ਜਲੰਧਰ (ਖੁਰਾਣਾ)–ਨਗਰ ਨਿਗਮ ਨੇ ਸਵੱਛ ਭਾਰਤ ਮਿਸ਼ਨ ਤਹਿਤ ਮਿਲੀ ਕਰੋੜਾਂ ਰੁਪਏ ਦੀ ਗ੍ਰਾਂਟ ਨੂੰ ਸਹੀ ਕੰਮਾਂ ਵਿਚ ਲਾਉਣ ਦੀ ਥਾਂ ਜਾਗਰੂਕਤਾ ਵਰਗੇ ਪ੍ਰੋਗਰਾਮਾਂ ’ਤੇ ਹੀ ਖਰਚ ਕਰ ਦਿੱਤਾ ਪਰ ਹੁਣ ਪਤਾ ਲੱਗਾ ਹੈ ਕਿ ਕੂੜੇ ਨੂੰ ਖਾਦ ਵਿਚ ਬਦਲਣ ਵਾਲੇ ਪਿਟ ਕੰਪੋਸਟਿੰਗ ਪ੍ਰਾਜੈਕਟ ਦੇ ਮਾਮਲੇ ਵਿਚ ਵੀ ਨਗਰ ਨਿਗਮ ਫੇਲ ਸਾਬਿਤ ਹੋਇਆ ਹੈ।
ਜ਼ਿਕਰਯੋਗ ਹੈ ਕਿ ਐੱਨ. ਜੀ. ਟੀ. ਨੇ ਨਿਗਮ ਨੂੰ ਇਸ ਮਾਮਲੇ ਵਿਚ ਡੈੱਡਲਾਈਨ ਦਿੱਤੀ ਹੋਈ ਹੈ ਪਰ ਸਮਾਂਹੱਦ ਲੰਘਣ ਤੋਂ ਬਾਅਦ ਵੀ ਨਿਗਮ ਇਸ ਪ੍ਰਾਜੈਕਟ ਨੂੰ ਪੂਰਾ ਨਹੀਂ ਕਰ ਸਕਿਆ। ਪਿਛਲੇ ਦਿਨੀਂ ਕੇਂਦਰ ਸਰਕਾਰ ਦੇ ਸਾਇੰਸ ਅਤੇ ਟੈਕਨਾਲੋਜੀ ਵਿਭਾਗ ਦੇ ਅਧਿਕਾਰੀਆਂ ਨੇ ਚੀਫ ਸੈਕਟਰੀ ਜ਼ਰੀਏ ਨਗਰ ਨਿਗਮ ਅਧਿਕਾਰੀਆਂ ਕੋਲੋਂ ਜਿਹੜੀ ਰਿਪੋਰਟ ਪ੍ਰਾਪਤ ਕੀਤੀ, ਉਸ ਵਿਚ ਸਾਹਮਣੇ ਆਇਆ ਕਿ ਨਿਗਮ ਨੇ ਕੁਲ 635 ਪਿਟਸ ਬਣਾਉਣੀਆਂ ਸਨ ਪਰ ਹੁਣ ਤੱਕ 200 ਦਾ ਹੀ ਨਿਰਮਾਣ ਪੂਰਾ ਹੋ ਸਕਿਆ ਹੈ। ਇਹ ਪਿਟਸ ਨਿਗਮ ਵੱਲੋਂ ਬੜਿੰਗ, ਦਕੋਹਾ, ਫੋਲੜੀਵਾਲ ਅਤੇ ਬਸਤੀ ਸ਼ੇਖ ਵਿਚ ਬਣਾਈਆਂ ਗਈਆਂ ਹਨ ਪਰ ਅਜੇ ਤੱਕ ਉਥੇ ਕੂੜੇ ਤੋਂ ਖਾਦ ਬਣਾਉਣ ਦਾ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ ਜਾ ਸਕਿਆ, ਜਿਸ ਕਾਰਨ ਇਹ ਪ੍ਰਾਜੈਕਟ ਵੀ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ।
ਕਿਹਾ ਜਾ ਰਿਹਾ ਹੈ ਕਿ ਨਿਗਮ ਜਿਸ ਤਰ੍ਹਾਂ ਕਰੋੜਾਂ ਰੁਪਏ ਦੀ ਗ੍ਰਾਂਟ ਫੇਲ ਹੋ ਚੁੱਕੇ ਪ੍ਰਾਜੈਕਟਾਂ ’ਤੇ ਖਰਚ ਕਰੀ ਜਾ ਰਿਹਾ ਹੈ, ਉਸ ਨਾਲ ਆਉਣ ਵਾਲੇ ਸਮੇਂ ਵਿਚ ਵੀ ਸ਼ਹਿਰ ਦੀ ਸਫਾਈ ਵਿਵਸਥਾ ਵਿਚ ਕੋਈ ਸੁਧਾਰ ਨਹੀਂ ਹੋਵੇਗਾ।
SIT ਦੀ ਰਿਪੋਰਟ ’ਤੇ ਹਸਤਾਖਰ ਨਾ ਕਰਨ ਵਾਲੇ ਪੁਲਸ ਅਧਿਕਾਰੀਆਂ ਦੀ ਜਵਾਬਦੇਹੀ ਤੈਅ ਹੋਵੇਗੀ : ਅਮਰਿੰਦਰ
NEXT STORY