ਚੰਡੀਗੜ੍ਹ/ਜਲੰਧਰ (ਵੈੱਬ ਡੈਸਕ)-ਪੰਜਾਬ ਅਤੇ ਹਰਿਆਣਾ ਵਿਚਕਾਰ ਸਾਲਾਂ ਪੁਰਾਣਾ ਪਾਣੀ ਦਾ ਵਿਵਾਦ ਇਕ ਵਾਰ ਫਿਰ ਤੋਂ ਭੱਖਦਾ ਜਾ ਰਿਹਾ ਹੈ। ਪਾਣੀ ਦੇ ਮੁੱਦੇ ਨੂੰ ਲੈ ਕੇ ਫਿਰ ਤੋਂ ਪੰਜਾਬ ਅਤੇ ਹਰਿਆਣਾ ਆਹਮੋ-ਸਾਹਮਣੇ ਹੋ ਗਏ ਹਨ। ਹਾਲ ਹੀ ਵਿਚ ਹਰਿਆਣਾ ਵੱਲੋਂ ਪਾਣੀ ਦੀ ਕਿੱਲਤ ਦੀ ਸ਼ਿਕਾਇਤ ਮਗਰੋਂ ਇਹ ਮੁੱਦਾ ਦੋਵਾਂ ਸੂਬਿਆਂ ਵਿਚਾਲੇ ਤਿੱਖੀ ਬਿਆਨਬਾਜ਼ੀ ਦਾ ਕਾਰਨ ਬਣ ਗਿਆ ਹੈ। ਇਸੇ ਨੂੰ ਲੈ ਕੇ ਸੰਸਦ ਮੈਂਬਰ ਮਾਲਵਿੰਦਰ ਕੰਗ ਨੇ ਰਵਨੀਤ ਬਿੱਟੂ ਨੂੰ ਚਿੱਠੀ ਲਿਖੀ ਹੈ। ਇਸ ਦੌਰਾਨ ਉਨ੍ਹਾਂ ਪੁੱਛਿਆ ਕਿ ਪੰਜਾਬ ਦੇ ਪਾਣੀ ਦਾ ਹੱਕ ਮਾਰਿਆ ਜਾ ਰਿਹਾ ਹੈ ਅਤੇ ਤੁਸੀਂ ਬੈਠ ਕੇ ਤਮਾਸ਼ਾ ਵੇਖ ਰਹੇ ਹੋ। ਉਨ੍ਹਾਂ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਬੀ. ਬੀ. ਐੱਮ. ਬੀ. ਨੂੰ ਪੰਜਾਬ ਦਾ 8,500 ਕਿਊਸਿਕ ਪਾਣੀ ਹਰਿਆਣਾ ਨੂੰ ਛੱਡਣ ਲਈ ਮਜਬੂਰ ਕਰਕੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਇਹ ਦਿਨ-ਦਿਹਾੜੇ ਲੁੱਟ ਦੀ ਇਕ ਗੈਰ-ਸੰਵਿਧਾਨਕ ਕਾਰਵਾਈ ਤੋਂ ਘੱਟ ਨਹੀਂ ਹੈ।
ਇਹ ਵੀ ਪੜ੍ਹੋ: ਪੰਜਾਬ ਦੇ ਕਿਸਾਨਾਂ ਲਈ ਚੰਗੀ ਖ਼ਬਰ, ਖ਼ਾਤਿਆਂ 'ਚ ਆ ਰਹੇ ਪੈਸੇ

ਜਾਣੋ ਕੀ-ਕੀ ਲਿਖਿਆ ਚਿੱਠੀ 'ਚ
ਭਾਖੜਾ-ਬਿਆਸ ਮੈਨੇਜਮੈਂਟ ਬੋਰਡ (BBMB) ਵੱਲੋਂ ਹਰਿਆਣਾ ਨੂੰ 8,500 ਕਿਊਸਿਕ ਵਾਧੂ ਪਾਣੀ ਦੇਣ ਦਾ ਫ਼ੈਸਲਾ ਪੰਜਾਬ ਦੇ ਹੱਕਾਂ 'ਤੇ ਸਿੱਧਾ ਹਮਲਾ ਹੈ। ਇਹ ਕੋਈ ਸਾਧਾਰਣ ਆਦੇਸ਼ ਨਹੀਂ-ਇਹ ਪੰਜਾਬ ਦੀ ਧਰਤੀ ਸਾਡੇ ਕਿਸਾਨਾਂ ਦੀ ਜੀਵਨ ਰੇਖਾ ਅਤੇ ਸਾਡੀਆਂ ਆਉਣ ਵਾਲੀਆਂ ਪੀੜੀਆਂ ਦੇ ਭਵਿੱਖ ਨੂੰ ਖ਼ਤਰੇ ਵਿੱਚ ਪਾਉਣ ਵਾਲੀ ਘਟੀਆ ਸਾਜਿਸ਼ ਹੈ। ਤੁਹਾਡੀ ਚੁੱਪੀ, ਤੁਹਾਡੀ ਪਾਰਟੀ (ਭਾਜਪਾ) ਦੀ ਸਰਕਾਰ ਦੀ ਇਸ ਗੁੰਡਾਗਰਦੀ ਨੂੰ ਸਮਰਥਨ ਦੇਣ ਵਾਲੀ ਨੀਤੀ ਅਤੇ ਪੰਜਾਬ ਦੇ ਹੱਕਾਂ ਨਾਲ ਧੋਖਾ, 3.5 ਕਰੋੜ ਪੰਜਾਬੀਆਂ ਦੇ ਜ਼ਮੀਰ ਨੂੰ ਠੇਸ ਪਹੁੰਚਾਉਂਦਾ ਹੈ। ਅੱਗੇ ਲਿਖਦੇ ਹੋਏ ਮਾਲਵਿੰਦਰ ਕੰਗ ਨੇ ਕਿਹਾ ਕਿ ਹਰ ਸਾਲ ਬੀ. ਬੀ. ਐੱਮ. ਬੀ. ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿਚਕਾਰ ਪਾਣੀ ਦੀ ਵੰਡ ਕਰਦਾ ਹੈ, ਜੋ 21 ਮਈ ਤੋਂ ਅਗਲੇ ਸਾਲ ਦੀ 20 ਮਈ ਤੱਕ ਲਾਗੂ ਹੁੰਦੀ ਹੈ। ਇਸ ਸਾਲ ਬੀ. ਬੀ. ਐੱਮ. ਬੀ. ਨੇ ਰਾਜਸਥਾਨ ਨੂੰ 3.318 ਐੱਮ. ਏ. ਐੱਫ਼, ਹਰਿਆਣਾ ਨੂੰ 2.987 ਐੱਮ. ਏ. ਐੱਫ਼ ਅਤੇ ਪੰਜਾਬ ਨੂੰ 5.512 ਐੱਮ. ਏ. ਐੱਫ਼. ਪਾਈ ਅਲਾਟ ਕੀਤਾ ਪਰ ਸਿਤਮ-ਜ਼ਰੀਫ਼ੀ ਵੇਖੋ-ਤੁਹਾਡੀ ਪਾਰਟੀ ਦੀ ਹਰਿਆਣਾ ਸਰਕਾਰ ਨੇ ਆਪਣੇ ਹਿੱਸੇ ਦਾ ਪਾਣੀ 31 ਮਾਰਚ 2025 ਤੱਕ ਹੀ ਪੂਰਾ ਵਰਤ ਲਿਆ ਅਤੇ ਸਹੀ ਤਰ੍ਹਾਂ ਉਪਯੋਗ ਵੀ ਨਹੀਂ ਕੀਤਾ। ਫਿਰ ਵੀ ਉਨ੍ਹਾਂ ਨੇ ਪੰਜਾਬ ਤੋਂ ਰੋਜ਼ਾਨਾ 4,000 ਕਿਊਸਿਕ ਵਾਧੂ ਪਾਣੀ ਪੀਣ ਲਈ ਮੰਗਿਆ। ਸਿੱਖ ਗੁਰੂ ਸਾਹਿਬਾਨ ਦੇ ਸੰਦੇਸ਼ ਅਤੇ ਭਾਈ ਘਨੱਈਆ ਜੀ ਦੀ ਸੇਵਾ ਦੀ ਸਿੱਖਿਆ 'ਤੇ ਚੱਲਦਿਆਂ, ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ 6 ਅਪ੍ਰੈਲ 2025 ਤੋਂ ਪੰਜਾਬ ਦੇ ਹਿੱਸੇ ਵਿੱਚੋਂ ਹਰਿਆਣਾ ਨੂੰ 4,000 ਕਿਊਸਿਕ ਪਾਣੀ ਦੇਣਾ ਸ਼ੁਰੂ ਕਰ ਦਿੱਤਾ। ਹਰਿਆਣਾ ਦੀ 3 ਕਰੋੜ ਦੀ ਆਬਾਦੀ ਦੀਆਂ ਪੀਣ ਅਤੇ ਹੋਰ ਜ਼ਰੂਰਤਾਂ ਲਈ 1,700 ਕਿਊਸਿਕ ਪਾਣੀ ਕਾਫ਼ੀ ਸੀ, ਪਰ ਉਨ੍ਹਾਂ ਨੂੰ ਇਸ ਤੋਂ ਵੱਧ ਪਾਣੀ ਦਿੱਤਾ ਗਿਆ। ਪਰ ਹੁਣ ਤੁਹਾਡੀ ਭਾਜਪਾ ਸਰਕਾਰ ਨੇ ਬੀ. ਬੀ. ਐੱਮ. ਬੀ. ਦੀ ਬਾਂਹ ਮਰੋੜ ਕੇ 8,500 ਕਿਊਸਿਕ ਹੋਰ ਪਾਣੀ ਹਰਿਆਣਾ ਨੂੰ ਦੇਣ ਦਾ ਫ਼ੈਸਲਾ ਕਰਵਾਇਆ, ਜੋ ਖੁੱਲ੍ਹੇਆਮ ਗੁੰਡਾਗਰਦੀ ਅਤੇ ਪੰਜਾਬ ਦੇ ਹੱਕਾਂ ਦੀ ਲੁੱਟ ਹੈ।
