ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਨੂੰ ਲੈ ਕੇ ਬੀਤੀ 27 ਮਾਰਚ ਨੂੰ ਹੋਈ ਮੀਟਿੰਗ ਜੋ ਐਨ ਮੌਕੇ ’ਤੇ ਮੁਅੱਤਲ ਕੀਤੀ ਗਈ ਤੋਂ ਬਾਅਦ ਇਹ ਚਰਚਾਵਾਂ ਦਾ ਜ਼ੋਰ ਸਿਖ਼ਰਾਂ ’ਤੇ ਰਿਹਾ ਕਿ ਆਉਣ ਵਾਲੇ ਸਮੇਂ ਵਿਚ ਵੱਡੀ ਰੱਦੋ-ਬੱਦਲ ਹੋ ਸਕਦੀ ਹੈ। ਉਸ ਮੀਟਿੰਗ ਤੋਂ ਬਾਅਦ ਹੀ ਲਗਾਤਾਰ ਕੌਂਸਲਰਾਂ ਦੇ ਵੱਖ-ਵੱਖ ਗੁੱਟਾਂ ਦੀਆਂ ਮੀਟਿੰਗਾਂ ਦਾ ਸਿਲਸਿਲਾ ਜ਼ੋਰਾਂ ’ਤੇ ਰਿਹਾ ਹੈ। ਇਕ ਪਾਸੇ ਜਿੱਥੇ ਕਾਂਗਰਸੀ ਪ੍ਰਧਾਨ ਦੀ ਅਗਵਾਈ ਵਾਲੀ ਨਗਰ ਕੌਸਲ ਦੇ ਕਾਂਗਰਸੀ ਕੌਂਸਲਰ ਹੀ ਦੋ ਗੁੱਟਾਂ ਵਿਚ ਵੰਡੇ ਨਜ਼ਰ ਆਏ ਅਤੇ ਪ੍ਰਧਾਨ ਤੋਂ ਨਿਰਾਸ਼ ਗੁੱਟ ਵੱਲੋਂ ਮੀਟਿੰਗ ਵਾਲੇ ਦਿਨ ਹੀ ਅਲੱਗ ਮੀਟਿੰਗ ਕੀਤੀ ਗਈ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਦੇ ਨਾਲ ਵੀ ਸਾਬਕਾ ਵਿਧਾਇਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਬੀਤੇ 10 ਦਿਨ ਵਿਚ 2 ਮੀਟਿੰਗਾਂ ਕੀਤੀਆਂ। ਫਿਲਹਾਲ ਸੂਤਰਾਂ ਤੋਂ ਨਿਕਲ ਕੇ ਸਾਹਮਣੇ ਜੋ ਖ਼ਬਰ ਆ ਰਹੀ ਹੈ ਉਸ ਅਨੁਸਾਰ ਕਾਂਗਰਸ, ਅਕਾਲੀ ਦਲ, ਆਮ ਆਦਮੀ ਪਾਰਟੀ ਦੇ ਵੱਡੀ ਗਿਣਤੀ ਕੌਸਲਰਾਂ ਵੱਲੋ ਆਉਣ ਵਾਲੇ ਹਫ਼ਤੇ ਦੀ ਸ਼ੁਰੂਆਤ ਵਿਚ ਹੀ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਵਿਰੁੱਧ ਬੇਭਰੋਸਗੀ ਮਤਾ ਲਿਆਉਣ ਦੀ ਯੋਜਨਾ ਉਲੀਕ ਲਈ ਹੈ।
ਇਹ ਬਣ ਰਿਹਾ ਗਣਿਤ ਜੋੜ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੇਭਰੋਸਯਗੀ ਮਤੇ ਲਈ ਹੁਣ ਤੱਕ 31 ਚੋਂ 23 ਕੌਂਸਲਰ ਇਕ ਰਾਇ ਹੋ ਚੁੱਕੇ ਹਨ। ਨਗਰ ਕੌਂਸਲ ਵਿਚ ਅਕਾਲੀ ਦਲ ਨਾਲ ਸਬੰਧਤ 10 ਕੌਂਸਲਰਾਂ ਅਤੇ ਇਕ ਕਾਂਗਰਸ ਛੱਡ ਅਕਾਲੀ ਦਲ ਵਿਚ ਆਏ ਕੌਂਸਲਰ ਸਮੇਤ 11 ਨੇ ਲਿਖਤੀ ਤੌਰ ’ਤੇ ਇਸ ਸਬੰਧੀ ਸਹਿਮਤ ਹਨ। ਕਾਂਗਰਸ ਦੇ 17 ਕੌਂਸਲਰਾਂ ’ਚੋਂ ਕਰੀਬ 9 ਇਸ ਮਾਮਲੇ ਵਿਚ ਇਕ ਮਤ ਹਨ ਅਤੇ ਉਨ੍ਹਾਂ ਬੀਤੇ ਸਮੇਂ ਵੱਖ ਤੌਰ ’ਤੇ ਮੀਟਿੰਗ ਵੀ ਕੀਤੀ । ਆਮ ਆਦਮੀ ਪਾਰਟੀ ਦੇ 2 ਕੌਸਲਰ ਅਤੇ ਇਕ ਅਜ਼ਾਦ ਕੌਂਸਲਰ ਵੀ ਫਿਲਹਾਲ ਵਿਰੋਧ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਬੀਤੇ ਸਮੇਂ ਹੋਈ ਮੀਟਿੰਗ ਵਿਚ ਇਨ੍ਹਾਂ ਕੌਸਲਰਾਂ ਦੀ ਸ਼ਮੂਲੀਅਤ ਵੀ ਨਜ਼ਰ ਆਈ।
ਕੀ ਕਹਿੰਦੇ ਹਨ ਨਿਯਮ
31 ਮੈਂਬਰੀ ਨਗਰ ਕੌਂਸਲ ਵਿਚ ਬੇਭਰੋਸਗੀ ਮਤਾ ਲਿਆਉਣ ਲਈ ਕੁੱਲ ਮੈਂਬਰਾਂ ਦਾ ਪੰਜਵਾਂ ਹਿੱਸਾ ਮੈਂਬਰਾਂ ਦੇ ਦਸਤਖ਼ਤਾਂ ਦੀ ਹੀ ਲੋੜ ਹੁੰਦੀ ਹੈ ਪਰ ਇੱਥੇ ਗਿਣਤੀ ਕਾਫ਼ੀ ਵਧਦੀ ਨਜ਼ਰ ਆ ਰਹੀ ਹੈ। ਬੇਭਰੋਸਗੀ ਮਤਾ ਜਦ ਕੌਂਸਲਰਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪ ਦਿੱਤਾ ਜਾਂਦਾ ਹੈ ਤਾਂ ਉਸ ਤੋਂ 14 ਦਿਨ ਦੇ ਵਿਚ ਪ੍ਰਧਾਨ ਵੱਲੋਂ 72 ਘੰਟਿਆਂ ਦਾ ਨੋਟਿਸ ਦੇ ਕੇ ਮੀਟਿੰਗ ਬੁਲਾ ਆਪਣੇ ਭਰੋਸੇ ਦਾ ਵੋਟ ਹਾਸਿਲ ਕਰਨਾ ਹੁੰਦਾ ਹੈ। ਇਸ ਭਰੋਸੇ ਦੇ ਵੋਟ ਲਈ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 31 ਕੌਂਸਲਰਾਂ ਅਤੇ ਇਕ ਵਿਧਾਇਕ ਦੀ ਵੋਟ ਦੇ ਅਧਾਰ ਤੇ ਪ੍ਰਧਾਨ ਨਗਰ ਕੌਂਸਲ ਨੂੰ 11 ਵੋਟਾਂ ਚਾਹੀਦੀਆਂ ਹਨ ਜਦਕਿ ਵਿਰੋਧੀ ਧਿਰ ਨੂੰ ਬੇਭਰੋਸਗੀ ਮਤਾ ਪਾਸ ਕਰਵਾਉਣ ਲਈ 22 ਵੋਟਾਂ ਦੀ ਲੋੜ ਹੋਵੇਗੀ।
ਕੀ ਕਹਿੰਦੇ ਸਾਬਕਾ ਅਕਾਲੀ ਵਿਧਾਇਕ
ਇਸ ਸਬੰਧੀ ਸਾਬਕਾ ਅਕਾਲੀ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਨੇ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ 11 ਕੌਂਸਲਰਾਂ ਨਾਲ ਉਨ੍ਹਾਂ ਨੇ ਮੀਟਿੰਗ ਕੀਤੀ ਹੈ ਅਤੇ ਸਾਰੇ ਕੌਂਸਲਰ ਇਕ ਜੁੱਟ ਹਨ। ਬੀਤੇ 1 ਸਾਲ ਤੋਂ ਸ਼ਹਿਰ ਵਿਚ ਵਿਕਾਸ ਦੇ ਕੰਮ ਨਹੀਂ ਹੋ ਰਹੇ ਅਤੇ ਜੋ ਮਤੇ ਪਾਏ ਜਾ ਰਹੇ ਹਨ ਉਨ੍ਹਾਂ ਵਿਚ ਵਾਰਡ ਦੇ ਕੌਂਸਲਰਾਂ ਦੀ ਸਲਾਹ ਨਹੀਂ ਲਈ ਜਾ ਰਹੀ। ਆਉਂਦੇ ਦਿਨਾਂ ਵਿਚ ਲੋਕਤੰਤਰਿਕ ਢੰਗ ਨਾਲ ਅਕਾਲੀ ਦਲ ਦੇ ਕੌਂਸਲਰ ਇੱਕਜੁੱਟ ਹੋ ਕਿ ਫੈਸਲਾ ਲੈਣਗੇ।
ਕੀ ਕਹਿੰਦੇ ਹਨ ਕਾਂਗਰਸੀ ਕੌਂਸ਼ਲਰ
ਨਗਰ ਕੌਂਸਲ ਪ੍ਰਧਾਨ ਦੇ ਵਿਰੋਧ ਵਿਚ ਖੜ੍ਹੇ ਕਾਂਗਰਸ ਦੇ ਕੌਂਸਲਰ ਜਿਨ੍ਹਾਂ ਨੇ ਬੀਤੇ ਸਮੇਂ ਦੌਰਾਨ ਵੱਖ ਤੌਰ ’ਤੇ ਮੀਟਿੰਗ ਵੀ ਕੀਤੀ ਨੇ ਉਸ ਸਮੇਂ ਇਹ ਗੱਲ ਸਪੱਸ਼ਟ ਤੌਰ ’ਤੇ ਆਖੀ ਕਿ ਉਨ੍ਹਾਂ ਦੀ ਪਾਰਟੀ ਨਾਲ ਸਬੰਧਿਤ ਪ੍ਰਧਾਨ ਹੋਣ ਦੇ ਬਾਵਜੂਦ ਵੀ ਨਗਰ ਕੌਂਸਲ ਦੇ ਵਿਕਾਸ ਕਾਰਜ ਜੋ ਕਾਗਜ਼ਾਂ ਵਿਖ ਵਿਖਾਏ ਜਾ ਰਹੇ ਹਨ ਉਹ ਜ਼ਮੀਨੀ ਪੱਧਰ ’ਤੇ ਨਹੀਂ ਹੋ ਰਹੇ ਅਤੇ ਵਾਰਡਾਂ ਦੇ ਕੰਮਾਂ ਵਿਚ ਉਨ੍ਹਾਂ ਦੀ ਰਾਇ ਤੱਕ ਨਹੀਂ ਲਈ ਜਾ ਰਹੀ।
ਫਿਲਹਾਲ ਪੂਰੇ ਹੌਂਸਲੇ ’ਚ, ਜੋ ਹੋਵੇਗਾ ਦੇਖਿਆ ਜਾਵੇਗਾ : ਪ੍ਰਧਾਨ
ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆ ਨੇ ਕਿਹਾ ਕਿ ਉਨ੍ਹਾਂ ਨੇ ਸ਼ਹਿਰ ਦੇ ਵਿਕਾਸ ਦੇ ਕਾਰਜ ਉਨ੍ਹਾਂ ਨੇ ਬਿਨ੍ਹਾਂ ਕਿਸੇ ਭੇਦਭਾਵ ਦੇ ਇਕ ਸਾਰ ਕੀਤੇ ਹਨ। ਕਾਂਗਰਸੀ ਕੌਂਸਲਰਾਂ ਦੇ ਹੀ ਵਿਰੋਧ ਸਬੰਧੀ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਕਿ ਪਤਾ ਨਹੀਂ ਹੁਣ ਉਨ੍ਹਾਂ ਦੇ ਹੀ ਵਿਚਾਰ ਕਿਉਂ ਬਦਲ ਗਏ ਹਨ ਜਦਕਿ ਹਰ ਕੰਮ ਵਿਚ ਰਾਇ ਲਈ ਗਈ ਹੈ। ਬੇਭਰੋਸਗੀ ਮਤੇ ਦੀਆ ਕਿਆਸਰਾਈਆਂ ਦੇ ਮਾਮਲੇ ਵਿਚ ਪ੍ਰਧਾਨ ਨੇ ਕਿਹਾ ਕਿ ਅੱਜ ਦੀ ਘੜੀ ਉਹ ਪੂਰੇ ਹੌਸਲੇ ਵਿਚ ਹਨ ਅਤੇ ਕਾਂਗਰਸ ਦੇ ਕਈ ਕੌਸਲਰ ਉਨ੍ਹਾਂ ਨਾਲ ਹਨ, ਭੱਵਿਖ ਵਿਚ ਜੋ ਹੋਵੇਗਾ ਉਹ ਵੇਖਿਆ ਜਾਵੇਗਾ।
ਹਿੰਮਤ ਛੱਡ ਚੁੱਕੇ ਪੁਰਸ਼ਾਂ ਲਈ ਖ਼ਾਸ ਖ਼ਬਰ
NEXT STORY