ਬਠਿੰਡਾ(ਪਰਮਿੰਦਰ)-ਨਗਰ ਨਿਗਮ ਦੇ ਹਾਊਸ ਦੀ ਮੀਟਿੰਗ ਅਕਾਲੀਆਂ ਤੇ ਕਾਂਗਰਸੀਆਂ ਦੀ ਆਪਸੀ ਖਿੱਚੋਤਾਣ ਦੀ ਭੇਟ ਚੜ੍ਹ ਗਈ। ਫੰਡ ਨਾ ਹੋਣ ਦੀ ਗੱਲ ਕਹਿ ਕੇ ਨਗਰ ਨਿਗਮ ਨੇ ਜ਼ਿਆਦਾਤਰ ਕੰਮ ਕਰਵਾਉਣ ਤੋਂ ਹੱਥ ਖੜ੍ਹੇ ਕਰ ਦਿੱਤੇ ਜਿਸ ਨੂੰ ਲੈ ਕੇ ਕੌਂਸਲਰਾਂ 'ਚ ਰੋਸ ਫੈਲ ਗਿਆ। ਮੀਟਿੰਗ ਦੌਰਾਨ ਅਕਾਲੀ ਤੇ ਕਾਂਗਰਸੀ ਆਪਸ 'ਚ ਉਲਝਦੇ ਰਹੇ। ਇਕ-ਦੂਜੇ 'ਤੇ ਦੋਸ਼ ਲਾਉਂਦੇ ਰਹੇ। ਹੰਗਾਮੇ ਦੌਰਾਨ ਨਗਰ ਨਿਗਮ ਵੱਲੋਂ ਲਿਆਂਦਾ ਗਿਆ ਕੋਈ ਵੀ ਮਤਾ ਪਾਸ ਨਹੀਂਂ ਹੋ ਸਕਿਆ ਜਿਸ ਕਾਰਨ ਮੀਟਿੰਗ 14 ਮਾਰਚ ਨੂੰ ਫਿਰ ਤੋਂ ਬੁਲਾਈ ਗਈ ਹੈ। ਮੀਟਿੰਗ ਦੀ ਪ੍ਰਧਾਨਗੀ ਨਗਰ ਨਿਗਮ ਦੇ ਮੇਅਰ ਬਲਵੰਤ ਰਾਏ ਨਾਥ ਨੇ ਕੀਤੀ। ਮੀਟਿੰਗ 'ਚ ਸੀਨੀਅਰ ਡਿਪਟੀ ਮੇਅਰ ਤਰਸੇਮ ਗੋਇਲ, ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ, ਨਗਰ ਨਿਗਮ ਕਮਿਸ਼ਨਰ ਸੰਜਮ ਅਗਰਵਾਲ ਅਤੇ ਹੋਰ ਅਧਿਕਾਰੀ ਤੇ ਕੌਂਸਲਰ ਮੌਜੂਦ ਸਨ।
ਫੰਡ ਨਾ ਹੋਣ ਕਾਰਨ ਨਿਗਮ ਹੋਇਆ ਲਾਚਾਰ
ਮੀਟਿੰਗ ਸ਼ੁਰੂ ਹੁੰਦਿਆਂ ਹੀ ਡਿਪਟੀ ਮੇਅਰ ਗੁਰਿੰਦਰਪਾਲ ਕੌਰ ਮਾਂਗਟ ਨੇ ਜ਼ਿਆਦਾਤਰ ਏਜੰਡੇ ਕੱਟ ਦੇਣ ਦਾ ਦੋਸ਼ ਲਾਇਆ। ਪਤਾ ਲੱਗਾ ਕਿ ਫੰਡਾਂ ਦੀ ਕਮੀ ਕਾਰਨ ਕਰੀਬ 9 ਕਰੋੜ ਰੁਪਏ ਦੇ ਕੰਮ ਦੇ ਏਜੰਡੇ ਹਟਾ ਦਿੱਤੇ ਗਏ। ਬੇਸ਼ੱਕ ਮੀਟਿੰਗ ਦੌਰਾਨ ਕਿਸੇ ਏਜੰਡੇ 'ਤੇ ਕੋਈ ਚਰਚਾ ਨਹੀਂ ਹੋਈ ਪਰੰਤੂ ਵੱਖ-ਵੱਖ ਕੌਸਲਰਾਂ ਨੇ ਕਰੋੜਾਂ ਰੁਪਇਆਂ ਦੇ ਲਾਏ ਗਏ ਏਜੰਡਿਆਂ 'ਤੇ ਇਤਰਾਜ਼ ਜਤਾਇਆ। ਕੌਂਸਲਰਾਂ ਨੇ ਇਹ ਵੀ ਕਹਿ ਦਿੱਤਾ ਕਿ ਜੇਕਰ ਨਿਗਮ ਕੋਲ ਫੰਡ ਹੀ ਨਹੀਂ ਹੈ ਤਾਂ ਉਹ ਕਰੋੜਾਂ ਰੁਪਏ ਦੇ ਏਜੰਡੇ ਪਾਸ ਕਰਨ ਲਈ ਮੀਟਿੰਗ ਕਿਵੇਂ ਕਰ ਸਕਦਾ ਹੈ? ਨਗਰ ਨਿਗਮ ਕਮਿਸ਼ਨਰ ਨੇ ਵੀ ਮੰਨਿਆ ਕਿ ਨਗਰ ਨਿਗਮ ਕੋਲ ਇੰਨੇ ਫੰਡ ਨਹੀਂ ਕਿ ਉਹ ਹਰ ਕੰਮ ਨੂੰ ਜਾਰੀ ਰੱਖ ਸਕੇ। ਇਸ ਲਈ ਬੇਹੱਦ ਜ਼ਰੂਰੀ ਕੰਮ ਹੀ ਕਰਵਾਏ ਜਾ ਰਹੇ ਹਨ। ਮੇਅਰ ਬਲਵੰਤ ਰਾਏ ਨਾਥ ਨੇ ਵੀ ਕਿਹਾ ਕਿ ਨਿਗਮ ਤਨਖਾਹਾਂ ਵੀ ਮੁਸ਼ਕਲ ਨਾਲ ਦੇ ਰਿਹਾ ਹੈ। ਇਹ ਵੀਂ ਜ਼ਿਕਰਯੋਗ ਹੈ ਕਿ ਨਿਗਮ ਦੁਆਰਾ ਸੀਵਰੇਜ ਪ੍ਰਾਜੈਕਟ 'ਤੇ ਕੰਮ ਕਰ ਰਹੀ ਤ੍ਰਿਵੇਣੀ ਕੰਪਨੀ ਨੂੰ 10 ਕਰੋੜ ਰੁਪਏ ਮੁੱਖ ਕੰਮ ਲਈ ਅਤੇ ਕਰੀਬ 7 ਕਰੋੜ ਮੇਨਟੀਨੈਂਸ ਦੇ ਅਜੇ ਤੱਕ ਨਹੀਂ ਦਿੱਤੇ ਗਏ, ਜਿਸ ਕਾਰਨ ਕੰਪਨੀ ਸੀਵਰੇਜ ਅਤੇ ਹੋਰ ਕੰਮ ਕਰਨ ਤੋਂ ਹੱਥ ਪਿੱਛੇ ਖਿੱਚ ਰਹੀਂ ਹੈ।
ਮੁਢਲੀਆਂ ਸਹੂਲਤਾਂ ਦੀ ਪੂਰਤੀ ਨਾ ਹੋਣ 'ਤੇ ਹੰਗਾਮਾ
ਮੀਟਿੰਗ ਸ਼ੁਰੂ ਹੁੰਦਿਆਂ ਹੀ ਕਾਂਗਰਸੀ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਵੱਖ-ਵੱਖ ਇਤਰਾਜ਼ ਜਤਾਏ, ਜਿਸ ਵਿਚ ਸੀਵਰੇਜ ਸਫਾਈ ਦਾ ਮੁੱਦਾ ਅਹਿਮ ਰਿਹਾ। ਗਿੱਲ ਨੇ ਕਿਹਾ ਕਿ ਸੀਵਰੇਜ ਸਿਸਟਮ ਦੀ ਸਫਾਈ ਨਾ ਹੋਣ ਕਰ ਕੇ ਆਉਣ ਵਾਲੇ ਦਿਨਾਂ ਵਿਚ ਸਥਿਤੀ ਗੰਭੀਰ ਬਣ ਸਕਦੀ ਹੈ ਪਰੰਤੂ ਨਿਗਮ ਇਸ ਨੂੰ ਲੈ ਕੇ ਗੰਭੀਰ ਨਹੀਂ ਹੈ। ਇਸ ਦੌਰਾਨ ਕੁਝ ਹੋਰ ਕਾਂਗਰਸੀ ਕੌਂਸਲਰਾਂ ਨੇ ਵੀ ਸੀਵਰੇਜ ਦਾ ਮੁੱਦਾ ਉਠਾਇਆ ਅਤੇ ਦੇਖਦਿਆਂ ਹੀ ਦੇਖਦਿਆਂ ਅਕਾਲੀ-ਭਾਜਪਾ ਤੇ ਕਾਂਗਰਸੀ ਕੌਂਸਲਰਾਂ ਨੇ ਇਸ ਮੁੱਦੇ 'ਤੇ ਅਧਿਕਾਰੀਆਂ ਨੂੰ ਘੇਰ ਲਿਆ। ਸਾਰੇ ਕੌਂਸਲਰਾਂ ਨੇ ਸੀਵਰੇਜ ਸਿਸਟਮ ਦੀ ਖਸਤਾ ਹਾਲਤ ਨੂੰ ਲੈ ਕੇ ਸੀਵਰੇਜ ਬੋਰਡ ਤੇ ਤ੍ਰਿਵੇਣੀ ਨੂੰ ਲੰਮੇ ਹੱਥੀਂ ਲੈਂਦਿਆਂ ਜੰਮ ਕੇ ਭੜਾਸ ਕੱਢੀ। ਕੌਂਸਲਰਾਂ ਨੇ ਇਸ ਮਾਮਲੇ ਵਿਚ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਕਰਨ ਦੀ ਮੰਗ ਕੀਤੀ। ਇਸ ਦੌਰਾਨ ਕੁਝ ਕੌਂਸਲਰਾਂ ਨੇ ਸੜਕਾਂ, ਪਾਣੀ ਤੇ ਹੋਰ ਕੰਮ ਨਾ ਹੋਣ ਦੇ ਵੀਂ ਮੁੱਦੇ ਉਠਾਏੇ। ਪਾਰਕਿੰਗ ਵਿਚ ਹੋ ਰਹੀ ਲੋਕਾਂ ਦੀ ਲੁੱਟ, 'ਸਵੱਛ ਭਾਰਤ ਮੁਹਿੰਮ' ਦੌਰਾਨ ਬਣਾਏ ਗਏ ਪਖਾਨਿਆਂ ਵਿਚ ਗੜਬੜੀ ਅਤੇ ਟ੍ਰੀ-ਗਾਰਡਜ਼ ਖਰੀਦ ਵਿਚ ਗੜਬੜੀ ਜਿਹੇ ਮੁੱਦੇ ਵੀ ਛਾਏ ਰਹੇ।
ਅਕਾਲੀਆਂ-ਕਾਂਗਰਸੀਆਂ ਨੇ ਇਕ-ਦੂਜੇ 'ਤੇ ਲਾਏ ਦੋਸ਼
ਕਾਂਗਰਸੀ ਕੌਂਸਲਰਾਂ ਨੇ ਨਗਰ ਨਿਗਮ ਤੋਂ ਲੋਕਲ ਲੈਵਲ ਦੇ ਕੰਮ ਨਾ ਹੋਣ ਸਬੰਧੀ ਜਵਾਬ ਮੰਗੇ ਤਾਂ ਇਸ ਦੇ ਜਵਾਬ 'ਚ ਅਕਾਲੀ ਦਲ ਦੇ ਕੌਂਸਲਰਾਂ ਨੇ ਸੁਬੇ ਦੀ ਸੱਤਾ 'ਤੇ ਬਿਰਾਜਮਾਨ ਕਾਂਗਰਸ 'ਤੇ ਫੰਡ ਨਾ ਦੇਣ ਦੇ ਦੋਸ਼ ਲਾਏ। ਇਸ ਗੱਲ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਦਲ ਦੇ ਕੌਂਸਲਰ ਆਪਸ 'ਚ ਉਲਝਦੇ ਰਹੇ। ਅਕਾਲੀਆਂ ਨੇ ਫੰਡਾਂ ਦੀ ਕਮੀ ਲਈ ਕਾਂਗਰਸ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਦੋਵੇਂ ਧਿਰਾਂ ਵਿਚ ਜੰਮ ਕੇ ਬਹਿਸਬਾਜ਼ੀ ਹੁੰਦੀ ਰਹੀ, ਜਿਸ ਨੂੰ ਮੇਅਰ ਨੇ ਸ਼ਾਂਤ ਕਰਵਾਇਆ। ਬਾਅਦ ਵਿਚ ਕਾਂਗਰਸ ਨੇ ਹਾਊਸ ਵਿਚ ਪੁੱਛੇ ਗਏ ਸਵਾਲਾਂ ਦੇ ਜਵਾਬ ਨਾ ਮਿਲਣ ਤੋਂ ਨਾਰਾਜ਼ ਹੋ ਕੇ ਮੀਟਿੰਗ ਦਾ ਬਾਈਕਾਟ ਕਰ ਦਿੱਤਾ। ਕਾਂਗਰਸੀ ਕੌਂਸਲਰ ਗੁੱਟ ਦੇ ਆਗੂ ਜਗਰੂਪ ਗਿੱਲ ਨੇ ਕਿਹਾ ਕਿ ਨਿਗਮ ਉਨ੍ਹਾਂ ਦੇ ਕਿਸੇ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ ਹੈ, ਜਿਸ ਕਾਰਨ ਉਹ ਮੀਟਿੰਗ ਵਿਚ ਨਹੀਂ ਰਹਿ ਸਕਦੇ।