ਇਹ ਵੀ ਪੜ੍ਹੋ: ਅਗਲੇ 45 ਦਿਨਾਂ ’ਚ ਜੰਗ ਦੇ ਆਸਾਰ! ਪਾਕਿਸਤਾਨ ’ਚ ਮਚੇਗੀ ਖਲਬਲੀ ਤੇ ਹੋਵੇਗੀ ਤਬਾਹੀ
ਪੰਜਾਬ ਦੇ ਕਿਸਾਨਾਂ ਨੂੰ ਸਿੰਜਾਈ ਲਈ ਪਾਣੀ ਦੀ ਸਖ਼ਤ ਲੋੜ ਹੈ। ਸਾਡੇ ਡੈਮਾਂ ਵਿੱਚ ਪਾਣੀ ਦਾ ਪੱਧਰ ਖ਼ਤਰਨਾਕ ਹੱਦ ਤੱਕ ਡਿੱਗ ਚੁੱਕਾ ਹੈ-ਪੌਂਗ ਡੈਮ ਪਿਛਲੇ ਸਾਲ ਨਾਲੋਂ 32 ਫੁੱਟ, ਭਾਖੜਾ ਡੈਮ 12 ਫੁੱਟ, ਅਤੇ ਰਣਜੀਤ ਸਾਗਰ ਡੈਮ 14 ਫੁੱਟ ਹੇਠਾਂ ਹੈ। ਪੂਰੇ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਲਗਾਤਾਰ ਘਟ ਰਿਹਾ ਹੈ। ਅਜਿਹੇ ਹਾਲਾਤ ਵਿੱਚ ਹਰ ਬੂੰਦ ਅਨਮੇਲ ਹੈ ਪਰ ਤੁਹਾਡੀ ਪਾਰਟੀ ਪੰਜਾਬ ਦੀ ਇਸ ਮਜਬੂਰੀ ਨੂੰ ਨਜ਼ਰਅੰਦਾਜ਼ ਕਰਕੇ ਹਰਿਆਣਾ ਦੀਆਂ ਨਾਜਾਇਜ਼ ਮੰਗਾਂ ਨੂੰ ਪੂਰਾ ਕਰ ਰਹੀ ਹੈ। ਤੁਸੀਂ ਖ਼ੁਦ ਇਕ ਪੰਜਾਬੀ ਹੋ, ਪੰਜਾਬ ਦੇ 3.5 ਕਰੋੜ ਪੰਜਾਬੀਆਂ ਦੇ ਹੱਕਾਂ ਦੀ ਆਵਾਜ਼ ਤੁਹਾਨੂੰ ਸੰਸਦ ਵਿੱਚ ਉਠਾਉਣੀ ਚਾਹੀਦੀ ਹੈ ਪਰ ਜਦੋਂ ਬੀ. ਬੀ. ਐੱਮ. ਬੀ. ਦੇ ਇਸ ਗੈਰ-ਕਾਨੂੰਨੀ ਫ਼ੈਸਲੇ ਨਾਲ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ, ਤੁਸੀਂ ਚੁੱਪ ਹੋ। ਇਹ ਚੁੱਪੀ ਸਿਰਫ਼ ਨਿੰਦਣਯੋਗ ਨਹੀਂ, ਸਗੋਂ ਪੰਜਾਬ ਦੇ ਜ਼ਮੀਰ ਨਾਲ ਧੋਖਾ ਹੈ। ਤੁਹਾਡੀ ਭਾਜਪਾ ਨਾਲ ਨੇੜਤਾ ਅਤੇ ਇਸ ਮਸਲੇ 'ਤੇ ਤੁਹਾਡੀ ਖਾਮੋਸ਼ੀ ਸਵਾਲ ਖੜ੍ਹੇ ਕਰਦੀ ਹੈ-ਕੀ ਤੁਸੀਂ ਪੰਜਾਬ ਦੇ ਨਾਲ ਹੋ, ਜਾਂ ਭਾਜਪਾ ਦੀ ਗੋਦ ਵਿੱਚ ਬੈਠ ਕੇ ਪੰਜਾਬ ਦੇ ਹੱਕ ਵੇਖ ਰਹੇ ਹੋ?

