ਜਲੰਧਰ-ਸ਼ਾਸਤਰੀ ਮਾਰਕੀਟ ਚੌਕ ਤੋਂ ਕੁਝ ਦੂਰੀ ’ਤੇ ਐਗਰੀਕਲਚਰ ਗੁਡਸ ਦੀ ਟਰੇਡਿੰਗ ਕਰਨ ਵਾਲੇ ਸਿਹਰਾ ਫੀਲਡ ਦੇ ਮਾਲਕ ਦੇ ਦੋਵਾਂ ਬੇਟਿਆਂ ’ਤੇ ਅਣਪਛਾਤੇ ਨਕਾਬਪੋਸ਼ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਜਿਸ ਸਮੇਂ ਹਮਲਾ ਹੋਇਆ ਉਸ ਸਮੇਂ ਦੋਵਾਂ ਭਰਾਵਾਂ ਤੋਂ ਇਲਾਵਾ ਇਕ ਹੋਰ ਸਾਥੀ ਵੀ ਸੀ ਜੋ ਤਿੰਨੋਂ ਦੁਕਾਨ ਦੇ ਬਾਹਰ ਬੈਠ ਕੇ ਅੱਗ ਸੇਕ ਰਹੇ ਸਨ। ਹਮਲਾਵਰ ਜਿਉਂ ਹੀ ਦੁਕਾਨ ਦੇ ਬਾਹਰ ਪਹੁੰਚੇ ਤਾਂ ਐਕਟਿਵਾ ਤੇ ਬਾਈਕ ਸਾਈਡ ’ਤੇ ਖੜ੍ਹੀ ਕਰ ਕੇ ਦੋਵਾਂ ਭਰਾਵਾਂ ਤੇ ਉਨ੍ਹਾਂ ਦੇ ਸਾਥੀ ਨੂੰ ਘੜੀਸ ਕੇ ਦੁਕਾਨ ਅੰਦਰ ਲੈ ਗਏ, ਜਿਸ ਤੋਂ ਬਾਅਦ ਹਮਲਾਵਰਾਂ ਨੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ।
ਸਿਹਰਾ ਫੀਲਡ ਦੇ ਮਾਲਕ ਰਵਿੰਦਰ ਸਿੰਘ ਸਿਹਰਾ ਦੇ ਬੇਟੇ ਦਵਿੰਦਰ ਸਿੰਘ ਸਿਹਰਾ ਉਰਫ ਬਾਬਾ ਦੀ ਇਸ ਹਮਲੇ ਤੋਂ ਕੁਝ ਸਮੇਂ ਬਾਅਦ ਹੀ ਮੌਤ ਹੋ ਗਈ, ਜਦੋਂਕਿ ਛੋਟੇ ਭਰਾ ਕਮਲਪ੍ਰੀਤ ਸਿੰਘ ਸਿਹਰਾ ਉਰਫ ਬੱਬੂ ਦੇ ਪੱਟ ’ਚ ਗੋਲੀ ਲੱਗੀ ਹੈ। ਪੁਲਸ ਅਨੁਸਾਰ ਹਮਲਾਵਰਾਂ ਨੇ 7 ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ 5 ਗੋਲੀਆਂ ਦੇ ਖੋਲ ਬਰਾਮਦ ਹੋ ਚੁੱਕੇ ਹਨ। ਹਮਲੇ ਦੇ ਪਿੱਛੇ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਪਰ ਹਮਲਾਵਰਾਂ ਦੀ ਫਿਲਹਾਲ ਪਛਾਣ ਨਹੀਂ ਹੋ ਸਕੀ।
ਮੰਗਲਵਾਰ ਸ਼ਾਮ ਕਰੀਬ 6.40 ਵਜੇ ਜਦੋਂ ਹਮਲਾ ਹੋਇਆ ਤਾਂ ਸ਼ਾਸਤਰੀ ਮਾਰਕੀਟ ਚੌਕ ਸਣੇ ਆਸੇ-ਪਾਸੇ ਮਾਰਕੀਟ ਵਿਚ ਕਾਫੀ ਭੀੜ ਹੁੰਦੀ ਹੈ। ਨਕਾਬਪੋਸ਼ 5 ਹਮਲਾਵਰ ਜਿਵੇਂ ਹੀ ਸਿਹਰਾ ਫੀਲਡ ਦੇ ਬਾਹਰ ਪਹੁੰਚੇ ਤਾਂ ਬਾਬਾ ਤੇ ਬੱਬੂ ਸਣੇ ਉਨ੍ਹਾਂ ਦੇ ਸਾਥੀ ਪ੍ਰਦੀਪ ਸਿੰਘ ਨੂੰ ਘੜੀਸ ਕੇ ਅੰਦਰ ਲੈ ਗਏ। ਹਮਲਾਵਰਾਂ ਨੇ ਪ੍ਰਦੀਪ ਨੂੰ ਬੰਧਕ ਬਣਾ ਲਿਆ, ਜਦੋਂਕਿ ਦੋਵਾਂ ਭਰਾਵਾਂ ’ਤੇ 7 ਫਾਇਰ ਕੀਤੇ। ਗੋਲੀਆਂ ਵਰ੍ਹਾਉਣ ਤੋਂ ਬਾਅਦ ਹਮਲਾਵਰਾਂ ਨੇ ਬਾਬੇ ਦੇ ਸਿਰ ’ਤੇ ਦਾਤਰ ਵੀ ਮਾਰੇ। ਦੋਵਾਂ ਭਰਾਵਾਂ ਨੂੰ ਮਰਿਆ ਸਮਝ ਕੇ ਹਮਲਾਵਰ ਸ਼ਰੇਆਮ ਪਿਸਤੌਲ ਲਹਿਰਾਉਂਦਿਆਂ ਤੇ ਲਲਕਾਰੇ ਮਾਰਦਿਆਂ ਉਥੋਂ ਫਰਾਰ ਹੋ ਗਏ।
