ਬੱਸੀ ਪਠਾਣਾਂ(ਰਾਜਕਮਲ)-ਵਾਰ-ਵਾਰ ਲੋਕਾਂ ਵਲੋਂ ਕੀਤੀ ਜਾ ਰਹੀ ਮੰਗ ਨੂੰ ਅਣਗੌਲਿਆਂ ਕਰਨ ਦਾ ਨਤੀਜਾ ਸਪੱਸ਼ਟ ਰੂਪ 'ਚ ਦਿਖਾਈ ਦੇ ਰਿਹਾ ਹੈ ਕਿ ਅੱਜ ਸਵੇਰੇ ਦੋ ਘੰਟੇ ਪਈ ਬਰਸਾਤ ਨੇ ਪੂਰਾ ਬੱਸੀ ਪਠਾਣਾਂ ਹੀ ਡੁਬੋ ਦਿੱਤਾ। ਇਸ ਨੂੰ ਕੁਦਰਤੀ ਆਫ਼ਤ ਨਹੀਂ ਸਗੋਂ ਪ੍ਰਸ਼ਾਸਨ ਤੇ ਸਬੰਧਿਤ ਵਿਭਾਗ ਦੀ ਅਣਗਹਿਲੀ ਕਿਹਾ ਜਾ ਸਕਦਾ। ਹਲਕੀ ਜਿਹੀ ਬਰਸਾਤ ਵਿਚ ਹੀ ਵੱਖ-ਵੱਖ ਥਾਵਾਂ 'ਤੇ ਬਰਸਾਤੀ ਪਾਣੀ ਖੜ੍ਹਾ ਹੋ ਜਾਂਦਾ ਹੈ। ਸਬੰਧਿਤ ਵਿਭਾਗ ਮੋਟਰਾਂ ਨਾਲ ਪਾਣੀ ਕੱਢ ਕੇ ਮਹਿਜ਼ ਖਾਨਾਪੂਰਤੀ ਹੀ ਕਰਦਾ ਹੈ। ਦੂਜੇ ਪਾਸੇ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਕਰਨ ਵਾਲੀ ਨਗਰ ਕੌਂਸਲ ਖੁਦ ਇਸ ਸਥਿਤੀ ਨਾਲ ਜੂਝ ਰਹੀ ਹੈ। ਜਦੋਂ 'ਜਗ ਬਾਣੀ' ਦੀ ਟੀਮ ਵਲੋਂ ਸ਼ਹਿਰ ਦਾ ਦੌਰਾ ਕੀਤਾ ਗਿਆ ਤਾਂ ਇਸ ਦੌਰਾਨ ਨਗਰ ਕੌਂਸਲ ਦਾ ਪੁਰਾਣਾ ਰਿਕਾਰਡ ਤੇ ਹੋਰ ਦਸਤਾਵੇਜ਼ ਕਰਮਚਾਰੀ ਸੁਕਾਉਂਦੇ ਨਜ਼ਰ ਆਏ ਤੇ ਜੋ ਕਮਰੇ ਨੀਵੇਂ ਸਨ ਉਨ੍ਹਾਂ ਵਿਚ ਭਰਿਆ ਪਾਣੀ ਕੱਢਦੇ ਦਿਖਾਈ ਦਿੱਤੇ। ਇੰਨਾ ਹੀ ਨਹੀਂ, ਬੱਸ ਸਟੈਂਡ ਸਾਹਮਣੇ ਬਣੇ ਪੈਟਰੋਲ ਪੰਪ 'ਤੇ ਬਰਸਾਤੀ ਪਾਣੀ ਇਸ ਕਦਰ ਫ਼ੈਲ ਜਾਂਦਾ ਹੈ ਕਿ ਕਿਸੇ ਵੀ ਵਾਹਨ ਚਾਲਕ ਦੀ ਪੰਪ 'ਤੇ ਤੇਲ ਪਵਾਉਣ ਦੀ ਹਿੰਮਤ ਨਹੀਂ ਪੈਂਦੀ। ਦੂਜੇ ਪਾਸੇ ਅਨਾਜ ਮੰਡੀ ਵੀ ਸਮੁੰਦਰ ਦਾ ਰੂਪ ਧਾਰਨ ਕਰ ਚੁੱਕੀ ਹੈ। ਇਥੋਂ ਤਕ ਕਿ ਬਿਜਲੀ ਦੇ ਬਕਸੇ ਪਾਣੀ 'ਚ ਡੁੱਬ ਚੁੱਕੇ ਹਨ। ਜੇਕਰ ਪ੍ਰਸ਼ਾਸਨਿਕ ਤੇ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਚਾਹੁਣ ਤਾਂ ਸਰਕਾਰ ਤੋਂ ਸਪੈਸ਼ਲ ਗਰਾਂਟ ਪਵਾ ਕੇ ਬੱਸੀ ਸ਼ਹਿਰ ਦੀ ਗੰਦੇ ਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕਰ ਸਕਦੇ ਹਨ।
ਕੀ ਕਹਿੰਦੇ ਹਨ ਨਗਰ ਕੌਂਸਲ ਦੇ ਪ੍ਰਧਾਨ?
ਜਦੋਂ ਇਸ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਰਮੇਸ਼ ਗੁਪਤਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸ਼ਹਿਰ ਵਿਚੋਂ ਬਰਸਾਤੀ ਪਾਣੀ ਦੀ ਨਿਕਾਸੀ ਯਕੀਨੀ ਬਣਾਉਣ ਲਈ ਅੱਜ ਤੋਂ ਹੀ ਨਾਲਿਆਂ ਦੀ ਸਫ਼ਾਈ ਜੰਗੀ ਪੱਧਰ 'ਤੇ ਸ਼ੁਰੂ ਕਰਵਾਈ ਜਾ ਰਹੀ ਹੈ ਤੇ ਜਿਨ੍ਹਾਂ ਇਲਾਕਿਆਂ ਵਿਚ ਜ਼ਿਆਦਾ ਪਾਣੀ ਖੜ੍ਹਾ ਹੈ, ਉਨ੍ਹਾਂ ਦਾ ਦੌਰਾ ਕਰ ਕੇ ਪਹਿਲ ਦੇ ਆਧਾਰ 'ਤੇ ਮੋਟਰਾਂ ਰਾਹੀਂ ਇਹ ਪਾਣੀ ਕਢਵਾਇਆ ਜਾਵੇਗਾ। ਨਗਰ ਕੌਂਸਲ ਵਿਚ ਬਰਸਾਤੀ ਪਾਣੀ ਕਾਰਨ ਖਰਾਬ ਹੋ ਰਹੇ ਰਿਕਾਰਡ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਰਿਕਾਰਡ ਰੂਮ ਤੇ ਹੋਰ ਨੀਵੇਂ ਕਮਰਿਆਂ ਨੂੰ ਉਚਾ ਕਰਨ ਸਬੰਧੀ ਜਲਦ ਹੀ ਟੈਂਡਰ ਲਗਾਏ ਜਾਣਗੇ, ਜਿਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਸਾਰੇ ਕਮਰੇ ਇਕ ਬਰਾਬਰ ਕਰਵਾ ਦਿੱਤੇ ਜਾਣਗੇ।
ਨਸ਼ੇ ਵਾਲੇ ਟੀਕਿਆਂ ਸਮੇਤ 2 ਗ੍ਰਿਫ਼ਤਾਰ
NEXT STORY