ਮਹਿਲ ਕਲਾਂ (ਲਕਸ਼ਦੀਪ) - ਕਹਿੰਦੇ ਹਨ ਕਿ ਬੱਚਾ ਉਹੀ ਬਣਦਾ ਹੈ, ਜੋ ਉਸਨੂੰ ਮਾਂ-ਬਾਪ ਬਣਾਉਂਦੇ ਹਨ। ਜਦੋਂ ਘਰ ਦਾ ਮਾਹੌਲ ਧਰਮ, ਸੱਚਾਈ ਅਤੇ ਰੂਹਾਨੀਅਤ ਨਾਲ ਭਰਿਆ ਹੋਵੇ, ਤਾਂ ਨਿੱਕੀ ਉਮਰ ਵਿੱਚ ਵੀ ਵੱਡੀਆਂ ਮੰਜ਼ਿਲਾਂ ਹਾਸਲ ਹੋ ਸਕਦੀਆਂ ਹਨ। ਪਿੰਡ ਮਹਿਲ ਕਲਾਂ ਵਿੱਚ ਅਜਿਹੀ ਹੀ ਇੱਕ ਪ੍ਰੇਰਣਾਦਾਇਕ ਮਿਸਾਲ ਉਸ ਵੇਲੇ ਸਾਹਮਣੇ ਆਈ, ਜਦੋਂ ਨਿੱਕੇ ਬੱਚੇ ਮੁਹੰਮਦ ਸ਼ਯਆਨ ਨੇ ਸਿਰਫ਼ ਸੱਤ ਸਾਲ ਦੀ ਉਮਰ ਵਿੱਚ ਪੂਰਾ ਕੁਰਾਨ-ਏ-ਪਾਕ ਪੜ੍ਹ ਕੇ ਆਪਣੇ ਪਰਿਵਾਰ, ਉਸਤਾਦਾਂ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ।
ਪਿੰਡ ਮਹਿਲ ਕਲਾਂ ਦੇ ਰਹਿਣ ਵਾਲੇ ਮੁਹੰਮਦ ਅਬਰਾਰ ਨੇ ਆਪਣੇ ਬੇਟੇ ਨੂੰ ਬਚਪਨ ਤੋਂ ਹੀ ਧਾਰਮਿਕ ਤਾਲੀਮ ਨਾਲ ਜੋੜਨ ਦਾ ਫ਼ੈਸਲਾ ਕੀਤਾ ਅਤੇ ਮਹਿਲ ਕਲਾਂ ਦੀ ਮਸ਼ਹੂਰ ਜਾਮਾ ਮਸਜਿਦ ਵਿਖੇ ਮੌਲਵੀ ਕਾਰੀ ਮੁਹੰਮਦ ਆਯੂਬ ਖਾਨ ਕੋਲ ਪੜ੍ਹਾਈ ਲਈ ਭੇਜਿਆ। ਬੱਚੇ ਦੀ ਤੇਜ਼ ਯਾਦਸ਼ਕਤੀ, ਸੁਚੱਜੀ ਅਦਾਇਗੀ ਅਤੇ ਦਿਲੀ ਲਗਨ ਨੂੰ ਵੇਖ ਕੇ ਉਸਤਾਦ ਜੀ ਨੇ ਪਹਿਲੇ ਦਿਨ ਹੀ ਅਨੁਮਾਨ ਲਗਾ ਲਿਆ ਸੀ ਕਿ ਇਹ ਬੱਚਾ ਅੱਲ੍ਹਾ ਦੀ ਕਿਤਾਬ ਨਾਲ ਖਾਸ ਰੂਹਾਨੀ ਨਾਤਾ ਜੋੜੇਗਾ।
ਮੁਹੰਮਦ ਸ਼ਯਆਨ ਨੇ ਇੱਕ ਸਾਲ ਦੀ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਪੂਰੀ ਲਗਨ ਨਾਲ ਆਪਣੇ ਉਸਤਾਦ ਦੀ ਰਹਿਨੁਮਾਈ ਹੇਠ ਕੁਰਾਨ-ਏ-ਪਾਕ ਪੂਰਾ ਕਰਨ ਦੀ ਸ਼ਰਫ਼ਤ ਹਾਸਲ ਕੀਤੀ। ਇਹ ਸਿਰਫ਼ ਪਾਠ ਨਹੀਂ, ਸਗੋਂ ਸਬਰ, ਤਹਜ਼ੀਬ ਅਤੇ ਅੱਲ੍ਹਾ ਨਾਲ ਨੇੜਤਾ ਦਾ ਰੂਹਾਨੀ ਸਫ਼ਰ ਸੀ, ਜਿਸ ਨੇ ਹਰ ਇੱਕ ਦਾ ਦਿਲ ਜਿੱਤ ਲਿਆ।
ਇਸ ਮੁਬਾਰਕ ਮੌਕੇ ‘ਤੇ ਜੁਮੇ ਦੀ ਨਮਾਜ਼ ਤੋਂ ਬਾਅਦ ਜਾਮਾ ਮਸਜਿਦ ਵਿੱਚ ਖੁਸ਼ੀ ਦਾ ਮਾਹੌਲ ਬਣ ਗਿਆ। ਬੱਚੇ ਅਤੇ ਉਸਦੇ ਪਿਤਾ ਵੱਲੋਂ ਨਮਾਜ਼ੀਆਂ ਵਿੱਚ ਮਿਠਿਆਈ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਮਸਜਿਦ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੇ ਮੁਸਲਿਮ ਆਗੂਆਂ ਨੇ ਬੱਚੇ ਦੀ ਖੁਲ੍ਹ ਕੇ ਤਾਰੀਫ਼ ਕਰਦਿਆਂ ਕਿਹਾ ਕਿ ਮੁਹੰਮਦ ਸ਼ਯਆਨ ਅੱਜ ਦੇ ਦੌਰ ਵਿੱਚ ਹੋਰ ਬੱਚਿਆਂ ਲਈ ਇੱਕ ਰੌਸ਼ਨ ਰਾਹ ਹੈ।