ਪੰਜਾਬ ਦਾ ਇਤਿਹਾਸ ਗਵਾਹ ਹੈ-ਸਦੀਆਂ ਤੋਂ ਸਾਡੇ ਹੱਕਾਂ 'ਤੇ ਡਾਕੇ ਮਾਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਪਰ ਹਰ ਵਾਰ, ਪੰਜਾਬ ਦੇ ਸ਼ੇਰਾਂ ਨੇ ਅਜਿਹੀਆਂ ਸਾਜਿਸ਼ਾਂ ਨੂੰ ਨਾਕਾਮ ਕੀਤਾ। ਅੱਜ ਫਿਰ ਉਹੀ ਸਮਾਂ ਹੈ। ਭਾਜਪਾ ਦੀ ਇਸ ਬੁਰਛਾਗਰਦੀ ਨੂੰ ਪੰਜਾਬ ਬਰਦਾਸ਼ਤ ਨਹੀਂ ਕਰੇਗਾ। ਅਸੀਂ ਸਦੀਆਂ ਤੋਂ ਅਜਿਹੇ ਧੱਕਿਆ ਦਾ ਮੂੰਹਤੋੜ ਜਵਾਬ ਦਿੰਦੇ ਆ ਰਹੇ ਹਾਂ ਅਤੇ ਇਸ ਵਾਰ ਵੀ ਪੰਜਾਬ ਦੇ ਲੋਕ ਭਾਜਪਾ ਦੇ ਲੀਡਰਾਂ ਨੂੰ ਇਸ ਦੀ ਸਜ਼ਾ ਜ਼ਰੂਰ ਦੇਣਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵਿਗੜੇਗਾ ਮੌਸਮ, ਤੇਜ਼ ਹਨ੍ਹੇਰੀ ਨਾਲ ਇਨ੍ਹਾਂ ਤਾਰੀਖ਼ਾਂ ਨੂੰ ਪਵੇਗਾ ਮੀਂਹ, ਕਿਸਾਨਾਂ ਲਈ ਸਲਾਹ

ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਇਸ ਲੁੱਟ ਦੇ ਖ਼ਿਲਾਫ਼ ਡਟ ਕੇ ਲੜ ਰਹੀ ਹੈ। ਅਸੀਂ ਹਰਿਆਣਾ ਦੇ ਮੁੱਖ ਮੰਤਰੀ ਦੇ ਝੂਠ ਨੂੰ ਬੇਨਕਾਬ ਕੀਤਾ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਪੰਜਾਬ ਨੇ ਵਾਧੂ ਪਾਣੀ ਦੇਣ ਦੀ ਸਹਿਮਤੀ ਦਿੱਤੀ ਸੀ। ਅਸੀਂ ਸਪੱਸ਼ਟ ਕੀਤਾ ਕਿ ਹਰਿਆਣਾ ਨੇ ਆਪਣੇ ਹਿੱਸੇ ਦਾ 103% ਪਾਣੀ ਪਹਿਲਾਂ ਹੀ ਵਰਤ ਲਿਆ ਹੈ, ਜਦਕਿ ਪੰਜਾਬ ਨੇ ਸਿਰਫ਼ 89% ਵਰਤਿਆ। ਫਿਰ ਵੀ, ਪੰਜਾਬ ਨੇ ਮਨੁੱਖਤਾ ਦੀ ਭਾਵਨਾ ਨਾਲ ਹਰਿਆਣਾ ਨੂੰ 4,000 ਕਿਊਸਿਕ ਪਾਣੀ ਦਿੱਤਾ ਪਰ ਹੁਣ ਭਾਜਪਾ ਦੀ ਇਸ ਨਵੀਂ ਗੁੰਡਾਗਰਦੀ ਨੂੰ ਕਿਸੇ ਵੀ ਕੀਮਤ 'ਤੇ ਸਹਿਣ ਨਹੀਂ ਕੀਤਾ ਜਾਵੇਗਾ।
ਸਿੱਧੇ ਸਵਾਲ-ਜਵਾਬ ਦਿਓ!
