ਜਲੰਧਰ (ਬਿਊਰੋ): ਭਾਰਤ ਦੇ ਯੁਗੋਂ-ਯੁੱਗ ਵੱਡੇ ਇਤਿਹਾਸ ਨੇ ਰਾਮਰਾਜ ਦੇਖਿਆ, ਮੁਗਲ ਕਾਲ ਦੇਖਿਆ ਤੇ ਫਿਰ ਅੰਗਰੇਜ਼ੀ ਹਕੁਮਤ ਵੀ ਦੇਖੀ। ਅੱਜ ਅਸੀਂ 'ਇਤਿਹਾਸ ਦੀ ਡਾਇਰੀ' 'ਚ ਮੁਗਲ ਸ਼ਾਸ਼ਕ ਸ਼ਾਹਜਹਾਂ ਦੀ ਗੱਲ ਕਰਾਂਗੇ, ਕਿਉਂਕਿ 354 ਸਾਲ ਪਹਿਲਾਂ ਅੱਜ ਦੇ ਹੀ ਦਿਨ ਹੀ ਯਾਨੀ 22 ਜਨਵਰੀ ਨੂੰ ਸ਼ਾਹਜਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਹਾਰਾਣੀ ਵਿਕਟੋਰੀਆ ਦੀ ਗੱਲ ਕਰਾਂਗੇ ਜਿਨ੍ਹਾਂ ਦੀ ਵਿਸਥਾਰਵਾਦੀ ਨੀਤੀ ਵਾਲੇ ਰਾਜ ਦੌਰਾਨ ਇੰਗਲੈਂਡ 'ਚ ਸੂਰਜ ਕਦੇ ਅਸਤ ਨਹੀਂ ਹੋਇਆ ਸੀ। ਪਰ ਸਭ ਤੋਂ ਪਹਿਲਾਂ ਜਾਣ ਲਓ ਕੌਣ ਸੀ ਸ਼ਾਹਜਹਾਂ...
ਮੁਗਲ ਸਲਤਨਤ ਦਾ ਬਾਦਸ਼ਾਹ 'ਸ਼ਾਹਜਹਾਂ'
ਸ਼ਾਹਜਹਾਂ ਮੁਗਲ ਸਲਤਨਤ ਦਾ ਪੰਜਵਾਂ ਸ਼ਹਿੰਸ਼ਾਹ ਸੀ। ਸ਼ਾਹਜਹਾਂ ਦਾ ਜਨਮ 5 ਜਨਵਰੀ, 1592 ਨੂੰ ਲਾਹੌਰ 'ਚ ਹੋਇਆ ਤੇ ਮੌਤ ਅੱਜ ਦੇ ਦਿਨ ਪਰ 354 ਸਾਲ ਪਹਿਲਾਂ 22 ਜਨਵਰੀ 1666 ਨੂੰ ਹੋਈ ਸੀ। ਸ਼ਾਹਜਹਾਂ ਦੇ ਦਿਹਾਂਤ ਨਾਲ ਹੀ ਮੁਗਲ ਕਾਲ ਦੇ ਮੁਹੱਬਤ ਨਾਲ ਲਬਰੇਜ਼ ਦੌਰ ਦਾ ਅੰਤ ਹੋ ਗਿਆ ਸੀ। ਸ਼ਾਹਜਹਾਂ ਤੋਂ ਬਾਅਦ ਮੁਗਲ ਬਾਦਸ਼ਾਹ ਤਾਂ ਆਏ ਪਰ ਕਿਸੇ ਨੇ ਭਾਰਤੀਆਂ ਦੇ ਦਿਲਾਂ 'ਤੇ ਰਾਜ ਨਾ ਕੀਤਾ। ਇਸੇ ਕਾਰਨ ਹੀ ਸ਼ਾਹਜਹਾਂ 'ਚ ਲੋਕ ਅਕਬਰ ਦੀ ਛਾਪ ਦੇਖਦੇ ਸੀ।
ਬੇਗਮ ਮੁਮਤਾਜ ਦਾ ਆਸ਼ਕ ਸ਼ਾਹਜਹਾਂ
