ਫਰੀਦਕੋਟ (ਹਾਲੀ) - ਪਿਛਲੇ ਦੋ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੀ ਬਾਰਿਸ਼ ਭਾਵੇਂ ਕਿਸਾਨਾਂ ਲਈ ਰਾਹਤ ਲੈ ਕੇ ਆਈ ਹੈ ਅਤੇ ਹੁੰਮਸ ਭਰੀ ਗਰਮੀ ਤੋਂ ਵੀ ਨਿਜਾਤ ਮਿਲੀ ਹੈ ਪਰ ਆਮ ਲੋਕਾਂ ਦਾ ਸੜਕ ਉਪਰੋਂ ਲੰਘਣਾ ਮੁਸ਼ਕਲ ਹੋ ਗਿਆ ਹੈ। ਹਾਲਾਤ ਇਹ ਬਣੇ ਹਨ ਕਿ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਦੀਆਂ ਉਨ੍ਹਾਂ ਸੜਕਾਂ ਅਤੇ ਗਲੀਆਂ ਵਿਚ ਪਾਣੀ 17-17 ਫ਼ੁੱਟ ਡੂੰਘਾ ਭਰ ਚੁੱਕਾ ਹੈ, ਜਿਥੇ ਸੀਵਰੇਜ ਪਾਇਆ ਜਾ ਰਿਹਾ ਹੈ। ਇਸ ਪਾਣੀ ਕਾਰਨ ਕਿਸੇ ਵੀ ਅਣਜਾਣ ਵਿਅਕਤੀ ਨਾਲ ਵੱਡਾ ਹਾਦਸਾ ਵਾਪਰ ਸਕਦਾ ਹੈ ਪਰ ਪ੍ਰਸ਼ਾਸਨ ਨੇ ਇਥੇ ਕੋਈ ਵੀ ਚਿਤਾਵਨੀ ਬੋਰਡ ਨਹੀਂ ਲਾਇਆ।
ਪ੍ਰਾਪਤ ਜਾਣਕਾਰੀ ਅਨੁਸਾਰ ਫਰੀਦਕੋਟ, ਕੋਟਕਪੂਰਾ ਅਤੇ ਜੈਤੋ ਵਿਖੇ ਸੀਵਰੇਜ ਪਾਇਆ ਜਾ ਰਿਹਾ ਹੈ, ਜਿਸ ਕਾਰਨ ਕਈ ਮੁਹੱਲਿਆਂ ਦੀਆਂ ਗਲੀਆਂ ਅਤੇ ਸੜਕਾਂ ਨੂੰ 10 ਫ਼ੁੱਟ ਤੋਂ ਵੱਧ ਡੂੰਘਾ ਪੁੱਟਿਆ ਹੋਇਆ ਹੈ। ਸ਼ਹਿਰ ਦੇ ਬੱਸ ਸਟੈਂਡ ਰੋਡ ਅਤੇ ਜੈਤੋ ਦੇ ਪੁਲਸ ਥਾਣਾ ਰੋਡ ਨਜ਼ਦੀਕ ਸੀਵਰੇਜ ਕੰਪਨੀ ਨੇ ਸੜਕ ਨੂੰ 17 ਫ਼ੁੱਟ ਡੂੰਘਾ ਪੁੱਟਿਆ ਹੋਇਆ ਹੈ। ਬਾਰਿਸ਼ ਕਾਰਨ ਇਸ ਖੇਤਰ ਅਤੇ ਇਸ ਦੇ ਆਸ-ਪਾਸ ਦੇ ਖੇਤਰ ਦਾ ਸਾਰਾ ਪਾਣੀ ਇਸ ਵਿਚ ਭਰ ਗਿਆ, ਜੋ ਕਿ ਸੜਕ ਦੇ ਬਰਾਬਰ ਤਕ ਪਹੁੰਚ ਚੁੱਕਾ ਹੈ। ਇਸ ਦੀ ਪਾਣੀ ਦੀ ਡੂੰਘਾਈ ਬਾਰੇ ਪ੍ਰਸ਼ਾਸਨ ਅਤੇ ਸੀਵਰੇਜ ਕੰਪਨੀ ਵੱਲੋਂ ਕੋਈ ਚਿਤਾਵਨੀ ਬੋਰਡ ਨਾ ਲਾਇਆ ਹੋਣ ਕਾਰਨ ਇਥੇ ਕੋਈ ਵੀ ਅਣਜਾਣ ਵਿਅਕਤੀ ਹਾਦਸੇ ਦਾ ਸ਼ਿਕਾਰ ਹੋ ਸਕਦਾ ਹੈ।
ਫਰੀਦਕੋਟ ਤੋਂ ਐੱਸ. ਐੱਸ. ਮਠਾੜੂ, ਜੈਤੋ ਤੋਂ ਜਰਨੈਲ ਸਿੰਘ ਅਤੇ ਕੋਟਕਪੂਰਾ ਤੋਂ ਉਦੈ ਰਣਦੇਵ ਨੇ ਦੱਸਿਆ ਕਿ ਗਲੀਆਂ ਅਤੇ ਸੜਕਾਂ 'ਤੇ ਇੰਨਾ ਪਾਣੀ ਭਰ ਚੁੱਕਾ ਹੈ ਕਿ ਲੋਕ ਬਾਦਲ ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਜਲ ਬੱਸਾਂ ਯਾਦ ਕਰ ਰਹੇ ਹਨ ਕਿਉਂਕਿ ਇਸ ਵੇਲੇ ਕਈ ਖੇਤਰਾਂ ਵਿਚ ਸਥਿਤੀ ਇਹ ਬਣੀ ਹੋਈ ਹੈ ਕਿ ਲੋਕ ਕੰਮਾਂ ਕਾਰਾਂ 'ਤੇ ਜਾਣ ਲਈ ਵੀ ਘਰਾਂ 'ਚੋਂ ਬਾਹਰ ਨਹੀਂ ਨਿਕਲ ਸਕਦੇ। ਗਲੀਆਂ ਅਤੇ ਸੜਕਾਂ 'ਤੇ ਪਾਣੀ ਇੰਨਾ ਭਰ ਚੁੱਕਾ ਹੈ ਕਿ ਲੋਕਾਂ ਦਾ ਇਥੋਂ ਲੰਘਣਾ ਮੁਸ਼ਕਲ ਹੋ ਚੁੱਕਾ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਗਲੀਆਂ ਅਤੇ ਸੜਕਾਂ ਤੋਂ ਪਾਣੀ ਦੀ ਨਿਕਾਸੀ ਲਈ ਪ੍ਰਸ਼ਾਸਨ ਢੁਕਵੇਂ ਪ੍ਰਬੰਧ ਕਰੇ, ਅਜਿਹਾ ਨਾ ਹੋਣ ਦੀ ਸਥਿਤੀ 'ਚ ਕਿਸੇ ਵੇਲੇ ਵੀ ਹਾਦਸਾ ਵਾਪਰ ਸਕਦਾ ਹੈ।
ਤੱਲ੍ਹਣ 'ਚ ਚੋਰਾਂ ਨੇ ਲੱਖਾਂ ਦੇ ਗਹਿਣਿਆਂ ਤੇ ਹਜ਼ਾਰਾਂ ਦੀ ਨਕਦੀ 'ਤੇ ਕੀਤਾ ਹੱਥ ਸਾਫ
NEXT STORY