ਲੁਧਿਆਣਾ, (ਤਰੁਣ)-ਪ੍ਰਾਈਵੇਟ ਨੌਕਰੀ ਕਰਨ ਵਾਲਾ ਇਕ ਮੁਲਜ਼ਮ 12ਵੀਂ ਕਲਾਸ ਦੀ ਵਿਦਿਆਰਥਣ ਨੂੰ ਬਹਿਲਾ-ਫੁਸਲਾ ਕੇ ਮੁੰਬਈ ਲੈ ਗਿਆ, ਜਿਥੇ ਦੋ ਦਿਨ ਤੱਕ ਉਸ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਰਿਹਾ। 9 ਦਿਨ ਬਾਅਦ ਚੌਕੀ ਸੁੰਦਰ ਨਗਰ ਦੀ ਪੁਲਸ ਨੇ ਮੁਲਜ਼ਮ ਨੂੰ ਸਮਰਾਲਾ ਚੌਕ ਦੇ ਨੇੜਿਓਂ ਕਾਬੂ ਕਰ ਲਿਆ ਅਤੇ ਮੈਡੀਕਲ ਜਾਂਚ ਦੇ ਬਾਅਦ ਵਿਦਿਆਰਥਣ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ।
ਮੁਲਜ਼ਮ ਦੀ ਪਛਾਣ ਮਨੀ ਜੈਨ ਨਿਵਾਸੀ ਨਿਊ ਸੁਭਾਸ਼ ਨਗਰ ਦੇ ਰੂਪ ਵਿਚ ਹੋਈ ਹੈ, ਜਿਸ 'ਤੇ ਚੌਕੀ ਸੁੰਦਰ ਨਗਰ ਦੀ ਪੁਲਸ ਨੇ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਦੇ ਦੋਸ਼ 'ਚ ਕੇਸ ਦਰਜ ਕੀਤਾ ਸੀ, ਜਦਕਿ ਹੁਣ ਇਲਾਕਾ ਪੁਲਸ ਨੇ ਅਗਵਾ ਕਰਨ ਦੀ ਧਾਰਾ ਦੇ ਨਾਲ ਜਬਰ-ਜ਼ਨਾਹ ਦੀ ਧਾਰਾ ਜੋੜ ਦਿੱਤੀ ਹੈ। ਜਾਂਚ ਅਧਿਕਾਰੀ ਗੁਰਜੀਤ ਸਿੰਘ ਨੇ ਦੱਸਿਆ ਕਿ 16 ਸਤੰਬਰ ਸਵੇਰੇ 7 ਵਜੇ ਵਿਦਿਆਰਥਣ ਕੋਚਰ ਮਾਰਕੀਟ ਸਥਿਤ ਸਕੂਲ ਜਾਣ ਲਈ ਘਰੋਂ ਨਿਕਲੀ। ਰਸਤੇ ਵਿਚ ਮਨੀ ਨੇ ਉਸ ਦਾ ਰਸਤਾ ਰੋਕਿਆ ਅਤੇ ਉਸ ਨੂੰ ਬਹਿਲਾ-ਫੁਸਲਾ ਕੇ ਰੇਲਵੇ ਸਟੇਸ਼ਨ ਲੈ ਗਿਆ ਅਤੇ ਮੁੰਬਈ ਜਾਣ ਵਾਲੀ ਟਰੇਨ 'ਚ ਨਾਲ ਲੈ ਕੇ ਫਰਾਰ ਹੋ ਗਿਆ। ਕਰੀਬ ਦੋ ਦਿਨ ਤੱਕ ਮੁੰਬਈ 'ਚ ਉਸ ਨਾਲ ਹਵਸ ਮਿਟਾਉਂਦਾ ਰਿਹਾ ਤੇ 20 ਸਤੰਬਰ ਨੂੰ ਆਨੰਦਪੁਰ ਸਾਹਿਬ ਲਈ ਰਵਾਨਾ ਹੋਇਆ, ਜਿਥੇ ਉਹ ਦੋ ਦਿਨ ਰੁਕਿਆ। ਇਸ ਦੌਰਾਨ ਉਸ ਨੇ ਕਈ ਵਾਰ ਵਿਦਿਆਰਥਣ ਨਾਲ ਜਬਰ-ਜ਼ਨਾਹ ਕੀਤਾ।
ਐਤਵਾਰ ਸਵੇਰੇ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਮੁਲਜ਼ਮ ਸਮਰਾਲਾ ਚੌਕ ਨੇੜੇ ਹੈ, ਜਿਸ ਦੇ ਬਾਅਦ ਪੁਲਸ ਨੇ ਨਾਕਾਬੰਦੀ ਕਰ ਕੇ ਉਸ ਨੂੰ ਦਬੋਚਿਆ ਤੇ ਵਿਦਿਆਰਥਣ ਨੂੰ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਭੇਜਿਆ। ਮੈਡੀਕਲ ਜਾਂਚ ਦੇ ਬਾਅਦ ਵਿਦਿਆਰਥਣ ਨੂੰ ਰਿਸ਼ਤੇਦਾਰਾਂ ਦੇ ਹਵਾਲੇ ਕਰ ਦਿੱਤਾ।
ਭਾਜਪਾ ਆਗੂਆਂ ਨੇ ਫੂਕਿਆ ਪਾਕਿਸਤਾਨ ਦਾ ਪੁਤਲਾ
NEXT STORY