ਗੋਲੀਆਂ ਦੀ ਆਵਾਜ਼ ਸੁਣ ਕੇ ਆਲੇ-ਦੁਆਲੇ ਦੇ ਦੁਕਾਨਕਾਰ ਇਕੱਠੇ ਹੋ ਗਏ ਪਰ ਸਿਹਰਾ ਫੀਲਡ ਕੋਲ ਜਾਣ ਦੀ ਕਿਸੇ ਦੀ ਹਿੰਮਤ ਨਹੀਂ ਹੋਈ। ਹਮਲਾਵਰਾਂ ਦੇ ਫਰਾਰ ਹੋਣ ਤੋਂ ਬਾਅਦ ਪ੍ਰਦੀਪ ਨੇ ਰੌਲਾ ਪਾਇਆ, ਜਿਸ ਤੋਂ ਬਾਅਦ ਲੋਕਾਂ ਦੀ ਮਦਦ ਨਾਲ ਦੋਵਾਂ ਭਰਾਵਾਂ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਦਵਿੰਦਰ ਸਿੰਘ ਬਾਬਾ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਾਬੇ ਦੇ ਸਰੀਰ ਵਿਚ 3 ਗੋਲੀਆਂ ਲੱਗੀਆਂ ਤੇ ਸਿਰ ’ਤੇ ਕੀਤੇ ਗਏ ਦਾਤਰ ਦੇ ਵਾਰ ਨਾਲ ਉਸ ਦੀ ਮੌਤ ਹੋਈ। ਛੋਟੇ ਭਰਾ ਬੱਬੂ ਨੂੰ ਇਕ ਗੋਲੀ ਪੱਟ ਵਿਚ ਲੱਗੀ ਹੈ। ਗੋਲੀਆਂ ਚੱਲਣ ਦੀ ਸੂਚਨਾ ਮਿਲਦਿਆਂ ਹੀ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਪੀ. ਇਨਵੈਸਟੀਗੇਸ਼ਨ ਗੁਰਮੀਤ ਸਿੰਘ, ਏ. ਡੀ. ਸੀ. ਪੀ. ਪੀ. ਐੱਸ. ਭੰਡਾਲ, ਏ. ਸੀ. ਪੀ. ਇਨਵੈਸਟੀਗੇਸ਼ਨ ਸਣੇ ਥਾਣਾ ਨਵੀਂ ਬਾਰਾਂਦਰੀ ਦੀ ਪੁਲਸ ਅਤੇ ਸੀ. ਆਈ. ਏ. ਸਟਾਫ ਦੀ ਟੀਮ ਵੀ ਮੌਕੇ ’ਤੇ ਪਹੁੰਚੀ।
ਸੀ. ਪੀ. ਭੁੱਲਰ ਨੇ 6 ਫਾਇਰ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਿਹਰਾ ਫੀਲਡ ਦੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਬਾਜਵਾ ਦੇ ਨਾਲ ਬਾਬਾ ਤੇ ਬੱਬੂ ਦੀ ਪੁਰਾਣੀ ਰੰਜਿਸ਼ ਚੱਲ ਰਹੀ ਸੀ ਤੇ ਹਮਲੇ ਦੇ ਪਿੱਛੇ ਬਾਜਵਾ ਗਰੁੱਪ ਦਾ ਹੱਥ ਹੋ ਸਕਦਾ ਹੈ। ਪੁਲਸ ਨੇ ਕੇਸ ਦਰਜ ਕਰ ਕੇ ਹਮਲਾਵਰਾਂ ਨੂੰ ਫੜਨ ਲਈ ਵੱਖ-ਵੱਖ ਟੀਮਾਂ ਬਣਾ ਕੇ ਰੇਡ ਕਰਨੀ ਸ਼ੁਰੂ ਕਰ ਦਿੱਤੀ ਸੀ।
ਦਸੂਹਾ 'ਚ ਖੂੰਖਾਰ ਕੁੱਤਿਆਂ ਨੇ ਨੋਚ-ਨੋਚ ਖਾਧਾ ਡੇਢ ਸਾਲਾ ਮਾਸੂਮ
NEXT STORY