ਅੰਮ੍ਰਿਤਸਰ (ਸੁਮਿਤ ਖੰਨਾ) : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਵਿਚ ਕਿਸਾਨੀ ਮੰਗਾਂ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਐੱਸ. ਡੀ. ਐੱਮ. ਦਫਤਰ ਬਾਬਾ ਬਕਾਲਾ ਸਾਹਿਬ ਅੱਗੇ 22 ਮਈ ਤੋਂ ਲਗਾਤਾਰ ਰਾਤ-ਦਿਨ ਦਾ ਧਰਨਾ ਪੰਜਵੇਂ ਦਿਨ ਸ਼ਾਮਿਲ ਹੋ ਗਿਆ ਸੀ। ਸਿਵਲ ਤੇ ਪੁਲਸ ਪ੍ਰਸ਼ਾਸਨ ਦੁਆਰਾ ਉਨ੍ਹਾਂ ਦੀਆਂ ਮੰਗਾਂ ਸਬੰਧੀ ਟਾਲ-ਮਟੋਲ ਕਰਨ ਅਤੇ ਗਲਤ ਰਵੱਈਏ ਨੂੰ ਦੇਖਦਿਆਂ ਜਥੇਬੰਦੀ ਵੱਲੋਂ ਅੱਜ ਦਰਿਆ ਬਿਆਸ ਪੁਲ ਉੱਪਰ ਧਰਨਾ ਲਾ ਕੇ ਟਰੈਫਿਕ ਜਾਮ ਕਰ ਦਿੱਤਾ ਗਿਆ।
ਅੱਜ ਬਾਅਦ ਦੁਪਹਿਰ ਦੋ ਵਜੇ ਧਰਨਾ ਲਾਇਆ ਗਿਆ, ਜਿਸ ਕਾਰਨ ਜਿਥੇ ਸੜਕੀ ਆਵਾਜਾਈ 'ਚ ਭਾਰੀ ਵਿਘਨ ਪਿਆ, ਉਥੇ ਨਾਲ ਹੀ ਇਕ ਐਂਬੂਲੈਂਸ ਰਾਹੀਂ ਜਲੰਧਰ ਨੂੰ ਲਿਜਾਏ ਜਾ ਰਹੇ ਮਰੀਜ਼ ਦੀ ਮੌਤ ਹੋ ਗਈ ।ਇਹ ਜਾਮ ਕਈ ਮੀਲਾਂ ਤੱਕ ਲੱਗ ਗਿਆ। ਭਾਵੇਂ ਕਿ ਪੁਲਸ ਪ੍ਰਸ਼ਾਸਨ ਵੱਲੋਂ ਬਦਲਵੇਂ ਪ੍ਰਬੰਧਾਂ ਹੇਠ ਜਲੰਧਰ ਨੂੰ ਜਾਣ ਵਾਲੇ ਟਰੈਫਿਕ ਨੂੰ ਮੋੜ ਬਾਬਾ ਬਕਾਲਾ ਸਾਹਿਬ ਤੋਂ ਵਾਇਆ ਬਾਬਾ ਬਕਾਲਾ ਸਾਹਿਬ-ਸ੍ਰੀ ਹਰਗੋਬਿੰਦਪੁਰ ਰਸਤੇ ਜਲੰਧਰ ਲਈ ਰਵਾਨਾ ਕੀਤਾ ਗਿਆ।
ਧਰਨਾਕਾਰੀ ਮੰਗ ਕਰ ਰਹੇ ਸਨ ਕਿ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਤੁਰੰਤ ਬੰਦ ਕੀਤਾ ਜਾਵੇ, ਪਿੰਡ ਕਲੇਰ ਬਾਲਾ ਦੀ ਫਿਰਨੀ 'ਤੇ ਨਿਸ਼ਾਨਦੇਹੀ ਕਰਵਾ ਕੇ ਮਿੱਟੀ ਪਵਾਈ ਜਾਵੇ, ਕਲੇਰ ਘੁਮਾਣ ਛੱਪੜ ਦੀ ਨਿਸ਼ਾਨਦੇਹੀ ਕਰਵਾਈ ਜਾਵੇ, ਬੁੱਟਰ ਗੰਨਾ ਮਿੱਲ ਕੋਲੋਂ ਕਿਸਾਨਾਂ ਦੇ ਗੰਨੇ ਦੇ ਪੈਸੇ ਦਿਵਾਏ ਜਾਣ, ਨਹਿਰਾਂ ਦਾ ਪਾਣੀ ਟੇਲਾਂ ਤੱਕ ਪੁਜਦਾ ਕੀਤਾ ਜਾਵੇ, ਖੁਦਕੁਸ਼ੀਆਂ ਕਰਨ ਵਾਲੇ ਪਰਿਵਾਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਪਿੰਡਾਂ ਦੀਆਂ ਸੜਕਾਂ ਉੱਪਰ ਉੱਗੀ ਭੰਗ ਤੇ ਗਾਜਰ ਬੂਟੀ ਖਤਮ ਕਰਵਾਈ ਜਾਵੇ, ਨਸ਼ਿਆਂ ਨੂੰ ਖਤਮ ਕਰ ਕੇ ਨੌਜਵਾਨੀ ਨੂੰ ਬਚਾਇਆ ਜਾਵੇ, ਪਾਈਪ-ਲਾਈਨ ਜੀ. ਆਈ. ਜੀ. ਜੋ ਕੰਪਨੀ ਵੱਲੋਂ ਕਿਸਾਨਾਂ ਦੀ ਜ਼ਮੀਨ ਵਿਚ ਪਾਈ ਗਈ ਹੈ, ਉਸ ਦਾ ਮੁਆਵਜ਼ਾ ਦਿੱਤਾ ਜਾਵੇ।
ਮੌਕੇ 'ਤੇ ਪੁੱਜੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ, ਆਈ. ਜੀ. ਬਾਰਡਰ ਰੇਂਜ ਸੁਰਿੰਦਰਪਾਲ ਪਰਮਾਰ, ਐੱਸ. ਐੱਸ. ਪੀ (ਦਿਹਾਤੀ) ਪਰਮਪਾਲ ਸਿੰਘ, ਏ. ਡੀ. ਸੀ. ਅੰਮ੍ਰਿਤਸਰ, ਐੱਸ. ਪੀ. (ਡੀ) ਹਰਪਾਲ ਸਿੰਘ ਤੇ ਐੱਸ. ਡੀ. ਐੱਮ. ਰਵਿੰਦਰ ਸਿੰਘ ਅਰੋੜਾ ਨੇ ਧਰਨਾਕਾਰੀਆਂ ਨੂੰ ਮੰਗਾਂ ਮੰਨਣ ਦਾ ਯਕੀਨ ਦਿਵਾਇਆ, ਜਿਸ 'ਤੇ ਧਰਨਾਕਾਰੀਆਂ ਵੱਲੋਂ ਸਹਿਮਤ ਹੁੰਦਿਆਂ ਧਰਨਾ ਸਮਾਪਤ ਕੀਤਾ ਗਿਆ।
ਇਸ ਧਰਨੇ ਵਿਚ ਸੂਬਾਈ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ, ਜ਼ਿਲਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਜ਼ਿਲਾ ਸਕੱਤਰ ਜਰਮਨਜੀਤ ਸਿੰਘ ਤੇ ਕਿਸਾਨ ਆਗੂ ਸਤਨਾਮ ਸਿੰਘ ਸਠਿਆਲਾ ਆਗੂ ਹਾਜ਼ਰ ਸਨ।
ਮਾਮਲਾ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦਾ, ਟਰਾਂਸਪੋਰਟਰਾਂ ਦਾ ਕੱਢਿਆ ਕਚੂਮਰ
NEXT STORY