ਲੁਧਿਆਣਾ(ਹਿਤੇਸ਼)-ਨਗਰ ਨਿਗਮ ਚੋਣ ਲੜਨ ਦੇ ਦਾਅਵੇਦਾਰਾਂ ਨੂੰ ਚਾਹੇ ਕਾਂਗਰਸ ਵੱਲੋਂ ਅਜੇ ਅਰਜ਼ੀ ਫਾਰਮ ਵੰਡਣ ਦੀ ਪ੍ਰਕਿਰਿਆ ਚੱਲ ਰਹੀ ਹੈ ਪਰ ਪਹਿਲੇ ਪੜਾਅ ਵਿਚ ਹੀ ਦਾਅਵੇਦਾਰਾਂ ਦੀ ਫੌਜ ਸਾਹਮਣੇ ਆਉਣ 'ਤੇ ਪਾਰਟੀ ਵਿਚ ਟਿਕਟ ਦੇਣ ਲਈ ਫਾਰਮੂਲਾ ਤੈਅ ਕਰਨ ਦੀ ਕਵਾਇਦ ਵੀ ਅੰਦਰਖਾਤੇ ਤੇਜ਼ ਹੋ ਗਈ ਹੈ, ਜਿਸ ਵਿਚ ਵਿਧਾਨ ਸਭਾ ਚੋਣਾਂ ਦੇ ਰਿਪੋਰਟ ਕਾਰਡ ਨੂੰ ਆਧਾਰ ਬਣਾਉਣ ਦਾ ਪਹਿਲੂ ਮੁੱਖ ਰੂਪ ਤੋਂ ਸਾਹਮਣੇ ਆ ਰਿਹਾ ਹੈ। ਕਾਂਗਰਸ ਵਿਚ ਵੈਸੇ ਤਾਂ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਵੱਲੋਂ ਜ਼ਿਆਦਾਤਰ ਵਾਰਡਾਂ ਵਿਚ ਆਪਣੇ ਚਹੇਤਿਆਂ ਨੂੰ ਕਾਫੀ ਪਹਿਲਾਂ ਚੋਣ ਲੜਨ ਦੀ ਹਰੀ ਝੰਡੀ ਦੇ ਦਿੱਤੀ ਗਈ ਸੀ, ਜਿਨ੍ਹਾਂ ਲੋਕਾਂ ਵੱਲੋਂ ਆਪਣੇ ਆਪ ਨੂੰ ਉਮੀਦਵਾਰ ਐਲਾਨਣ ਵਜੋਂ ਦਫਤਰ ਖੋਲ੍ਹਣ ਤੋਂ ਇਲਾਵਾ ਮੀਟਿੰਗਾਂ ਅਤੇ ਡੋਰ-ਟੂ-ਡੋਰ ਪ੍ਰਚਾਰ ਹੀ ਸ਼ੁਰੂ ਕਰ ਦਿੱਤਾ ਗਿਆ ਪਰ ਜਦੋਂ ਤੋਂ ਪੰਜਾਬ ਦੀਆਂ ਬਾਕੀ ਨਿਗਮਾਂ 'ਚ ਕਾਂਗਰਸ ਪਾਰਟੀ ਨੂੰ ਭਾਰੀ ਜਿੱਤ ਮਿਲੀ ਹੈ ਅਤੇ ਲੁਧਿਆਣਾ ਨੂੰ ਲੈ ਕੇ ਵੀ ਇਹੀ ਅੰਦਾਜ਼ਾ ਲਾਇਆ ਜਾ ਰਿਹਾ ਹੈ। ਉਸ ਦੇ ਮੱਦੇਨਜ਼ਰ ਕਾਂਗਰਸ ਦੀ ਟਿਕਟ 'ਤੇ ਚੋਣ ਲੜਨ ਵਾਲੇ ਦਾਅਵੇਦਾਰਾਂ ਦਾ ਹੜ੍ਹ ਆ ਗਿਆ ਹੈ। ਇਹ ਦਾਅਵੇਦਾਰ ਟਿਕਟਾਂ ਲਈ ਵਿਧਾਇਕਾਂ ਅਤੇ ਹਲਕਾ ਇੰਚਾਰਜ ਜਾਂ ਐੱਮ. ਪੀ. ਬਿੱਟੂ ਦੇ ਕੋਲ ਹਾਜ਼ਰੀ ਲਵਾਉਣ ਤੋਂ ਇਲਾਵਾ ਚੰਡੀਗੜ੍ਹ ਤੋਂ ਲੈ ਕੇ ਦਿੱਲੀ ਤੱਕ ਬੈਠੇ ਵੱਡੇ ਆਗੂਆਂ ਦੀ ਪਨਾਹ ਵਿਚ ਵੀ ਜਾ ਰਹੇ ਹਨ, ਜਿਸ ਕਾਰਨ ਪੈਦਾ ਹੋਏ ਹਾਲਾਤ ਦੌਰਾਨ ਕਾਂਗਰਸ ਨੇ ਪਹਿਲਾਂ ਟਿਕਟਾਂ ਲਈ ਅਰਜ਼ੀਆਂ ਲੈਣ ਦਾ ਫੈਸਲਾ ਲਿਆ, ਜਿਸ ਦੇ ਤਹਿਤ ਪਹਿਲੇ ਤਿੰਨ ਦਿਨ ਵਿਚ ਹੀ ਫਾਰਮ ਲੈਣ ਵਾਲਿਆਂ ਦੇ ਅੰਕੜੇ ਨੂੰ ਪਾਰ ਕਰਨ 'ਤੇ ਕਾਂਗਰਸ ਹਾਈਕਮਾਨ ਦੀ ਚਿੰਤਾ ਵਧ ਗਈ ਹੈ ਕਿ ਦਾਅਵੇਦਾਰਾਂ ਦੀ ਫੌਜ ਵਿਚ ਉਮੀਦਵਾਰ ਚੁਣਨ ਦਾ ਫੈਸਲਾ ਕਿਸ ਆਧਾਰ 'ਤੇ ਲਿਆ ਜਾਵੇ। ਹਾਲਾਂਕਿ ਕਾਂਗਰਸ ਨੇ ਟਿਕਟਾਂ ਲਈ ਆਉਣ-ਵਾਲੀਆਂ ਅਰਜ਼ੀਆਂ 'ਤੇ ਫੈਸਲਾ ਲੈਣ ਲਈ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੀ ਅਗਵਾਈ 'ਚ ਸਕ੍ਰੀਨਿੰਗ ਕਮੇਟੀ ਬਣਾ ਦਿੱਤੀ ਗਈ ਹੈ, ਜੋ ਦਾਅਵੇਦਾਰਾਂ ਦੀ ਇੰਟਰਵਿਊ ਲੈਣ ਤੋਂ ਬਾਅਦ ਪ੍ਰਦੇਸ਼ ਹਾਈਕਮਾਨ ਨੂੰ ਆਪਣੀ ਸਿਫਾਰਸ਼ ਕਰੇਗੀ। ਇਸ ਤੋਂ ਪਹਿਲਾਂ ਹੀ ਦਾਅਵੇਦਾਰਾਂ ਦੀ ਵਧਦੀ ਫੌਜ ਨੂੰ ਦੇਖ ਕੇ ਵਿਧਾਇਕ ਅਤੇ ਹਲਕਾ ਇੰਚਾਰਜ ਆਪਣੇ ਚਹੇਤਿਆਂ ਨੂੰ ਟਿਕਟ ਦੁਆਉਣ ਲਈ ਸਰਗਰਮ ਹੋ ਗਏ ਹਨ, ਜਿਨ੍ਹਾਂ ਵੱਲੋਂ ਵਿਧਾਨ ਸਭਾ ਚੋਣਾਂ 'ਚ ਕੰਮ ਕਰਨ ਵਾਲਿਆਂ ਨੂੰ ਪਹਿਲ ਦੇਣ ਦੀ ਸਿਫਾਰਸ਼ ਕੀਤੀ ਜਾ ਰਹੀ ਹੈ।
ਜਾਤੀ ਸਮੀਕਰਨ ਦਾ ਰੱਖਿਆ ਜਾ ਰਿਹਾ ਧਿਆਨ
ਨਗਰ ਨਿਗਮ ਚੋਣਾਂ ਕਾਰਨ ਚਾਹੇ ਸਿਆਸੀ ਪਾਰਟੀਆਂ ਜਿੱਤਣ ਦੀ ਸਮਰੱਥਾ ਰੱਖਣ ਵਾਲੇ ਮਜ਼ਬੂਤ ਉਮੀਦਵਾਰਾਂ ਨੂੰ ਟਿਕਟ ਦੇਣ ਦਾ ਦਾਅਵਾ ਕਰ ਰਹੀ ਹੈ ਪਰ ਅੰਦਰਖਾਤੇ ਜੋ ਸਭ ਚੱਲ ਰਿਹਾ ਹੈ, ਉਸ ਨਾਲ ਇਨ੍ਹਾਂ ਪਾਰਟੀਆਂ ਦੇ ਧਰਮ ਨਿਰਪੱਖ ਏਜੰਡੇ ਦੀ ਪੋਲ ਖੁੱਲ੍ਹ ਗਈ ਹੈ, ਕਿਉਂਕਿ ਟਿਕਟਾਂ ਵੰਡਣ ਦੀ ਪ੍ਰਕਿਰਿਆ 'ਚ ਜਾਤੀ ਸਮੀਕਰਨ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ। ਇਸ ਤਹਿਤ ਹਿੰਦੂ ਇਲਾਕੇ ਵਿਚ ਹਿੰਦੂ ਸਿੱਖਾਂ ਤੋਂ ਇਲਾਵਾ ਹੋਰਨਾਂ ਭਾਈਚਾਰਿਆਂ ਦੇ ਵੋਟਰਾਂ ਦਾ ਡਾਟਾ ਜੁਟਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਇਹ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਕਿਹੜੀ ਪਾਰਟੀ ਕਿਸ ਭਾਈਚਾਰੇ ਦੇ ਉਮੀਦਵਾਰ ਨੂੰ ਉਤਾਰਨ ਜਾ ਰਹੀ ਹੈ। ਉਸੇ ਦੇ ਹਿਸਾਬ ਨਾਲ ਦੂਜੀ ਪਾਰਟੀ ਵੱਲੋਂ ਵੋਟ ਮੰਗਣ ਲਈ ਹੋਰਨਾਂ ਭਾਈਚਾਰਿਆਂ ਦੇ ਉਮੀਦਵਾਰ ਨੂੰ ਉਤਾਰਨ ਦਾ ਫੈਸਲਾ ਕੀਤਾ ਜਾਵੇਗਾ।
ਟਰੱਕ ਹੇਠਾਂ ਆਉਣ ਕਾਰਨ ਔਰਤ ਹਲਾਕ
NEXT STORY