ਤਰਨਤਾਰਨ (ਰਾਜੂ) : ਥਾਣਾ ਸਦਰ ਪੱਟੀ ਦੀ ਪੁਲਸ ਨੇ ਜਨਾਨੀ ਅਤੇ ਉਸ ਦੇ 4 ਸਾਲ ਦੇ ਬੱਚੇ ਨੂੰ ਗਾਇਬ ਕਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਸ ਨੂੰ ਦਰਜ ਕਰਵਾਈ ਸ਼ਿਕਾਇਤ ਵਿਚ ਕਵਲਜੀਤ ਕੌਰ ਪਤਨੀ ਜਗੀਰ ਸਿੰਘ ਵਾਸੀ ਕਿਆਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਨੇ ਦੱਸਿਆ ਕਿ ਉਸ ਦੀ ਧੀ ਪਲਵਿੰਦਰ ਕੌਰ ਦੀ ਸ਼ਾਦੀ 8 ਸਾਲ ਪਹਿਲਾਂ ਨਛੱਤਰ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਜੰਡ ਨਾਲ ਹੋਈ ਸੀ। ਵਿਆਹ ਤੋਂ ਬਾਅਦ ਉਸ ਦੀ ਧੀ ਦੇ ਘਰ ਦੋ ਲੜਕੀਆਂ ਅਤੇ ਇਕ ਲੜਕਾ ਪੈਦਾ ਹੋਏ। ਉਸ ਦੀ ਧੀ ਦਾ ਸਹੁਰਾ ਪਰਿਵਾਰ ਅਕਸਰ ਉਸ ਦੀ ਕੁੱਟਮਾਰ ਕਰਦੇ ਰਹਿੰਦੇ ਸਨ ਅਤੇ ਤੰਗ-ਪ੍ਰੇਸ਼ਾਨ ਕਰਦੇ ਸਨ।
ਬੀਤੀ 1 ਨਵੰਬਰ 2020 ਨੂੰ ਉਸ ਦੇ ਜਵਾਈ ਨਛੱਤਰ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਪਲਵਿੰਦਰ ਕੌਰ ਆਪਣੇ ਲੜਕੇ ਜੋਬਨਜੀਤ ਸਿੰਘ ਨੂੰ ਨਾਲ ਲੈ ਕੇ ਕਿਧਰੇ ਚਲੀ ਗਈ ਹੈ ਅਤੇ ਅਸੀਂ ਹੁਣ ਤੱਕ ਉਨ੍ਹਾਂ ਦੀ ਬਹੁਤ ਭਾਲ ਕੀਤੀ ਪ੍ਰੰਤੂ ਕੁਝ ਪਤਾ ਨਹੀਂ ਚੱਲਿਆ। ਜਦਕਿ ਹੁਣ ਉਨ੍ਹਾਂ ਨੂੰ ਪਤਾ ਲੱਗਾ ਕਿ ਸਹੁਰੇ ਪਰਿਵਾਰ ਨੇ ਮਿਲ ਕੇ ਉਸ ਦੀ ਧੀ ਅਤੇ ਦੋਹਤੇ ਨੂੰ ਗਾਇਬ ਕਰ ਦਿੱਤਾ ਹੈ। ਜਿਸ ਦੀ ਸ਼ਿਕਾਇਤ ਉਸ ਨੇ ਤੁਰੰਤ ਪੁਲਸ ਨੂੰ ਕਰ ਦਿੱਤੀ। ਇਸ ਸਬੰਧੀ ਏ.ਐੱਸ.ਆਈ. ਨਰਿੰਦਰ ਸਿੰਘ ਨੇ ਦੱਸਿਆ ਕਿ ਮੁੱਦਈਆ ਦੇ ਬਿਆਨਾਂ ’ਤੇ ਨਛੱਤਰ ਸਿੰਘ, ਗੁਰਭਿੰਦਰ ਸਿੰਘ, ਪਰਮਜੀਤ ਕੌਰ ਵਾਸੀਆਨ ਜੰਡ ਖ਼ਿਲਾਫ਼ ਮੁਕੱਦਮਾ ਨੰਬਰ 122 ਜ਼ੇਰ ਧਾਰਾ 365/506 ਆਈ.ਪੀ.ਸੀ. ਅਧੀਨ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੇਂਦਰ ਸਰਕਾਰ ਦੀ ਸ਼ਹਿ ’ਤੇ ਹੋਇਆ ਕਿਸਾਨਾਂ ਤੇ ਲਾਠੀਚਾਰਜ: ਰਾਜਾ ਵੜਿੰਗ
NEXT STORY