ਸਪੋਰਟਸ ਡੈਸਕ- ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਖੇਡੇ ਗਏ ਆਈ.ਪੀ.ਐੱਲ. ਮੁਕਾਬਲੇ 'ਚ ਦਿੱਲੀ ਕੈਪੀਟਲਸ ਨੇ ਲਖਨਊ ਸੁਪਰਜਾਇੰਟਸ ਨੂੰ 19 ਦੌੜਾਂ ਨਾਲ ਹਰਾ ਕੇ ਜਿੱਤ ਨਾਲ ਆਪਣੇ ਅਭਿਆਨ ਦਾ ਅੰਤ ਕੀਤਾ ਹੈ। ਉੱਥੇ ਹੀ ਇਸ ਹਾਰ ਨਾਲ ਲਖਨਊ ਦਾ ਵੀ ਪਲੇਆਫ਼ 'ਚ ਪਹੁੰਚਣ ਦਾ ਰਸਤਾ ਲਗਭਗ ਬੰਦ ਹੀ ਹੋ ਗਿਆ ਹੈ।
ਲਖਨਊ ਦੇ ਕਪਤਾਨ ਕੇ.ਐੱਲ. ਰਾਹੁਲ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਦਿੱਲੀ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਅਭਿਸ਼ੇਕ ਪੋਰੇਲ (58) ਤੇ ਟ੍ਰਿਸਟਨ ਸਟੱਬਸ (57*) ਦੇ ਸ਼ਾਨਦਾਰ ਅਰਧ ਸੈਂਕੜਿਆਂ ਦੀ ਬਦੌਲਤ 20 ਓਵਰਾਂ 'ਚ 4 ਵਿਕਟਾਂ ਗੁਆ ਕੇ 208 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ।
ਇਸ ਟੀਚੇ ਦਾ ਪਿੱਛਾ ਕਰਦਿਆਂ ਲਖਨਊ ਦੇ ਕਪਤਾਨ ਕੇ.ਐੱਲ. ਰਾਹੁਲ 3 ਗੇਂਦਾਂ 'ਚ ਸਿਰਫ਼ 5 ਦੌੜਾਂ ਬਣਾ ਕੇ ਇਸ਼ਾਂਤ ਸ਼ਰਮਾ ਦੀ ਗੇਂਦ 'ਤੇ ਮੁਕੇਸ਼ ਕੁਮਾਰ ਹੱਥੋਂ ਕੈਚ ਆਊਟ ਹੋ ਗਏ। ਮਾਰਕਸ ਸਟਾਇਨਿਸ ਵੀ 5 ਦੌੜਾਂ ਬਣਾ ਕੇ ਅਕਸ਼ਰ ਪਟੇਲ ਦਾ ਸ਼ਿਕਾਰ ਬਣਿਆ।
ਕਵਿੰਟਨ ਡੀ-ਕੌਕ 8 ਗੇਂਦਾਂ 'ਚ 12 ਦੌੜਾਂ ਬਣਾ ਕੇ ਇਸ਼ਾਂਤ ਦੀ ਗੇਂਦ 'ਤੇ ਆਊਟ ਹੋ ਕੇ ਪੈਵੇਲੀਅਨ ਪਰਤ ਗਿਆ। ਦੀਪਕ ਹੁੱਡਾ ਬਿਨਾਂ ਖਾਤਾ ਖੋਲ੍ਹੇ ਹੀ ਇਸ਼ਾਂਤ ਦਾ ਤੀਜਾ ਸ਼ਿਕਾਰ ਬਣਿਆ।
ਖੱਬੇ ਹੱਥ ਦੇ ਧਾਕੜ ਬੱਲੇਬਾਜ਼ ਨਿਕੋਲਸ ਪੂਰਨ ਨੇ 27 ਗੇਂਦਾਂ 'ਚ 61 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਤੇ ਆਪਣੀ ਪਾਰੀ 'ਚ ਉਸ ਨੇ 6 ਚੌਕੇ ਤੇ 4 ਛੱਕੇ ਲਗਾਏ। ਪਰ ਉਹ ਮੁਕੇਸ਼ ਕੁਮਾਰ ਦੀ ਗੇਂਦ 'ਤੇ ਅਕਸ਼ਰ ਹੱਥੋਂ ਕੈਚ ਹੋ ਕੇ ਪੈਵੇਲੀਅਨ ਪਰਤ ਗਿਆ।
ਅੰਤ 'ਚ ਅਰਸ਼ਦ ਖ਼ਾਨ ਨੇ ਸ਼ਾਨਦਾਰ ਜੁਝਾਰੂਪਨ ਦਿਖਾਇਆ ਤੇ ਦਿੱਲੀ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ। ਉਸ ਨੇ 33 ਗੇਂਦਾਂ 'ਚ 3 ਚੌਕਿਆਂ ਤੇ 5 ਛੱਕਿਆਂ ਦੀ ਬਦੌਲਤ ਨਾਬਾਦ 58 ਦੌੜਾਂ ਬਣਾਈਆਂ, ਪਰ ਉਹ ਟੀਮ ਨੂੰ ਜਿੱਤ ਨਾ ਦਿਵਾ ਸਕਿਆ ਤੇ ਲਖਨਊ 20 ਓਵਰਾਂ 'ਚ 9 ਵਿਕਟਾਂ ਗੁਆ ਕੇ 189 ਦੌੜਾਂ ਹੀ ਬਣਾ ਸਕੀ।
ਇਸ ਤਰ੍ਹਾਂ ਦਿੱਲੀ ਨੇ ਇਹ ਮੁਕਾਬਲੇ 19 ਦੌੜਾਂ ਨਾਲ ਆਪਣੇ ਨਾਂ ਕਰ ਲਿਆ। ਹਾਲਾਂਕਿ ਇਸ ਜਿੱਤ ਦਾ ਦਿੱਲੀ ਨੂੰ ਕੋਈ ਖ਼ਾਸ ਫ਼ਾਇਦਾ ਨਹੀਂ ਹੋਵੇਗਾ, ਪਰ ਇਸ ਹਾਰ ਨਾਲ ਲਖਨਊ ਦੀਆਂ ਉਮੀਦਾਂ ਨੂੰ ਜ਼ਰੂਰ ਕਰਾਰਾ ਝਟਕਾ ਲੱਗਿਆ ਹੈ। ਲਖਨਊ ਲਈ ਹੁਣ ਪਲੇਆਫ਼ 'ਚ ਪਹੁੰਚਣ ਦਾ ਰਸਤਾ ਲਗਭਗ ਬੰਦ ਹੀ ਹੋ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮਣਿਕਾ ਬੱਤਰਾ ਕਰੀਅਰ ਦੀ ਸਰਵਸ੍ਰੇਸ਼ਠ 24ਵੀਂ ਵਿਸ਼ਵ ਰੈਂਕਿੰਗ ’ਤੇ
NEXT STORY