਤ ਕੌਰ ਦਾ ਅੰਤਿਮ ਸੰਸਕਾਰ ਇਕੋ ਹੀ ਚਿਖਾ 'ਤੇ ਕੀਤਾ ਗਿਆ। ਦੋਹਾਂ ਦੇ ਮ੍ਰਿਤਕ ਸਰੀਰ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੇਹ ਸੰਭਾਲ ਘਰ ਤਲਵੰਡੀ ਭਾਈ ਰੱਖੇ ਗਏ ਸਨ, ਜਿਨ੍ਹਾਂ ਨੂੰ ਦਿਲਬਾਗ ਸਿੰਘ ਦੀ ਸਾਲੀ ਅਮਰਜੀਤ ਕੌਰ (ਅਮਨਜੋਤ ਦੀ ਛੋਟੀ ਭੈਣ) ਦੇ ਕੈਨੇਡਾ ਤੋਂ ਵਾਪਸ ਆਉਣ ਤੋਂ ਬਾਅਦ ਘਰ ਲਿਆਂਦਾ ਗਿਆ ਅਤੇ ਅੰਤਿਮ ਦਰਸ਼ਨਾਂ ਵਾਸਤੇ ਰੱਖਿਆ ਗਿਆ। ਦੋਹਾਂ ਦੇ ਮ੍ਰਿਤਕ ਸਰੀਰ ਚਿੱਟੇ ਕੱਪੜੇ ਵਿਚ ਲਪੇਟ ਕੇ ਰੱਖੇ ਗਏ ਸਨ ਅਤੇ ਉੱਪਰ ਫੁਲਕਾਰੀ ਪਾਈ ਗਈ ਸੀ। ਚਿਖਾ ਨੂੰ ਅਗਨੀ ਅਮਨਜੋਤ ਕੌਰ ਦੇ ਪਤੀ ਅਤੇ ਅਮਨੀਤ ਕੌਰ ਦੇ ਪਿਤਾ ਦਿਲਬਾਗ ਸਿੰਘ ਨੇ ਦਿਖਾਈ।

ਭੁੱਬਾਂ ਮਾਰ ਕੇ ਰੋਏ ਰਿਸ਼ਤੇਦਾਰ
ਮਾਂ-ਧੀ ਦੇ ਅੰਤਿਮ ਸੰਸਕਾਰ ਸਮੇਂ ਮਾਹੌਲ ਇੰਨਾ ਉਦਾਸਮਈ ਸੀ ਕਿ ਸੈਂਕੜੇ ਰਿਸ਼ਤੇਦਾਰ ਭੁੱਬਾਂ ਮਾਰ ਕੇ ਰੋਂਦੇ ਦੇਖੇ ਗਏ। ਇਸ ਮੌਕੇ ਹਰ ਕੋਈ ਮਾਸੂਮ ਬੱਚੀ ਦਾ ਚਿਹਰਾ ਦੇਖ ਕੇ ਅੱਥਰੂ ਵਹਾ ਰਿਹਾ ਸੀ ਅਤੇ ਕੋਸ ਰਿਹਾ ਸੀ ਉਸ ਅਭਾਗੀ ਘੜੀ ਨੂੰ ਜਦੋਂ ਸ਼ੁੱਕਰਵਾਰ ਨੂੰ ਦੋਹਾਂ ਨੂੰ ਉਸ ਦੇ ਪਰਿਵਾਰ ਨੇ ਉਸ ਦੇ ਭਾਈ ਸੰਦੀਪ ਸਿੰਘ ਨਾਲ ਨੱਥੂਵਾਲੇ ਨੂੰ ਤੋਰਿਆ ਸੀ। ਅਮਨਜੋਤ ਦੀ ਸੱਸ ਰਣਜੀਤ ਕੌਰ ਨੇ ਰੋਂਦੇ ਹੋਏ ਬਹੁਤ ਹੀ ਭਰੇ ਮਨ ਨਾਲ ਕਿਹਾ ਕਿ ਪਤਾ ਨਹੀਂ ਰੱਬ ਨੇ ਉਨ੍ਹਾਂ ਨਾਲ ਕਿਸ ਜਨਮ ਦਾ ਵੈਰ ਕੱਢਿਆ ਹੈ, ਜਿਸ ਕਰ ਕੇ ਉਸ ਦੇ ਪੁੱਤਰ (ਦਿਲਬਾਗ ਸਿੰਘ) ਦਾ ਘਰ ਉੱਜੜ ਗਿਆ। ਉਨ੍ਹਾਂ ਦੀ ਨੂੰਹ ਅਤੇ ਘਰ ਦੀ ਰੌਣਕ ਉਸ ਦੀ ਪੋਤਰੀ ਅਮਨੀਤ ਦਾ ਇਸ ਤਰ੍ਹਾਂ ਤੁਰ ਜਾਣਾ ਪਰਿਵਾਰ ਵਾਸਤੇ ਬਹੁਤ ਧੱਕਾ ਹੈ, ਜਿਸ ਨੂੰ ਬਰਦਾਸ਼ਤ ਕਰਨਾ ਉਨ੍ਹਾਂ ਦੇ ਵੱਸ ਦੀ ਗੱਲ ਨਹੀਂ।

ਵੀਰ ਸਿੰਘ ਸਕੂਲ 'ਚ ਮ੍ਰਿਤਕਾਂ ਦੀ ਆਤਮਿਕ ਸ਼ਾਂਤੀ ਲਈ ਰੱਖਿਆ ਗਿਆ ਮੌਨ
ਨੱਥੂਵਾਲਾ ਗਰਬੀ ਦੀ ਜਿਸ ਕੋਠੀ ਵਿਚ ਕਤਲੇਆਮ ਦੀ ਇਹ ਦਰਦਨਾਕ ਘਟਨਾ ਵਾਪਰੀ ਹੈ ਉਸ ਦੇ ਬਿਲਕੁਲ ਨਾਲ ਹੀ ਭਾਈ ਵੀਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਹੈ, ਜਿੱਥੇ ਸਕੂਲ ਦੇ ਵਿਦਿਆਰਥੀਆਂ, ਸਟਾਫ ਅਤੇ ਪ੍ਰਬੰਧਕਾਂ ਨੇ ਸਵੇਰ ਦੀ ਸਭਾ ਦੌਰਾਨ ਵਿੱਛੜੀਆਂ ਰੂਹਾਂ ਦੀ ਆਤਮਿਕ ਸ਼ਾਂਤੀ ਵਾਸਤੇ ਦੋ ਮਿੰਟ ਦਾ ਮੌਨ ਧਾਰਨ ਕੀਤਾ ਅਤੇ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕੀਤੀ।

ਬਟਾਲਾ : ਗਲਤ ਦਵਾਈ ਖਾਣ ਨਾਲ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ
NEXT STORY