ਸਫਾਈ ਮੁਲਾਜ਼ਮਾਂ ਨੇ ਕੀਤੀ ਨਾਅਰੇਬਾਜ਼ੀ
ਨਗਰ ਨਿਗਮ ਦੇ ਹਾਲ ਵਿਚ ਚੱਲ ਰਹੀ ਮੀਟਿੰਗ ਦੌਰਾਨ ਹਾਲ ਦੇ ਬਾਹਰ ਘਰਾਂ ਤੋਂ ਕੂੜਾ ਚੁੱਕਣ ਵਾਲੀ ਕੰਪਨੀ ਜੇ. ਆਈ. ਟੀ. ਐੱਫ. ਦੇ ਮੁਲਾਜ਼ਮਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਮੁਲਾਜ਼ਮਾਂ ਨੇ ਦੱਸਿਆ ਕਿ ਕੰਪਨੀ ਮਈ ਤੋਂ ਕੰਮ ਬੰਦ ਕਰ ਰਹੀ ਹੈ, ਜਿਸ ਕਾਰਨ ਉਨ੍ਹਾਂ ਦਾ ਰੋਜ਼ਗਾਰ ਖੁੱਸਣ ਦਾ ਡਰ ਬਣਿਆ ਹੋਇਆ ਹੈ। ਮੇਅਰ ਨੇ ਉਕਤ ਮੁਲਾਜ਼ਮਾਂ ਨੂੰ ਅੰਦਰ ਬੁਲਾ ਕੇ ਉਨ੍ਹਾਂ ਦੀ ਨੌਕਰੀ ਸੁਰੱਖਿਅਤ ਰੱਖਣ ਸਬੰਧੀ ਭਰੋਸਾ ਦਿੱਤਾ। ਇਸ ਤੋਂ ਬਾਅਦ ਉਹ ਸ਼ਾਂਤ ਹੋਏ। ਪੂਰੇ ਹਾਊਸ ਨੇ ਉਕਤ ਮੁਲਾਜ਼ਮਾਂ ਨੂੰ ਆਪਣੇ ਪੱਧਰ 'ਤੇ ਰੋਜ਼ਗਾਰ ਦੇਣ ਉੱਤੇ ਸਹਿਮਤੀ ਜਤਾਈ। ਬਾਅਦ ਵਿਚ ਮੇਅਰ ਬਲਵੰਤ ਰਾਏ ਨਾਥ ਨੇ ਉਨ੍ਹਾਂ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਰੋਜ਼ਗਾਰ ਨੂੰ ਧਿਆਨ ਵਿਚ ਰੱਖਿਆ ਜਾਵੇਗਾ।
ਇਸ ਮੁੱਦੇ 'ਤੇ ਕਾਂਗਰਸ ਕੌਂਸਲਰ ਗੁੱਟ ਦੇ ਆਗੂ ਜਗਰੂਪ ਗਿੱਲ ਨੇ ਕਿਹਾ ਕਿ ਜੇਕਰ ਨਗਰ ਨਿਗਮ ਕੰਪਨੀ ਦੇ ਜਾਣ ਤੋਂ ਬਾਅਦ ਆਪਣੇ ਪੱਧਰ ਤੇ ਕੂੜਾ ਚੁੱਕਣ ਦਾ ਪ੍ਰਬੰਧ ਕਰਦਾ ਹੈ ਤਾਂ ਮੁਲਾਜ਼ਮਾਂ ਨੂੰ ਰੋਜ਼ਗਾਰ ਦੇਣ ਲਈ ਹਾਊਸ ਮਤਾ ਪਾਸ ਕਰ ਸਕਦਾ ਹੈ ਪਰੰਤੂ ਜੇਕਰ ਕਿਸੇ ਠੇਕੇਦਾਰ ਤੋਂ ਇਹ ਕੰਮ ਕਰਵਾਇਆ ਗਿਆ ਤਾਂ ਉਕਤ ਮੁਲਾਜ਼ਮਾਂ ਨੂੰ ਰੋਜ਼ਗਾਰ ਦੇਣ ਦੀ ਗਾਰੰਟੀ ਨਹੀਂ ਦੇ ਸਕਦਾ।
ਕਿਸੇ ਹੋਰ ਦੀ 12ਵੀਂ ਦਾ ਪੇਪਰ ਦਿੰਦੇ 3 ਕਾਬੂ, 1 ਫਰਾਰ
NEXT STORY