ਆਗੂਆਂ ਨੇ ਕਿਹਾ ਕਿ ਕੁਰਾਨ-ਏ-ਪਾਕ ਸਿਰਫ਼ ਪੜ੍ਹਨ ਲਈ ਹੀ ਨਹੀਂ, ਸਗੋਂ ਸਮਝਣ ਅਤੇ ਉਸ ‘ਤੇ ਅਮਲ ਕਰਨ ਦਾ ਧਾਰਮਿਕ ਇਸਲਾਮਿਕ ਗ੍ਰੰਥ ਹੈ, ਅਤੇ ਇਹ ਨਿੱਕਾ ਬੱਚਾ ਅੱਗੇ ਚੱਲ ਕੇ ਇਨਸਾਨੀਅਤ, ਅਖ਼ਲਾਕ ਅਤੇ ਪਿਆਰ ਦਾ ਪੈਗਾਮ ਦੇਣ ਵਾਲਾ ਬਣੇਗਾ।
ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸੂਬਾ ਮੁਸਲਿਮ ਆਗੂ ਡਾ. ਮਿੱਠੂ ਮੁਹੰਮਦ ਮਹਿਲ ਕਲਾਂ, ਮੌਲਵੀ ਕਾਰੀ ਮੁਹੰਮਦ ਆਯੂਬ, ਮਸਜਿਦ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮੁਹੰਮਦ ਸ਼ਲੀਮ, ਮੁਹੰਮਦ ਅਕਬਰ, ਡਾਕਟਰ ਕਾਕਾ ਖਾਨ, ਮੁਹੰਮਦ ਵਾਰਿਸ ਅਲੀ,ਡਾਕਟਰ ਚੌਧਰੀ ਹੱਡੀਆਂ ਵਾਲੇ, ਮੁਹੰਮਦ ਅਰਸਦ, ਡਾ. ਮੁਹੰਮਦ ਦਿਲਸ਼ਾਦ ਅਲੀ, ਮੁਹੰਮਦ ਅਬਰਾਰ ਹੁਸੈਨ, ਮੁਹੰਮਦ ਨਜ਼ੀਰ, ਦਿਲਸ਼ਾਦ ਤੱਗੜ, ਅਕਬਰ ਖਾਨ, ਮੁਹੰਮਦ ਅਰਸ਼ਦ, ਇਲਾਕੇ ਦੇ ਮਸ਼ਹੂਰ ਕਬੱਡੀ ਖਿਡਾਰੀ ਅਲੀ ਮਹਿਲ ਕਲਾਂ, ਮੁਹੰਮਦ ਸਤਾਰ ਤਾਰੂ, ਮੁਹੰਮਦ ਦਿਲਬਰ, ਸੁਬਹਾਨ ਅਲੀ, ਦਿਲਬਰ ਹੁਸੈਨ, ਮੁਹੰਮਦ ਅਰਸ਼ਦ ਅਲੀ,ਸੁਖਪਾਲ ਦੀਨ, ਬੂਟਾ ਖਾਨ, ਮੁਹੰਮਦ ਨਜ਼ੀਰ, ਮੁਹੰਮਦ ਅਸ਼ਰਫ ਅਲੀ ਜਮੀਲ ਖਾਨ ਜੀਲਾ ਸਮੇਤ ਵੱਡੀ ਗਿਣਤੀ ਵਿੱਚ ਮੁਸਲਿਮ ਭਾਈਚਾਰੇ ਦੇ ਲੋਕ ਹਾਜ਼ਰ ਰਹੇ, ਜਿਨ੍ਹਾਂ ਨੇ ਬੱਚੇ ਨੂੰ ਦੁਆਵਾਂ ਅਤੇ ਅਸੀਸਾਂ ਨਾਲ ਨਿਵਾਜ਼ਿਆ।
ਇਹ ਰੂਹਾਨੀ ਕਾਮਯਾਬੀ ਸਾਰੇ ਮਾਪਿਆਂ ਲਈ ਇੱਕ ਪਾਕ ਸੁਨੇਹਾ ਹੈ ਕਿ ਜੇ ਬਚਪਨ ਤੋਂ ਹੀ ਬੱਚਿਆਂ ਨੂੰ ਕੁਰਾਨ-ਏ-ਪਾਕ ਅਤੇ ਧਾਰਮਿਕ ਤਾਲੀਮ ਨਾਲ ਜੋੜਿਆ ਜਾਵੇ, ਤਾਂ ਸਮਾਜ ਨੂੰ ਚੰਗੇ, ਸੱਚੇ ਅਤੇ ਇਨਸਾਨੀਅਤ ਨਾਲ ਪਿਆਰ ਕਰਨ ਵਾਲੇ ਨਾਗਰਿਕ ਮਿਲ ਸਕਦੇ ਹਨ।
ਜਲੰਧਰ : ਮਾਡਲ ਟਾਊਨ KFC ਨੇੜੇ ਦੁਕਾਨ 'ਚ ਲੱਗੀ ਭਿਆਨਕ ਅੱਗ
NEXT STORY