ਇਤਿਹਾਸ ਦੇ ਗਲਿਆਰਿਆਂ 'ਚ ਸ਼ਾਹਜਹਾਂ ਦੇ ਵਿਆਹ ਸਬੰਧੀ ਕਾਫੀ ਦੁਚਿੱਤੀ ਹੈ। ਕਿਸੇ ਥਾਂ 3 ਕਿਸੇ ਥਾਂ 4 ਤੇ ਕਿਸੇ ਥਾਂ 14 ਪਤਨੀਆਂ ਹੋਣ ਦੀ ਗੱਲ ਕਹੀ ਜਾਂਦੀ ਹੈ ਪਰ ਇਸ ਗੱਲ ਦਾ ਜ਼ਿਕਰ ਹਰ ਵਾਰ ਹੁੰਦਾ ਹੈ ਕਿ ਸ਼ਾਹਜਹਾਂ ਦੀ ਜਾਨ ਸੀ ਉਨ੍ਹਾਂ ਦੀ ਪਤਨੀ ਮੁਮਤਾਜ। ਬੇਗਮ ਮੁਮਤਾਜ ਨੂੰ ਬੇਪਨਾਹ ਮੁਹੱਬਤ ਕਰਦੇ ਸੀ ਸ਼ਾਹਜਹਾਂ। ਮੁਮਤਾਜ ਦੇ 14 ਬੱਚੇ ਸੀ ਜਿਨ੍ਹਾਂ ਚੋਂ 7 ਦੀ ਛੋਟੀ ਉਮਰ 'ਚ ਮੌਤ ਹੋ ਗਈ ਸੀ। ਖਾਸ ਗੱਲ ਇਹ ਹੈ ਕਿ ਮੁਮਤਾਜ ਦੀ ਮੌਤ 14ਵੀਂ ਸਨਤਾਨ ਨੂੰ ਜਨਮ ਦੇਣ ਦੌਰਾਨ ਹੋਈ ਸੀ। ਮੁਮਤਾਜ ਦੀ ਮੌਤ ਤੋਂ ਬਾਅਦ ਹੀ ਸ਼ਾਹਜਹਾਂ ਨੇ ਮਰਹੂਮ ਪਤਨੀ ਦੀ ਯਾਦ 'ਚ ਤਾਜਮਹਿਲ ਬਣਵਾਇਆ ਸੀ। ਤਾਜਮਹਿਲ ਅੱਜ ਦੁਨੀਆ ਦੇ ਖੂਬਸੂਰਤ ਨਮੂਨਿਆਂ 'ਚ ਸ਼ਾਮਲ ਹੈ ਤੇ ਲੋਕ ਇਸ ਨੂੰ ਪਿਆਰ ਦੀ ਨਿਸ਼ਾਨੀ ਕਹਿੰਦੇ ਹਨ।ਸ਼ਾਹਜਹਾਂ ਦੇ ਸ਼ਾਸਨ ਦੌਰਾਨ ਕਈ ਬੇਮਿਸਾਲ ਇਮਾਰਤਾਂ ਬਣੀਆਂ, ਜਿਨਾਂ 'ਚ ਜਾਮਾ ਮਸਜਿਦ, ਲਾਲ ਕਿਲ੍ਹਾ ਦੋ ਮੁੱਖ ਉਦਹਾਰਣ ਹਨ। ਸ਼ਾਹਜਹਾਂ ਦੇ ਸ਼ਾਸ਼ਨ ਕਾਲ ਨੂੰ ਮੁਗਲ ਸ਼ਾਸਨ ਦਾ ਸੁਨਹਿਰੀ ਯੁੱਗ ਵੀ ਕਿਹਾ ਜਾਂਦਾ ਹੈ।
ਔਰੰਗਜ਼ੇਬ ਨੇ ਸ਼ਾਹਜਹਾਂ ਨੂੰ ਦਿੱਤੀ ਭਿਆਨਕ ਮੌਤ
ਉਹ ਜਹਾਂਗੀਰ ਦੇ ਬੇਟੇ ਤੇ ਬਾਦਸ਼ਾਹ ਅਕਬਰ ਦੇ ਪੋਤੇ ਸਨ। ਸ਼ਾਹਜਹਾਂ ਦੇ ਉਨ੍ਹਾਂ ਦੇ ਪਿਤਾ ਜਹਾਂਗੀਰ ਦੇ ਵਿਚਕਾਰ ਸੰਬੰਧ ਬਹੁਤ ਤਣਾਅਪੂਰਨ ਸਨ ਤੇ ਸ਼ਾਹਜਹਾਂ ਦੇ ਚਾਰ ਪੁੱਤਰ ਇਕ-ਦੂਜੇ ਦੇ ਕੱਟੜ ਵਿਰੋਧੀ ਸਨ। ਸ਼ਾਹਜਹਾਂ ਸਿੰਘਾਸਨ ਲਈ ਵੱਡੇ ਬੇਟੇ ਦਾਰਾਸ਼ਿਕੋਹ ਦਾ ਸਮਰਥਨ ਕਰ ਰਹੇ ਸਨ। ਸਿੰਘਾਸਨ ਲਈ ਦਾਰਾ ਸ਼ਿਕੋਹ ਤੇ ਔਰੰਗਜੇਬ ਵਿਚਕਾਰ ਯੁੱਧ ਹੋਇਆ, ਜਿਸ ਵਿਚ ਔਰੰਗਜੇਬ ਜਿੱਤ ਗਿਆ। ਔਰੰਗਜ਼ੇਬ ਨੇ ਆਪਣੇ ਭਰਾ ਦਾਰਾਸ਼ਿਕੋਹ ਤੇ ਉਸ ਦੇ ਪੁੱਤਰਾਂ ਦਾ ਕਤਲ ਕਰ ਦਿੱਤਾ, ਤਾਂ ਜੋ ਉਸ ਦੇ ਰਾਜ ਵਿਚ ਕੋਈ ਹੋਰ ਅੜਿੱਕੇ ਨਾ ਆਵੇ। ਉਸ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਆਗਰਾ ਦੇ ਕਿਲੇ ਵਿਚ ਕੈਦ ਕਰ ਦਿੱਤਾ ਤੇ ਮੌਤ ਤੱਕ ਕੈਦ ਹੀ ਰੱਖਿਆ। ਇਸ ਤਰ੍ਹਾਂ ਸ਼ਾਹਜਹਾਂ ਦਾ ਆਖਰੀ ਸਮਾਂ ਬੇਹੱਦ ਦੁੱਖਾਂ, ਤਕਲੀਫਾਂ ਵਿਚ ਬੀਤਿਆਂ। ਆਖਰਕਾਰ 22 ਜਨਵਰੀ 1666 ਨੂੰ ਸ਼ਾਹਜਹਾਂ ਨੇ ਆਗਰਾ ਦੇ ਕਿਲੇ ਤੋਂ ਆਪਣੀ ਮੁਹੱਬਤ ਦੀ ਨਿਸ਼ਾਨੀ ਤਾਜਮਹਿਲ ਨੂੰ ਨਿਹਾਰਦੇ ਹੋਏ ਆਪਣੇ ਆਖਰੀ ਸਾਹ ਲਏ।
ਇੰਗਲੈਂਡ ਦੀ ਸਭ ਤੋਂ ਤਾਕਤਵਰ ਰਾਣੀ 'ਕੁਈਨ ਵਿਕਟੋਰੀਆ'
ਸ਼ਾਹਜਹਾਂ ਤੋਂ ਬਾਅਦ ਗੱਲ ਕਰਦੇ ਹਾਂ ਮਹਾਰਾਣੀ ਵਿਕਟੋਰੀਆ ਦੀ. ਮਹਾਰਾਣੀ ਵਿਕਟੋਰੀਆ ਇੰਗਲੈਂਡ ਰਾਜ ਦੀ ਸਭ ਤੋਂ ਤਾਕਤਵਰ ਰਾਣੀ ਮੰਨੀ ਜਾਂਦੀ ਹੈ। ਅਸਲ 'ਚ ਤਾਂ ਕਹਿੰਦੇ ਨੇ ਮਹਾਰਾਣੀ ਵਿਕਟੋਰੀਆ ਦੇ ਰਾਜ ਵਿਚ ਅੰਗਰੇਜ਼ੀ ਰਾਜ ਦਾ ਸੂਰਜ ਕਦੇ ਡੁੱਬਦਾ ਨਹੀਂ ਸੀ ਪਰ 22 ਜਨਵਰੀ 1901 ਨੂੰ ਮਹਾਰਾਣੀ ਵਿਕਟੋਰੀਆ ਦੀ ਜ਼ਿੰਦਗੀ ਦਾ ਸੂਰਜ ਜ਼ਰੂਰ ਡੁੱਬ ਗਿਆ ਸੀ। 24 ਮਈ 1819 ਨੂੰ ਪੈਦਾ ਹੋਈ ਅਲੈਗਜੇਂਡ੍ਰਿਨਾ ਵਿਕਟੋਰੀਆ 18 ਸਾਲ ਦੀ ਉਮਰ ਵਿਚ ਇੰਗਲੈਂਡ ਦੀ ਰਾਣੀ ਬਣੀ ਸੀ। ਨਵੀਂ ਰਾਣੀ ਦਾ ਜਨਤਾ ਨੇ ਬੜੀ ਧੂਮ-ਧਾਮ ਨਾਲ ਸੁਆਗਤ ਕੀਤਾ ਸੀ। ਰਾਣੀ ਵਿਕਟੋਰੀਆ ਨੇ ਪ੍ਰਸ਼ਾਸਨ ਦੀਆਂ ਸਾਰੀਆਂ ਛੋਟੀਆਂ-ਵੱਡੀਆਂ ਗੱਲਾਂ 'ਤੇ ਧਿਆਨ ਦਿੱਤਾ। ਵਿਕਟੋਰੀਆ ਨੇ ਇੰਗਲੈਂਡ ਵਿਚ ਰਾਜ-ਭਾਗ ਇਸ ਤਰ੍ਹਾਂ ਸੰਭਾਲਿਆ ਕਿ ਨਵੀਂ ਕ੍ਰਾਂਤੀ ਲਿਆ ਦਿੱਤੀ। ਇਸੇ ਕਾਰਨ ਵਿਕਟੋਰੀਆ ਦੇ ਸ਼ਾਸਨ ਕਾਲ ਨੂੰ ਵਿਕਟੋਰੀਆ ਯੁਗ ਕਿਹਾ ਗਿਆ। ਭਾਰਤ ਵਿਚ ਰਾਣੀ ਵਿਕਟੋਰੀਆ ਨੂੰ 1 ਮਈ 1876 ਨੂੰ ਮਹਾਰਾਣੀ ਦਾ ਖਿਤਾਬ ਦਿੱਤਾ ਗਿਆ। ਉਨ੍ਹਾਂ ਨੇ ਆਪਣੇ ਸਮੇਂ ਵਿਚ ਬ੍ਰਿਟਿਸ਼ ਰਾਜ ਨੂੰ ਦੱਖਣੀ ਅਫਰੀਕਾ, ਏਸ਼ੀਆ ਤੱਕ ਫੈਲਾਇਆ ਹੋਇਆ ਸੀ।
ਬੋਇੰਗ 747: ਆਸਮਾਨ ਦਾ ਰਾਜਾ
ਇੰਗਲੈਂਡ ਦੀ ਰਾਣੀ ਤੋਂ ਬਾਅਦ ਗੱਲ ਆਸਮਾਨ ਦੇ ਰਾਜੇ ਦੀ। ਯਾਨੀ ਬੋਇੰਗ 747 ਜਹਾਜ਼ ਦੀ ਬੋਇੰਗ ਅਮਰੀਕਾ ਦੀ ਕਮਰਸ਼ੀਅਲ ਜੈਟ ਏਅਰਲਾਈਨਰ ਤੇ ਕਾਰਗੋ ਏਅਰਕ੍ਰਾਫਟ ਕੰਪਨੀ ਹੈ। ਇਸ ਕੰਪਨੀ ਦਾ ਬੋਇੰਗ 747 ਜਹਾਜ਼ ਪਹਿਲਾ ਵੱਡੇ ਆਕਾਰ ਦਾ ਕਮਰਸ਼ੀਅਲ ਜਹਾਜ਼ ਹੈ, ਜਿਸ ਨੇ ਅੱਜ ਦੇ ਦਿਨ ਯਾਨੀ 22 ਜਨਵਰੀ 1970 ਨੂੰ ਆਸਮਾਨ ਵਿਚ ਪਹਿਲੀ ਉਡਾਣ ਭਰੀ।
ਬੋਇੰਗ 747 ਜਹਾਜ਼ ਦੀ ਸਮਰੱਥਾ ਬੋਇੰਗ 707 ਤੋਂ 150 ਗੁਣਾ ਜ਼ਿਆਦਾ ਸੀ। ਬੀਤੇ 50 ਸਾਲਾਂ ਤੋਂ ਇਸ ਨੇ ਯਾਤਰੀਆਂ ਦੀ ਸਮਰੱਥਾ ਦਾ ਕੀਰਤੀਮਾਨ ਸਥਾਪਤ ਕੀਤਾ ਹੋਇਆ ਹੈ, ਜਿਸ ਕਾਰਨ ਇਸ ਨੂੰ ਜੰਬੋ ਜੈੱਟ ਯਾਨੀ ਆਸਮਾਨ ਦਾ ਰਾਜਾ ਵੀ ਕਿਹਾ ਜਾਂਦਾ ਹੈ। ਇਸ ਜਹਾਜ਼ ਦੀ ਖਾਸੀਅਤ ਸੀ ਕਿ ਇਸ ਵਿਚ ਪਹਿਲੀ ਵਾਰ ਚਾਰ ਇੰਜਣਾਂ ਦਾ ਇਸਤੇਮਾਲ ਕੀਤਾ ਗਿਆ ਤੇ ਉਪਰਲਾ ਹੰਪ ਡੈੱਕ ਦਿੱਤਾ ਗਿਆ ,ਜਿੱਥੇ ਫਰਸਟ ਕਲਾਸ ਲੌਂਜ ਬਣਾਇਆ ਗਿਆ ਸੀ ਅਤੇ ਜ਼ਿਆਦਾ ਸੀਟਾਂ ਦਿੱਤੀਆਂ ਗਈਆਂ ਸੀ। ਇਨ੍ਹਾਂ ਸੀਟਾਂ ਨੂੰ ਹਟਾ ਕੇ ਇਸ ਨੂੰ ਆਸਾਨੀ ਨਾਲ ਕਾਰਗੋ ਜਹਾਜ਼ ਬਣਾਇਆ ਜਾ ਸਕਦਾ ਸੀ। ਜਨਵਰੀ 2017 ਤੱਕ ਬੋਇੰਗ 747 ਦੇ 50 ਜਹਾਜ਼ ਹਾਦਸਿਆਂ ਵਿਚ ਨਸ਼ਟ ਹੋ ਚੁੱਕੇ ਸੀ। ਇਨ੍ਹਾਂ ਹਾਦਸਿਆਂ ਵਿਚ 3722 ਲੋਕ ਮਾਰੇ ਜਾ ਚੁੱਕੇ ਹਨ।
22 ਜਨਵਰੀ ਦੀ ਹੋਰ ਵੱਡੀਆਂ ਘਟਨਾਵਾਂ
1517 ਤੁਰਕੀ ਨੇ ਕਾਹਿਰਾ 'ਤੇ ਕਬਜ਼ਾ ਕੀਤਾ
1973- ਅਮਰੀਕੀ ਸੁਪਰੀਮ ਕੋਰਟ ਨੇ ਗਰਭਪਾਤ ਨੂੰ ਕਾਨੂੰਨੀ ਮਾਨਤਾ ਦੇ ਦਿੱਤੀ ਸੀ। ਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਔਰਤਾਂ ਗਰਭਵਤੀ ਹੋਣ ਦੇ ਪਹਿਲੇ 6 ਮਹੀਨਿਆਂ ਦੇ ਅੰਦਰ ਗਰਭਪਾਤ ਕਰਵਾ ਸਕਦੀਆਂ ਹਨ।
1973- ਜਾਰਡਨ ਏਅਰਲਾਈਨਜ਼ ਦਾ ਜਹਾਜ਼ ਨਾਈਜੀਰੀਆ ਵਿਚ ਹਾਦਸੇ ਦਾ ਸ਼ਿਕਾਰ ਹੋਇਆ। ਇਹ ਹਾਦਸਾ ਇੰਨਾ ਭਿਆਨਕ ਸੀ ਕਿ ਇਸ 'ਚ 176 ਲੋਕਾਂ ਦੀ ਮੌਤ ਹੋ ਗਈ।
1837- ਦੱਖਣੀ ਸੀਰੀਆ ਵਿਚ ਆਏ ਭੂਚਾਲ ਵਿਚ ਹਜ਼ਾਰਾਂ ਲੋਕਾਂ ਦੀ ਮੌਤ ਹੋਈ।
ਇਸ ਦਿਨ ਵੱਡੀਆਂ ਸ਼ਖਸੀਅਤਾਂ ਨੇ ਲਿਆ ਜਨਮ
22 ਜਨਵਰੀ 1972 ਨੂੰ ਅਭਿਨੇਤਰੀ ਅਮ੍ਰਿਤਾ ਸ਼ਿਰੋਡਕਰ ਦਾ ਜਨਮ ਹੋਇਆ।
ਚੇਨਈ ਦੇ ਪ੍ਰਸਿੱਧ ਗਾਇਕ ਟੀ. ਐਮ. ਕ੍ਰਿਸ਼ਨਾ ਦਾ ਜਨਮ22 ਜਨਵਰੀ 1976 ਨੂੰ ਹੋਇਆ।
ਫਿਲਮ ਡਾਇਰੈਕਟਰ ਸਤਿਅੇਨ ਬੋਸ ਦਾ ਜਨਮ ਵੀ 1916 ਨੂੰ ਅੱਜ ਦੇ ਦਿਨ ਹੋਇਆ। ਉਹ ਬੰਗਾਲੀ ਤੇ ਹਿੰਦੀ ਵਿਚ ਕਈ ਫਿਲਮਾਂ ਡਾਇਰੈਕਟ ਕਰ ਚੁੱਕੇ ਹਨ।
ਡੀ. ਐੱਸ. ਪੀ. ਸੋਨੀ ਦੀ ਪਤਨੀ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਸੰਮਨ ਜਾਰੀ
NEXT STORY