ਜਲੰਧਰ (ਸੁਨੀਲ ਧਵਨ)- ਮੁਹੰਮਦ ਸਦੀਕ ਪੰਜਾਬੀ ਗਾਇਕੀ ਤੋਂ ਰਾਜਨੀਤੀ ਦੇ ਖੇਤਰ ’ਚ ਦਾਖ਼ਲ ਹੋਏ ਸਨ ਅਤੇ ਇਸ ਸਮੇਂ ਉਹ ਫਰੀਦਕੋਟ ਲੋਕ ਸਭਾ ਸੀਟ ਦੀ ਨੁਮਾਇੰਦਗੀ ਕਰ ਰਹੇ ਹਨ। 2012 ਤੋਂ 2017 ਤੱਕ ਉਹ ਵਿਧਾਇਕ ਵੀ ਰਹੇ। ਕਾਂਗਰਸ ਨਾਲ ਜੜੇ ਸਦੀਕ ਨੂੰ ਲੋਕ ਸਭਾ ’ਚ ਪਹੁੰਚਾਉਣ ਲਈ ਕਈ ਨੇਤਾਵਾਂ ਨੇ ਆਪਣਾ ਯੋਗਦਾਨ ਪਾਇਆ ਸੀ। ਮਾਲਵਾ ਖੇਤਰ ਨਾਲ ਜੁੜੇ ਇਸ ਕਾਂਗਰਸੀ ਸੰਸਦ ਮੈਂਬਰ ਨੂੰ ਸਾਫ਼-ਸੁਥਰਾ ਸਿਆਸਤਦਾਨ ਮੰਨਿਆ ਜਾਂਦਾ ਹੈ। ਪੰਜਾਬੀ ਗਾਇਕੀ ਨਾਲ ਜਦੋਂ ਸਦੀਕ ਜੁਡ਼ੇ ਸਨ ਤਾਂ ਉਨ੍ਹਾਂ ਨੇ ਕਈ ਮਹਿਲਾ ਗਾਇਕਾਂ ਜਿਵੇਂ ਸੁਰਿੰਦਰ ਕੌਰ, ਨਰਿੰਦਰ ਬੀਬਾ, ਰਜਿੰਦਰ ਰਾਜਨ, ਸਵਰਨ ਲਤਾ ਦੇ ਨਾਲ ਵੀ ਕਈ ਗੀਤ ਗਾਏ ਸਨ। ਉਨ੍ਹਾਂ ਦਾ ਲੋਕਪ੍ਰਿਯ ਗੀਤ ਜਿਸ ਨੇ ਧੁੰਮਾਂ ਮਚਾਈਆਂ ਸਨ, ਉਸ ਦੇ ਸ਼ੁਰੂਆਤੀ ਬੋਲ ‘ਨਿਗ੍ਹਾ ਮਾਰਦਾ ਆਈਂ ਵੇ ਮੇਰਾ ਲੌਂਗ ਗਵਾਚਾ’ ਸੀ। ਸਦੀਕ ਕਈ ਪੰਜਾਬੀ ਫਿਲਮਾਂ ਜਿਵੇਂ ‘ਪੁੱਤ ਜੱਟਾਂ ਦੇ’, ‘ਪਟੋਲਾ’ ਆਦਿ ’ਚ ਵੀ ਕੰਮ ਕਰ ਚੁੱਕੇ ਹਨ। ਕਾਂਗਰਸੀ ਸੰਸਦ ਮੈਂਬਰ ਨਾਲ ਮਾਲਵਾ ਦੀ ਰਾਜਨੀਤੀ ਨੂੰ ਲੈ ਕੇ ਵਿਸ਼ੇਸ਼ ਰੂਪ ’ਚ ਚਰਚਾ ਕੀਤੀ ਗਈ, ਜਿਸ ’ਚ ਉਨ੍ਹਾਂ ਨੇ ਪੁੱਛੇ ਗਏ ਸਵਾਲਾਂ ਦੇ ਸਪੱਸ਼ਟ ਜਵਾਬ ਦਿੱਤੇ :
ਸ. ਮਾਲਵਾ ’ਚ ਪੰਜਾਬ ਦੀਆਂ ਸਭ ਤੋਂ ਜ਼ਿਆਦਾ ਸੀਟਾਂ ਪੈਂਦੀਆਂ ਹਨ। 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਤਸਵੀਰ ਕਿਸ ਤਰ੍ਹਾਂ ਦੀ ਰਹੇਗੀ?
