ਜਲੰਧਰ (ਖੁਰਾਣਾ) : ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਜਲੰਧਰ ਨਿਗਮ ਵਰਗੇ ਸਰਕਾਰੀ ਵਿਭਾਗਾਂ ਨੂੰ ਲੋਕ ਕਈ ਤਰ੍ਹਾਂ ਦੇ ਟੈਕਸ ਦਿੰਦੇ ਹਨ ਪਰ ਫਿਰ ਵੀ ਜੇਕਰ ਉਨ੍ਹਾਂ ਨੂੰ ਮੁੱਢਲੀਆਂ ਸਹੂਲਤਾਂ ਹੀ ਨਾ ਮਿਲਣ ਤਾਂ ਲੋਕਾਂ ਵਿਚ ਨਾਰਾਜ਼ਗੀ ਪੈਦਾ ਹੋਣੀ ਸੁਭਾਵਿਕ ਹੀ ਹੈ। ਸੜਕ, ਪਾਣੀ ਅਤੇ ਸਾਫ ਵਾਤਾਵਰਣ ਦੇ ਨਾਲ-ਨਾਲ ਸੀਵਰੇਜ ਸਿਸਟਮ ਸਭ ਤੋਂ ਮੁੱਖ ਲੋੜ ਹੈ, ਜੋ ਹਰ ਪਰਿਵਾਰ ਨੂੰ ਚਾਹੀਦਾ ਹੈ ਪਰ ਜੇਕਰ ਸਰਕਾਰਾਂ ਲੋਕਾਂ ਨੂੰ ਸਹੀ ਸੀਵਰੇਜ ਸਿਸਟਮ ਹੀ ਮੁਹੱਈਆ ਨਾ ਕਰਵਾ ਸਕਣ ਤਾਂ ਅਜਿਹੇ ਸਿਸਟਮ ਨੂੰ ਫਲਾਪ ਹੀ ਕਿਹਾ ਜਾ ਸਕਦਾ ਹੈ। ਜਲੰਧਰ ’ਚ ਵੀ ਕੁਝ ਅਜਿਹਾ ਹੀ ਹੋ ਰਿਹਾ ਹੈ, ਜਿੱਥੇ ਨਗਰ ਨਿਗਮ ਦੇ ਕੁਝ ਅਧਿਕਾਰੀ ਜਾਣਬੁੱਝ ਕੇ ਆਮ ਆਦਮੀ ਪਾਰਟੀ ਦੇ ਅਕਸ ਨੂੰ ਖਰਾਬ ਕਰ ਰਹੇ ਹਨ। ਅਜਿਹੇ ਅਧਿਕਾਰੀ ਇਸ ਸਮੇਂ ਜਨਤਕ ਸਮੱਸਿਆਵਾਂ ਪ੍ਰਤੀ ਲਾਪ੍ਰਵਾਹ ਬਣੇ ਹੋਏ ਹਨ। ਪਿਛਲੇ ਲੰਮੇ ਸਮੇਂ ਤੋਂ ਇਹ ਸ਼ਹਿਰ ਟੁੱਟੀਆਂ ਸੜਕਾਂ ਅਤੇ ਕੂੜੇ ਦੀ ਗੰਭੀਰ ਸਮੱਸਿਆ ਦੇ ਨਾਲ-ਨਾਲ ਬੰਦ ਸੀਵਰੇਜ ਦੇ ਦ੍ਰਿਸ਼ਾਂ ਨੂੰ ਵੀ ਝੱਲ ਰਿਹਾ ਹੈ। ਹੁਣ ਤਾਂ ਜਲੰਧਰ ਸ਼ਹਿਰ ਦਾ ਸੀਵਰੇਜ ਸਿਸਟਮ ਲਗਾਤਾਰ ਵਿਗੜਦਾ ਚਲਿਆ ਜਾ ਰਿਹਾ ਹੈ ਅਤੇ ਇਸ ਸਮੇਂ ਸਰਕਾਰੀ ਅਫਸਰਾਂ ਦੇ ਹੱਥਾਂ ਵਿਚੋਂ ਆਊਟ ਆਫ ਕੰਟਰੋਲ ਹੋ ਚੁੱਕਾ ਹੈ। ਇਸ ਸਮੇਂ ਸ਼ਹਿਰ ਦੀਆਂ ਦਰਜਨਾਂ ਪਾਸ਼ ਕਾਲੋਨੀਆਂ ਵਿਚ ਜਿਸ ਤਰ੍ਹਾਂ ਸੀਵਰੇਜ ਦੀ ਸਮੱਸਿਆ ਆ ਰਹੀ ਹੈ, ਉਸ ਤੋਂ ‘ਆਪ’ ਆਗੂ ਬਹੁਤ ਪ੍ਰੇਸ਼ਾਨ ਹਨ। ਨਿਗਮ ਵਿਚ ਸ਼ਿਕਾਇਤਾਂ ਦੇ ਜਿਹੜੇ ਢੇਰ ਲੱਗੇ ਹੋਏ ਹਨ, ਉਨ੍ਹਾਂ ਵਿਚ ਸੀਵਰੇਜ ਨਾਲ ਸਬੰਧਤ ਸ਼ਿਕਾਇਤਾਂ ਸਭ ਤੋਂ ਜ਼ਿਆਦਾ ਹਨ। ਨਿਗਮ ਦੇ ਨਵੇਂ ਕਮਿਸ਼ਨਰ ਡਾ. ਰਿਸ਼ੀਪਾਲ ਸਿੰਘ ਨੇ ਨਿਗਮ ਦੇ ਸਿਸਟਮ ਨੂੰ ਸੁਧਾਰਨ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ ਪਰ ਲੱਗਦਾ ਹੈ ਕਿ ਉਨ੍ਹਾਂ ਨੂੰ ਨਿਗਮ ਦੇ ਬਾਕੀ ਅਫਸਰਾਂ ਦਾ ਥੋੜ੍ਹਾ ਜਿਹਾ ਵੀ ਸਹਿਯੋਗ ਨਹੀਂ ਮਿਲ ਰਿਹਾ। ਇਹ ਅਧਿਕਾਰੀ ਫਾਈਲਾਂ ਨੂੰ ਜਿਸ ਤਰ੍ਹਾਂ ਲਟਕਾ ਰਹੇ ਹਨ, ਉਸ ਤੋਂ ਸਾਫ ਲੱਗਦਾ ਹੈ ਕਿ ਕਈ ਅਧਿਕਾਰੀ ਤਾਂ ‘ਆਪ’ ਸਰਕਾਰ ਦੇ ਨਾਲ-ਨਾਲ ਕਮਿਸ਼ਨਰ ਨੂੰ ਵੀ ਫੇਲ ਸਾਬਿਤ ਕਰਨਾ ਚਾਹ ਰਹੇ ਹਨ।
ਇਹ ਵੀ ਪੜ੍ਹੋ : ਪਿਮਸ ’ਤੇ ਇਕ ਵਾਰ ਫਿਰ ਖ਼ਤਰੇ ਦੇ ਬੱਦਲ ਮੰਡਰਾਏ, ਨਹੀਂ ਕੀਤਾ 63 ਕਰੋੜ ਦਾ ਭੁਗਤਾਨ
ਸ਼ਹਿਰ ਦੇ ਸੀਵਰੇਜ ਸਿਸਟਮ ਦੇ ਜਾਣਕਾਰ ਨਹੀਂ ਹਨ ਵਧੇਰੇ ਅਫਸਰ
ਸ਼ਹਿਰ ਦੇ ਸੀਵਰੇਜ ਸਿਸਟਮ ਅਤੇ ਵਾਟਰ ਸਪਲਾਈ ਵਿਵਸਥਾ ਨੂੰ ਕੰਟਰੋਲ ਕਰਨ ਦੀ ਜ਼ਿੰਮੇਵਾਰੀ ਨਗਰ ਨਿਗਮ ਦੇ ਓ. ਐਂਡ ਐੱਮ. ਸੈੱਲ ਦੀ ਹੈ ਪਰ ਇਸ ਵਿਭਾਗ ਦੇ ਵਧੇਰੇ ਅਫਸਰ ਦੂਜੇ ਸ਼ਹਿਰਾਂ ਤੋਂ ਆਉਂਦੇ ਹਨ, ਜਿਨ੍ਹਾਂ ਨੂੰ ਜਲੰਧਰ ਦੇ ਸੀਵਰ ਸਿਸਟਮ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ। ਪੰਜਾਬ ਸਰਕਾਰ ਨੇ ਐੱਸ. ਈ. ਵਜੋਂ ਇਥੇ ਅਨੁਰਾਗ ਮਹਾਜਨ ਨੂੰ ਤਾਇਨਾਤ ਕੀਤਾ ਹੈ ਪਰ ਜਲੰਧਰ ਉਨ੍ਹਾਂ ਦਾ ਮੂਲ ਸ਼ਹਿਰ ਨਹੀਂ ਹੈ, ਜਿਸ ਕਾਰਨ ਉਹ ਵੀ ਸਥਿਤੀ ਨੂੰ ਸੁਧਾਰਨ ਵਿਚ ਨਾਕਾਮਯਾਬ ਸਿੱਧ ਹੋ ਰਹੇ ਹਨ। ਬਾਕੀ ਐਕਸੀਅਨ ਅਤੇ ਐੱਸ. ਡੀ. ਓ. ਪੱਧਰ ਦੇ ਅਧਿਕਾਰੀ ਵੀ ਦੂਜੇ ਸ਼ਹਿਰਾਂ ਤੋਂ ਆਉਂਦੇ ਹਨ, ਜਿਸ ਕਾਰਨ ਉਨ੍ਹਾਂ ਨੂੰ ਕੰਮ ਕਰਨ ਵਿਚ ਪ੍ਰੇਸ਼ਾਨੀ ਆ ਰਹੀ ਹੈ। ਓ. ਐਂਡ ਐੱਮ. ਸੈੱਲ ਦੇ ਕਈ ਜੇ. ਈ. ਸਮੱਸਿਆ ਵੱਲ ਧਿਆਨ ਹੀ ਨਹੀਂ ਦੇ ਰਹੇ ਅਤੇ ਉਸ ਤੋਂ ਹੇਠਲਾ ਸਟਾਫ ਵੀ ਲਾਪ੍ਰਵਾਹੀ ਅਤੇ ਨਾਲਾਇਕੀ ਵਰਤ ਰਿਹਾ ਹੈ, ਜਿਸ ਕਾਰਨ ਸੀਵਰੇਜ ਸਬੰਧੀ ਆਈਆਂ ਸ਼ਿਕਾਇਤਾਂ ’ਤੇ ਕਈ-ਕਈ ਦਿਨ ਕਾਰਵਾਈ ਹੀ ਨਹੀਂ ਹੁੰਦੀ।
ਇਹ ਵੀ ਪੜ੍ਹੋ : ਮੱਝਾਂ ਵੇਚ ਮਲੇਸ਼ੀਆ ਪਹੁੰਚਿਆ ਸੀ ਨੌਜਵਾਨ, ਵਾਪਸ ਅੰਮ੍ਰਿਤਸਰ ਪਹੁੰਚਦਿਆਂ ਚੁੱਕ ਲਿਆ ਖ਼ੌਫ਼ਨਾਕ ਕਦਮ
ਲੋਕਲ ਬਾਡੀਜ਼ ਮੰਤਰੀ ਦੇ ਆਪਣੇ ਸ਼ਹਿਰ ’ਚ ਵੀ ਹਾਲਾਤ ਖਰਾਬ
ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਡੇਢ ਸਾਲ ਹੋ ਚੁੱਕਾ ਹੈ ਪਰ ਅਜੇ ਤਕ ਜਲੰਧਰ ਨਗਰ ਨਿਗਮ ਦੇ ਸਿਸਟਮ ਵਿਚ ਕੋਈ ਖਾਸ ਸੁਧਾਰ ਨਹੀਂ ਦੇਖਿਆ ਗਿਆ। ਪੰਜਾਬ ਸਰਕਾਰ ਨੇ ਜ਼ਿਲਾ ਜਲੰਧਰ ਤੋਂ ਵਿਧਾਇਕ ਬਲਕਾਰ ਸਿੰਘ ਨੂੰ ਪੰਜਾਬ ਦਾ ਲੋਕਲ ਬਾਡੀਜ਼ ਮੰਤਰੀ ਬਣਾਇਆ ਹੈ ਪਰ ਇਸਦੇ ਬਾਵਜੂਦ ਜਲੰਧਰ ਨਿਗਮ ਦੇ ਕਈ ਅਧਿਕਾਰੀ ਬਿਲਕੁਲ ਲਾਪ੍ਰਵਾਹ ਅਤੇ ਢੀਠ ਬਣੇ ਹੋਏ ਹਨ ਅਤੇ ਮੰਤਰੀ ਦੇ ਆਪਣੇ ਸ਼ਹਿਰ ਦੇ ਹਾਲਾਤ ਤਸੱਲੀਬਖਸ਼ ਨਹੀਂ ਹਨ। ਅਜਿਹੇ ਵਿਚ ਹੁਣ ਆਮ ਆਦਮੀ ਪਾਰਟੀ ਦੇ ਕਈ ਆਗੂ ਅਤੇ ਵਰਕਰ ਨਗਰ ਨਿਗਮ ਦੇ ਲਾਪ੍ਰਵਾਹ ਅਧਿਕਾਰੀਆਂ ਤੋਂ ਬਹੁਤ ਨਾਰਾਜ਼ ਅਤੇ ਨਿਰਾਸ਼ ਹੁੰਦੇ ਜਾ ਰਹੇ ਹਨ। ਉਨ੍ਹਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਜੇਕਰ ਨਿਗਮ ਦੇ ਸਿਸਟਮ ਵਿਚ ਕੋਈ ਸੁਧਾਰ ਨਾ ਹੋਇਆ ਅਤੇ ਸ਼ਹਿਰ ਇਸੇ ਤਰ੍ਹਾਂ ਬਦਤਰ ਸਥਿਤੀ ਵਿਚ ਰਿਹਾ ਤਾਂ ਆਉਣ ਵਾਲੀਆਂ ਨਿਗਮ ਅਤੇ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੂੰ ਕਾਫੀ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਸਮਾਪਤ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਵਿਚ ਵੀ ਜਲੰਧਰ ਨਿਗਮ ਦੀ ਨਾਕਾਮੀ ਦਾ ਮੁੱਦਾ ਉੱਠਿਆ ਸੀ ਪਰ ਉਸ ਸਮੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹੋਰ ਲੀਡਰਸ਼ਿਪ ਨੇ ਪੂਰੀ ਮਿਹਨਤ ਕਰ ਕੇ ਆਮ ਆਮ ਆਦਮੀ ਪਾਰਟੀ ਦੀ ਸਾਖ ਬਚਾਅ ਲਈ ਸੀ।
ਸ਼ੇਖਾਂ ਬਾਜ਼ਾਰ ਦਾ ਸੀਵਰੇਜ ਸਿਸਟਮ ਠੱਪ, ਦੁਕਾਨਦਾਰੀ ’ਤੇ ਪੈਣ ਲੱਗਾ ਅਸਰ
ਸ਼ਹਿਰ ਦੇ ਸਭ ਤੋਂ ਵੱਡੇ ਕਮਰਸ਼ੀਅਲ ਇਲਾਕੇ ਸ਼ੇਖਾਂ ਬਾਜ਼ਾਰ ਦਾ ਸੀਵਰੇਜ ਸਿਸਟਮ ਵੀ ਪੂਰੀ ਤਰ੍ਹਾਂ ਲੜਖੜਾ ਗਿਆ ਹੈ ਅਤੇ ਪਿਛਲੇ ਕਈ ਮਹੀਨਿਆਂ ਤੋਂ ਠੱਪ ਪਿਆ ਹੈ, ਜਿਸ ਕਾਰਨ ਮੇਨ ਸੜਕਾਂ ’ਤੇ ਗੰਦਾ ਪਾਣੀ ਖੜ੍ਹਾ ਰਹਿੰਦਾ ਹੈ। ਪ੍ਰੇਸ਼ਾਨ ਦੁਕਾਨਦਾਰਾਂ ਨੇ ਅੱਜ ਨਿਗਮ ਅਧਿਕਾਰੀਆਂ ਨੂੰ ਆਪਣੀ ਸਮੱਸਿਆ ਦੱਸੀ ਅਤੇ ਕਿਹਾ ਕਿ ਗੰਦੇ ਪਾਣੀ ਕਾਰਨ ਉਨ੍ਹਾਂ ਦੇ ਕੰਮ-ਧੰਦੇ ਠੱਪ ਹੋ ਚੁੱਕੇ ਹਨ। ਨਿਗਮ ਕਰਮਚਾਰੀ ਫਾਲਟ ਦੂਰ ਕਰਨ ਆਉਂਦੇ ਹਨ ਪਰ ਅਗਲੇ ਹੀ ਦਿਨ ਫਿਰ ਨਰਕ ਵਰਗੀ ਹਾਲਤ ਹੋ ਜਾਂਦੀ ਹੈ। ਗੁਰਦੁਆਰੇ ਦੇ ਨੇੜੇ ਤਾਂ ਹਾਲਾਤ ਕਾਫੀ ਖਰਾਬ ਹਨ।
ਇਹ ਵੀ ਪੜ੍ਹੋ : ਚਿੱਤਰਕਾਰੀ ਦੇ ਖ਼ੇਤਰ ’ਚ ਨਵੀਂਆਂ ਪੈੜਾਂ ਸਿਰਜ ਰਿਹੈ ਰਾਜਨ ਮਲੂਜਾ, ਲੱਖਾਂ ਰੁਪਏ ਤੱਕ ਹੈ ਇਕ ਪੇਂਟਿੰਗ ਦੀ ਕੀਮਤ
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ, ਪੜ੍ਹੋ ਇਹ ਚਿਤਾਵਨੀ
NEXT STORY