ਬਹਿਰਾਮਪੁਰ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪੁਲਸ ਥਾਣਾ ਬਹਿਰਾਮਪੁਰ ਅਧੀਨ ਆਉਂਦੇ ਇਲਾਕੇ ਅੰਦਰ ਰੋਜ਼ਾਨਾ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਲੈ ਕੇ ਜਿੱਥੇ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਪਾਇਆ ਜਾ ਰਿਹਾ ਹੈ, ਉੱਥੇ ਹੀ ਬਹਿਰਾਮਪੁਰ ਪੁਲਸ ਪ੍ਰਸ਼ਾਸਨ ਚੋਰਾਂ ਨੂੰ ਨੱਥ ਪਾਉਣ 'ਚ ਅਸਫ਼ਲ ਦਿਖਾਈ ਦੇ ਰਿਹਾ ਹੈ। ਇਸ ਕਾਰਨ ਨਿੱਤ ਦਿਨ ਚੋਰੀ ਦੀਆਂ ਘਟਨਾਵਾਂ ਵੱਧ ਰਹੀਆਂ ਹਨ।
ਇਸੇ ਤਹਿਤ ਇਕ ਕਿਸਾਨ ਸੜਕ ਕਿਨਾਰੇ ਮੋਟਰਸਾਈਕਲ ਖੜ੍ਹਾ ਕਰਕੇ ਖੇਤਾਂ 'ਚ ਕੰਮਕਾਰ ਕਰ ਰਿਹਾ ਸੀ ਤਾਂ ਚੋਰਾਂ ਵੱਲੋਂ ਮੋਟਰਸਾਈਕਲ ਚੋਰੀ ਕਰ ਲਿਆ ਗਿਆ। ਜਾਣਕਾਰੀ ਦਿੰਦੇ ਹੋਏ ਕਿਸਾਨ ਕ੍ਰਿਸ਼ਨ ਸਿੰਘ ਪੁੱਤਰ ਰਾਮ ਨੇ ਦੱਸਿਆ ਕਿ ਉਹ ਆਪਣੇ ਭਰਾ ਰਣਜੀਤ ਸਿੰਘ ਨਾਲ ਖੇਤਾਂ ਵਿਚ ਕੰਮ ਕਰ ਰਿਹਾ ਸੀ। ਉਸ ਨੇ ਆਪਣਾ ਮੋਟਰਸਾਈਕਲ ਖੇਤ ਦੇ ਕਿਨਾਰੇ ਬਹਿਰਾਮਪੁਰ ਤੋਂ ਗੁਰਦਾਸਪੁਰ ਰੋਡ 'ਤੇ ਸੜਕ ਕਿਨਾਰੇ ਤਾਲਾ ਲਗਾ ਖੜ੍ਹਾ ਕੀਤਾ ਸੀ।
ਕੁੱਝ ਦੇਰ ਬਾਅਦ ਉਸ ਨੇ ਦੇਖਿਆ ਤਾਂ ਮੋਟਰਸਾਈਕਲ 'ਸੜਕ ਕਿਨਾਰੇ ਨਹੀਂ ਸੀ। ਉਨ੍ਹਾਂ ਇਸ ਸਬੰਧੀ ਥਾਣਾ ਬਹਿਰਾਮਪੁਰ 'ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ਇਲਾਕਾ ਵਾਸੀਆਂ ਨੇ ਆਪਣਾ ਨਾਂ ਗੁਪਤ ਰੱਖਦਿਆਂ ਦੱਸਿਆ ਕਿ ਇਲਾਕੇ 'ਚ ਨਸ਼ੇ ਦੀ ਲਾਹਣਤ ਦਿਨ ਪ੍ਰਤੀ ਦਿਨ ਵੱਧਣ ਕਾਰਨ ਪਹਿਲੇ ਵੀ ਨਸ਼ੇੜੀਆਂ ਵੱਲੋਂ ਕਈ ਥਾਵਾਂ 'ਤੇ ਚੋਰੀ ਦੀਆ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਹੈ ਪਰ ਪੁਲਸ ਪ੍ਰਸ਼ਾਸਨ ਇਨ੍ਹਾਂ ਖ਼ਿਲਾਫ਼ ਸ਼ਿਕੰਜਾ ਕੱਸਣ 'ਚ ਨਾਕਾਮ ਸਿੱਧ ਹੋ ਰਿਹਾ ਹੈ। ਇਲਾਕਾ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਲਾਕੇ ਅੰਦਰ ਵੱਧ ਰਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਨੱਥ ਪਾਉਣ ਲਈ ਪੂਰੀ ਸਖ਼ਤੀ ਨਾਲ ਸ਼ਿਕੰਜਾ ਕੱਸਿਆ ਜਾਵੇ।
ਟਰੱਕ ਅਤੇ ਆਟੋ-ਰਿਕਸ਼ਾ ਦੀ ਟੱਕਰ ਦੌਰਾਨ ਔਰਤ ਦੀ ਮੌਤ
NEXT STORY