ਜ. ਮੈਂ ਕੋਈ ਵੱਡਾ ਸਿਆਸਤਦਾਨ ਨਹੀਂ ਹਾਂ ਪਰ ਜਿੰਨੀ ਮੇਰੀ ਸਮਝ ਹੈ ਉਸ ਅਨੁਸਾਰ ਮਾਲਵਾ ’ਚ ਇਸ ਵਾਰ ਕਾਂਗਰਸ ਦਾ ਪ੍ਰਦਰਸ਼ਨ ਵਧੀਆ ਰਹਿਣ ਵਾਲਾ ਹੈ।
ਸ. ਆਮ ਆਦਮੀ ਪਾਰਟੀ ਮਾਲਵਾ ’ਚ ਵਧੀਆ ਪ੍ਰਦਰਸ਼ਨ ਕਰਨ ਦਾ ਇਸ ਵਾਰ ਦਾਅਵਾ ਕਰ ਰਹੀ ਹੈ?
ਜ. ਦਾਅਵੇ ਕਰਨ ਨਾਲ ਸੀਟਾਂ ਜਿੱਤੀਆਂ ਨਹੀਂ ਜਾਂਦੀਆਂ ਹਨ। ਅਸਲ ’ਚ ਜ਼ਮੀਨੀ ਪੱਧਰ ’ਤੇ ਕਾਂਗਰਸ ਦੀ ਸਥਿਤੀ ਮਜ਼ਬੂਤ ਵਿਖਾਈ ਦੇ ਰਹੀ ਹੈ। ਆਮ ਆਦਮੀ ਪਾਰਟੀ (ਆਪ) ਵੀ ਕੁਝ ਸੀਟਾਂ ਜ਼ਰੂਰ ਜਿੱਤੇਗੀ ਪਰ ਇਸ ਦੇ ਬਾਵਜੂਦ ਕਾਂਗਰਸ ਦਾ ਮੁਕਾਬਲਾ ਕਰਨ ਦੀ ਸਥਿਤੀ ’ਚ ਉਹ ਨਹੀਂ ਹੈ।
ਸ. ਕਾਂਗਰਸ ’ਚ ਮਾਲਵਾ ਖੇਤਰ ’ਚ ਕੁਝ ਸੀਨੀਅਰ ਨੇਤਾਵਾਂ ਵਿਚਾਲੇ ਆਪਸੀ ਜੰਗ ਵੀ ਚੱਲ ਰਹੀ ਹੈ। ਉਸ ਨੂੰ ਕਿਸ ਤਰ੍ਹਾਂ ਨਾਲ ਸ਼ਾਂਤ ਕੀਤਾ ਜਾਵੇਗਾ?
ਜ. ਇਹ ਸਹੀ ਹੈ ਕਿ ਮਾਲਵਾ ਖੇਤਰ ’ਚ ਕੁਝ ਸੀਨੀਅਰ ਕਾਂਗਰਸੀ ਨੇਤਾਵਾਂ ਦੇ ਵਿਚਾਲੇ ਆਪਸੀ ਖਿੱਚੋਤਾਣ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ। ਬਠਿੰਡਾ ’ਚ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਨੂੰ ਆਪਸ ’ਚ ਮਿਲ ਕੇ ਚੱਲਣਾ ਹੋਵੇਗਾ। ਬਠਿੰਡਾ ਲੋਕ ਸਭਾ ਸੀਟ ’ਚ ਆਪਸੀ ਲੜਾਈ ਦੇ ਕਾਰਨ ਕੁਝ ਸੀਟਾਂ ਪ੍ਰਭਾਵਿਤ ਹੋ ਸਕਦੀਆਂ ਹਨ। ਕਾਂਗਰਸ ਹਾਈਕਮਾਨ ਨੂੰ ਦੋਵਾਂ ਨੇਤਾਵਾਂ ਨੂੰ ਆਪਸ ’ਚ ਬਿਠਾਉਣਾ ਹੋਵੇਗਾ। ਇਸੇ ਤਰ੍ਹਾਂ ਕੁਝ ਹੋਰ ਸੀਟਾਂ ’ਤੇ ਕਾਂਗਰਸੀ ਨੇਤਾਵਾਂ ਵਿਚਾਲੇ ਏਕਤਾ ਜ਼ਰੂਰੀ ਹੈ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਦਾ ਵੱਡਾ ਐਲਾਨ, ਸਰਕਾਰ ਬਣਨ ’ਤੇ ਬਸਪਾ ਕੋਟੇ ਤੋਂ ਹੋਵੇਗਾ ਇਕ ਡਿਪਟੀ ਸੀ.ਐੱਮ.
ਸ. ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਮਾਲਵਾ ਖੇਤਰ ’ਚ ਕਿੰਨਾ ਅਸਰ ਪਾ ਸਕਦੀ ਹੈ?
ਜ. ਮੈਨੂੰ ਨਹੀਂ ਲੱਗਦਾ ਕਿ ਮਾਲਵਾ ਖੇਤਰ ’ਚ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦਾ ਵੋਟਰਾਂ ’ਤੇ ਕੋਈ ਖਾਸ ਅਸਰ ਪਵੇਗਾ। ਮੈਂ ਤਾਂ ਕਾਂਗਰਸ ਦਾ ਸਿਪਾਹੀ ਹੈ। ਭਾਵੇਂ ਮੈਨੂੰ ਅੱਗੇ ਲਿਆਉਣ ’ਚ ਕੈਪਟਨ ਅਮਰਿੰਦਰ ਸਿੰਘ ਦਾ ਕਾਫ਼ੀ ਯੋਗਦਾਨ ਰਿਹਾ ਪਰ ਇਸ ਸਮੇਂ ਮੈਂ ਕਾਂਗਰਸ ਦੇ ਨਾਲ ਖੜ੍ਹਾ ਹਾਂ ਅਤੇ ਮੇਰਾ ਉਦੇਸ਼ ਆਪਣੇ ਖੇਤਰ ’ਚ ਕਾਂਗਰਸ ਦੀ ਜਿੱਤ ਨੂੰ ਯਕੀਨੀ ਬਣਾਉਣਾ ਹੈ।
ਸ. ਮਾਲਵਾ ’ਚ ਇਕ ਸਮੇਂ ਅਕਾਲੀਆਂ ਦਾ ਮਜ਼ਬੂਤ ਲੋਕ ਆਧਾਰ ਹੁੰਦਾ ਸੀ। ਹੁਣ ਅਕਾਲੀਆਂ ਦੀ ਜ਼ਮੀਨੀ ਸਥਿਤੀ ਕਿਵੇਂ ਦੀ ਹੈ?
