ਬਟਾਲਾ, (ਮਠਾਰੂ)- ਦੋ ਮਾਸੂਮ ਬੱਚਿਆਂ ਦੀ ਮਾਂ ਦੀ ਦੁਕਾਨ ਖਾਲੀ ਨਾ ਕਰਨ ਵਾਲੇ ਭਾਜਪਾ ਦੇ ਇਕ ਆਗੂ ਵੱਲੋਂ ਔਰਤ ਦੀ ਕਥਿਤ ਤੌਰ 'ਤੇ ਕੀਤੀ ਗਈ ਕੁੱਟਮਾਰ ਅਤੇ ਦਿੱਤੀਆਂ ਧਮਕੀਆਂ ਤੋਂ ਬਾਅਦ ਤੰਗ ਪ੍ਰੇਸ਼ਾਨ ਉਕਤ ਔਰਤ ਵੱਲੋਂ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਪਰਿਵਾਰ ਵੱਲੋਂ ਗੰਭੀਰ ਹਾਲਤ ਵਿਚ ਔਰਤ ਨੂੰ ਸਭ ਦਾ ਭਲਾ ਹਿਊਮੈਨਿਟੀ ਕਲੱਬ ਦੇ ਮੁੱਖ ਸੰਚਾਲਕ ਨਵਤੇਜ ਸਿੰਘ ਗੁੱਗੂ ਦੇ ਕੋਲ ਲਿਆਂਦਾ ਗਿਆ, ਜਿਥੇ ਕਲੱਬ ਵੱਲੋਂ ਤੁਰੰਤ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਵਿਚ ਜ਼ੇਰੇ ਇਲਾਜ ਸੋਨੀਆ ਵਾਸੀ ਮੁਰਗੀ ਮੁਹੱਲਾ ਬਟਾਲਾ ਦੇ ਪਤੀ ਕੁਲਵੰਤ ਰਾਜ ਨੇ ਦੱਸਿਆ ਕਿ ਸਾਲ 2010 ਤੋਂ ਭਾਜਪਾ ਦਾ ਇਕ ਆਗੂ ਸਾਡੀ ਦੁਕਾਨ ਦੇ ਵਿਚ ਕਿਰਾਏਦਾਰ ਹੈ ਤੇ ਉਸ ਨੇ ਪਿਛਲੇ ਦੋ ਸਾਲਾਂ ਤੋਂ ਨਾ ਤਾਂ ਦੁਕਾਨ ਦਾ ਕਿਰਾਇਆ ਦਿੱਤਾ ਹੈ ਤੇ ਨਾ ਹੀ ਦੁਕਾਨ ਖਾਲੀ ਕਰਦਾ ਹੈ। ਬੀਤੇ ਦਿਨ ਜਦ ਮੇਰੀ ਪਤਨੀ ਸੋਨੀਆ ਨੇ ਉਸ ਨੂੰ ਦੁਕਾਨ ਖਾਲੀ ਕਰਨ ਦੇ ਲਈ ਕਿਹਾ ਤਾਂ ਭਾਜਪਾ ਆਗੂ ਨੇ ਕੁੱਟਮਾਰ ਕਰਦਿਆਂ ਉਸ ਦੇ ਕੱਪੜੇ ਵੀ ਪਾੜ ਦਿੱਤੇ ਅਤੇ ਮੰਦੇ ਬੋਲ ਵੀ ਬੋਲੇ, ਜਿਸ ਤੋਂ ਤੰਗ ਹੋਈ ਮੇਰੀ ਪਤਨੀ ਨੇ ਜ਼ਹਿਰੀਲੀ ਦਵਾਈ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਗਰੀਬ ਪਰਿਵਾਰ ਨੇ ਦੱਸਿਆ ਕਿ ਗੰਭੀਰ ਹਾਲਤ ਵਿਚ ਸੋਨੀਆ ਨੂੰ ਹਿਊਮੈਨਿਟੀ ਕਲੱਬ ਦੇ ਮੁਖੀ ਤੇ ਸਮਾਜਸੇਵੀ ਆਗੂ ਨਵਤੇਜ ਸਿੰਘ ਗੁੱਗੂ ਕੋਲ ਲਿਆਂਦਾ ਗਿਆ, ਜਿਨ੍ਹਾਂ ਨੇ ਸੋਨੀਆ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਹੈ। ਇਸ ਮੌਕੇ ਪੀੜਤ ਪਰਿਵਾਰ ਨੇ ਦੱਸਿਆ ਕਿ ਭਾਜਪਾ ਆਗੂ ਦੇ ਖਿਲਾਫ਼ ਪੁਲਸ ਨੂੰ ਦਰਖਾਸਤ ਵੀ ਦਿੱਤੀ ਗਈ ਹੈ ਪਰ ਅਜੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ।
ਇਸ ਸਬੰਧੀ ਥਾਣਾ ਸਿਵਲ ਲਾਈਨ ਬਟਾਲਾ ਦੇ ਐੱਸ. ਐੱਚ. ਓ. ਅਮੋਲਕ ਸਿੰਘ ਨੇ ਕਿਹਾ ਕਿ ਬੀਮਾਰ ਹੋਣ ਕਾਰਨ ਉਹ ਛੁੱਟੀ 'ਤੇ ਹਨ ਪਰ ਮੀਡੀਆ ਵੱਲੋਂ ਪੀੜਤ ਔਰਤ ਦਾ ਮਸਲਾ ਧਿਆਨ ਵਿਚ ਲਿਆਉਣ ਤੋਂ ਬਾਅਦ ਜ਼ਿੰਮੇਵਾਰ ਵਿਅਕਤੀ ਖਿਲਾਫ਼ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਅਤੇ ਪੀੜਤ ਮਹਿਲਾ ਨੂੰ ਪੂਰਾ ਇਨਸਾਫ਼ ਦਿੱਤਾ ਜਾਵੇਗਾ।
ਗ੍ਰਿਫਤਾਰ ਅੱਤਵਾਦੀ 8 ਦਿਨਾਂ ਦੇ ਪੁਲਸ ਰਿਮਾਂਡ 'ਤੇ
NEXT STORY