ਕੀ ਤੁਸੀਂ ਪੰਜਾਬ ਦੇ ਨਾਲ ਹੋ, ਜਾਂ ਭਾਜਪਾ ਦੀ ਇਸ ਲੁੱਟ ਵਿੱਚ ਸ਼ਾਮਲ ਹੋ?
BBMB ਦੇ ਇਸ ਗੈਰ-ਕਾਨੂੰਨੀ ਫੈਸਲੇ ਦਾ ਵਿਰੋਧ ਸੰਸਦ ਵਿੱਚ ਕਿਉਂ ਨਹੀਂ ਉਠਾਉਂਦੇ?
ਕੀ ਤੁਸੀਂ ਭਾਜਪਾ ਦੇ ਦਬਾਅ ਹੇਠ ਪੰਜਾਬ ਦੇ ਹੱਕ ਵੇਚ ਰਹੇ ਹੋ?
ਪੰਜਾਬ ਦੇ ਡੈਮਾਂ ਵਿੱਚ ਪਾਣੀ ਦੇ ਘਟਦੇ ਪੱਧਰ ਨੂੰ ਵੇਖਦਿਆਂ, ਤੁਹਾਡੀ ਚੁੱਪੀ ਕਿਉਂ?
ਇਹ ਵੀ ਪੜ੍ਹੋ: ਜਲੰਧਰ 'ਚ ਦਿਨ-ਦਿਹਾੜੇ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਜੇ ਤੁਸੀਂ ਇਨ੍ਹਾਂ ਸਵਾਲਾਂ ਦਾ ਜਵਾਬ ਨਹੀਂ ਦੇ ਸਕਦੇ ਤਾਂ ਤੁਹਾਡਾ ਉਸ ਅਹੁਦੇ 'ਤੇ ਬਣੇ ਰਹਿਣਾ ਪੰਜਾਬ, ਪੰਜਾਬੀਅਤ ਅਤੇ ਪੰਜਾਬ ਦੀ ਅਣਖ ਨਾਲ ਸਮਝੋਤਾ ਹੈ।
ਨੌਜਵਾਨ, ਬੁੱਧੀਜੀਵੀ ਅਤੇ ਹਰ ਵਰਗ ਤੁਹਾਡੇ ਪੰਜਾਬ ਵਿਰੋਧੀ ਰੱਵਈਏ ਵੱਲ ਵੇਖ ਰਿਹਾ ਹੈ। ਇਹ ਸਮਾਂ ਹੈ-ਜਾਂ ਤਾਂ ਪੰਜਾਬ ਦੇ ਹੱਕਾਂ ਲਈ ਆਵਾਜ਼ ਉਠਾਓ, ਜਾਂ ਉਹ ਭਾਜਪਾ ਦੀ ਦਿੱਤੀ ਕੁਰਸੀ ਛੱਡ ਦਿਓ, ਜੋ ਪੰਜਾਬ ਦੇ ਨਾਮ 'ਤੇ ਹਾਸਲ ਕੀਤੀ ਹੈ। ਭਾਜਪਾ ਦੀ ਇਸ ਗੁੰਡਾਗਰਦੀ ਦਾ ਮੂੰਹਤੋੜ ਜਵਾਬ ਦੇਣ ਲਈ ਪੰਜਾਬ ਤਿਆਰ ਹੈ। ਇਤਿਹਾਸ ਗਵਾਹ ਹੈ-ਪੰਜਾਬ ਨੇ ਹਮੇਸ਼ਾ ਅਜਿਹੇ ਧੱਕਿਆਂ ਨੂੰ ਰੋਕਿਆ ਹੈ ਅਤੇ ਇਸ ਵਾਰ ਵੀ ਅਸੀਂ ਆਪਣੇ ਹੱਕਾਂ ਦੀ ਰਾਖੀ ਕਰਾਂਗੇ।
ਇਹ ਵੀ ਪੜ੍ਹੋ: ਪੰਜਾਬ 'ਚ ਵੱਡੀ ਵਾਰਦਾਤ, ਨੌਜਵਾਨ ਨੂੰ ਰਾਹ 'ਚ ਘੇਰ ਕੇ ਕਰ 'ਤਾ ਕਤਲ, ਵਜ੍ਹਾ ਕਰੇਗੀ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਣੀ ਦੇ ਮਾਮਲੇ ’ਤੇ ਘਮਸਾਣ, ਮੰਤਰੀ ਅਮਨ ਅਰੋੜਾ ਦਾ ਵੱਡਾ ਬਿਆਨ
NEXT STORY