ਜ. ਹੁਣ ਅਕਾਲੀ ਦਲ ਦਾ ਲੋਕ ਆਧਾਰ ਮਾਲਵਾ ’ਚ ਹਿੱਲ ਚੁੱਕਾ ਹੈ। ਮਾਲਵਾ ’ਚ ਅਕਾਲੀ ਦਲ ਦਾ ਪ੍ਰਦਰਸ਼ਨ ਜ਼ਿਆਦਾ ਵਧੀਆ ਨਹੀਂ ਰਹੇਗਾ। ਪਹਿਲੇ ਸਥਾਨ ’ਤੇ ਕਾਂਗਰਸ ਰਹੇਗੀ ਅਤੇ ਦੂਜੇ ਸਥਾਨ ’ਤੇ ਆਮ ਆਦਮੀ ਪਾਰਟੀ। ਤੀਸਰੇ ਸਥਾਨ ’ਤੇ ਅਕਾਲੀ ਦਲ ਮਾਲਵਾ ਖੇਤਰ ’ਚ ਰਹੇਗਾ।
ਸ. ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਨਸ਼ਿਆਂ ਦਾ ਮੁੱਦਾ ਵੋਟਰਾਂ ’ਤੇ ਕਿੰਨਾ ਅਸਰ ਪਾਵੇਗਾ?
ਜ. ਇਹ ਸਹੀ ਹੈ ਕਿ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਅਤੇ ਨਸ਼ਿਆਂ ਦਾ ਮੁੱਦਾ ਵੋਟਰਾਂ ਨੂੰ ਪ੍ਰਭਾਵਿਤ ਕਰਦਾ ਰਿਹਾ ਹੈ। ਇਸ ਵਾਰ ਵੀ ਉਸ ਦਾ ਕੁਝ ਨਾ ਕੁਝ ਅਸਰ ਜ਼ਰੂਰ ਹੋਵੇਗਾ ਪਰ ਜਿਸ ਤਰ੍ਹਾਂ ਨਾਲ ਸੱਤਾ ਤਬਦੀਲੀ ਤੋਂ ਬਾਅਦ ਮੌਜੂਦਾ ਕਾਂਗਰਸ ਸਰਕਾਰ ਨੇ ਧਾਰਮਿਕ ਬੇਅਦਬੀ ਅਤੇ ਨਸ਼ਿਆਂ ਦੇ ਮਾਮਲਿਆਂ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਹੈ, ਉਹ ਚੰਗਾ ਹੈ। ਲੋਕਾਂ ਦੇ ਅੰਦਰ ਇਹ ਉਮੀਦ ਜਾਗੀ ਹੈ ਕਿ ਮੌਜੂਦਾ ਕਾਂਗਰਸ ਸਰਕਾਰ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ’ਚ ਇਨਸਾਫ ਦਿਵਾਉਣ ਪ੍ਰਤੀ ਗੰਭੀਰ ਹੈ। ਅਜੇ ਆਉਣ ਵਾਲੇ ਦਿਨਾਂ ’ਚ ਹਾਲਾਤ ’ਤੇ ਤਿੱਖੀ ਨਜ਼ਰ ਰੱਖਣ ਦੀ ਜ਼ਰੂਰਤ ਹੈ।
ਸ. ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਮਾਮਲਿਆਂ ਨੂੰ ਕਿਸ ਤਰ੍ਹਾਂ ਨਾਲ ਸੰਭਾਲਣ ਦੀ ਜ਼ਰੂਰਤ ਹੈ?
ਜ. ਅਸਲ ’ਚ ਇਨ੍ਹਾਂ ਮਾਮਲਿਆਂ ਨੂੰ ਗੰਭੀਰਤਾ ਨਾਲ ਸੰਭਾਲਣ ਦੀ ਜ਼ਰੂਰਤ ਹੈ। ਕਾਂਗਰਸ ਸਰਕਾਰ ਨੇ ਪਿਛਲੀ ਵਾਰ ਜਦੋਂ ਬਾਦਲਾਂ ਨੂੰ ਗ੍ਰਿਫਤਾਰ ਕੀਤਾ ਸੀ ਤਾਂ ਉਨ੍ਹਾਂ ਪ੍ਰਤੀ ਹਮਦਰਦੀ ਪੈਦਾ ਹੋ ਗਈ ਸੀ। ਇਸ ਲਈ ਮੌਜੂਦਾ ਕਾਂਗਰਸ ਸਰਕਾਰ ਨੂੰ ਸੰਭਲ ਕੇ ਕਦਮ ਚੁੱਕਣੇ ਹੋਣਗੇ, ਜਿਸ ਨਾਲ ਕਿ ਅਕਾਲੀ ਨੇਤਾਵਾਂ ਨੂੰ ਹਮਦਰਦੀ ਨਾ ਮਿਲ ਸਕੇ। ਬਰਗਾੜੀ ਅਤੇ ਬਹਿਬਲ ਕਲਾਂ ਦੇ ਮਾਮਲਿਆਂ ਦੀ ਮੌਜੂਦਾ ਸਰਕਾਰ ਨੂੰ ਪੂਰੀ ਜਾਣਕਾਰੀ ਹੈ।
ਸ. ਕਾਂਗਰਸੀਆਂ ’ਚ ਚਰਚਾ ਹੈ ਕਿ ਹੁਣ ਵਰਕਰਾਂ ਦੀ ਸੁਣਵਾਈ ਸਰਕਾਰੀ ਦਰਬਾਰ ’ਚ ਹੋ ਰਹੀ ਹੈ।
ਜ. ਇਹ ਸਹੀ ਹੈ ਕਿ ਕਾਂਗਰਸੀ ਵਰਕਰਾਂ ਦੀ ਪ੍ਰਸ਼ਾਸਨ ’ਚ ਪਿਛਲੇ ਸਾਢੇ 4 ਸਾਲਾਂ ’ਚ ਸੁਣਵਾਈ ਨਹੀਂ ਹੋ ਸਕੀ, ਜੋ ਕਿ ਦੁਖਦਾਈ ਸੀ। ਹੁਣ ਮੌਜੂਦਾ ਕਾਂਗਰਸ ਸਰਕਾਰ ’ਚ ਕਾਂਗਰਸੀ ਵਰਕਰਾਂ ’ਚ ਰੌਣਕ ਪਰਤੀ ਹੈ ਤੇ ਉਹ ਖੁਸ਼ ਵਿਖਾਈ ਦੇ ਰਹੇ ਹਨ। ਐੱਸ. ਸੀ. ਭਾਈਚਾਰੇ ਤੋਂ ਮੁੱਖ ਮੰਤਰੀ ਬਣਾਉਣ ਨਾਲ ਵੀ ਐੱਸ. ਸੀ. ਵੋਟ ਬੈਂਕ ਕਾਂਗਰਸ ਦੇ ਨਾਲ ਜੁੜਿਆ ਹੈ।
ਇਹ ਵੀ ਪੜ੍ਹੋ: ਪੰਜਾਬ ’ਚ ਦਿੱਲੀ ਦੇ ਮੁਕਾਬਲੇ ਸਿਹਤ ਸਹੂਲਤਾਂ ਬਿਹਤਰ, ‘ਆਪ’ ਨੂੰ ਬਹਿਸ ਦੀ ਚੁਣੌਤੀ : ਓ. ਪੀ. ਸੋਨੀ
ਸਿੱਖ ਨੌਜਵਾਨ ਹੁਣ ਅਕਾਲੀ ਦਲ ਦੇ ਨਾਲ ਨਹੀਂ ਰਿਹਾ
ਸੰਸਦ ਮੈਂਬਰ ਮੁਹੰਮਦ ਸਦੀਕ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਦੇ ਅਗਲੀ ਸਰਕਾਰ ਬਣਾਉਣ ਦੇ ਦਾਅਵੇ ਬੇਬੁਨਿਆਦ ਹਨ। ਅਜਿਹੇ ਦਾਅਵੇ ਤਾਂ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਕੀਤੇ ਗਏ ਸਨ ਪਰ ਕੋਈ ਖਾਸ ਅਸਰ ਨਹੀਂ ਪਿਆ। ਇੰਨਾ ਜ਼ਰੂਰ ਹੈ ਕਿ ਪੰਜਾਬ ਦੀ ਰਾਜਨੀਤੀ ’ਚ ਅਕਾਲੀ ਦਲ ਪਿਛਲੀ ਵਾਰ ਵੀ ਤੀਸਰੇ ਸਥਾਨ ’ਤੇ ਸੀ ਅਤੇ ਇਸ ਵਾਰ ਵੀ ਉਹ ਤੀਸਰੇ ਸਥਾਨ ’ਤੇ ਰਹੇਗਾ। ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਅਕਾਲੀ ਦਲ ਨੂੰ ਲੈ ਕੇ ਸਿੱਖ ਪੰਥ ਵਿਸ਼ੇਸ਼ ਤੌਰ ’ਤੇ ਸਿੱਖ ਨੌਜਵਾਨਾਂ ਦੇ ਅੰਦਰ ਨਿਰਾਸ਼ਾ ਪੈਦਾ ਹੋਈ ਹੈ। ਇਹ ਸਥਿਤੀ ਹੁਣ ਵੀ ਉਵੇਂ ਹੀ ਪਾਈ ਜਾ ਰਹੀ ਹੈ।
ਰਾਜਨੀਤੀ ਇਕ ਸੇਵਾ, ਕਲਾਕਾਰ ਇਸ ਗੱਲ ਨੂੰ ਚੰਗੀ ਤਰ੍ਹਾਂ ਨਾਲ ਸਮਝ ਲੈਣ
ਮੁਹੰਮਦ ਸਦੀਕ ਦਾ ਮੰਨਣਾ ਹੈ ਕਿ ਰਾਜਨੀਤੀ ਇਕ ਸੇਵਾ ਹੈ। ਹਾਲਾਂਕਿ ਚੋਣਾਂ ਦੇ ਦਿਨਾਂ ’ਚ ਅਨੇਕਾਂ ਕਲਾਕਾਰ ਅਤੇ ਗਾਇਕ ਵੱਖ-ਵੱਖ ਸਿਆਸੀ ਪਾਰਟੀਆਂ ’ਚ ਸ਼ਾਮਲ ਹੁੰਦੇ ਹਨ ਪਰ ਉਨ੍ਹਾਂ ਨੂੰ ਇਹ ਸਮਝ ਕੇ ਅੱਗੇ ਵਧਣਾ ਹੋਵੇਗਾ ਕਿ ਰਾਜਨੀਤੀ ’ਚ ਉਹ ਕੋਈ ਕਾਰੋਬਾਰ ਕਰਨ ਲਈ ਨਹੀਂ ਆ ਰਹੇ ਸਗੋਂ ਇਹ ਤਾਂ ਸੇਵਾ ਦੀ ਇਕ ਜ਼ਿੰਮੇਵਾਰੀ ਹੈ, ਜੋ ਲੋਕਾਂ ਵੱਲੋਂ ਦਿੱਤੀ ਜਾਂਦੀ ਹੈ।
ਇਹ ਵੀ ਪੜ੍ਹੋ: ਮਜੀਠੀਆ 'ਤੇ ਰੰਧਾਵਾ ਦਾ ਪਲਟਵਾਰ, ਕਿਹਾ-ਅਕਾਲੀਆਂ ਦੇ ਸਮੇਂ 'ਚ ਤਬਾਦਲਿਆਂ ਲਈ ਚਲਦਾ ਸੀ ਪੈਸਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਵੋਟਰਾਂ ਨੂੰ ਅਣਦੇਖਿਆ ਕਰਨ ਮਗਰੋਂ ਹੁਣ ਆਪਣੀ ਜ਼ਮੀਨੀ ਸ਼ਾਖ ਬਚਾਉਣ ’ਚ ਰੁੱਝੇ ਨਵਜੋਤ ਸਿੱਧੂ
NEXT STORY